ਮਾਂ ਦੀ ਜਾਨ ਬਚਾਉਣ ਲਈ ਬੇਟੀ ਨੇ ਦਾਨ ਕੀਤੀ ਕਿਡਨੀ
Saturday, Mar 16, 2019 - 09:12 AM (IST)
ਚੰਡੀਗੜ੍ਹ : ਜਵਾਨੀ 'ਚ ਜਦੋਂ ਸਾਰੇ ਆਪਣੇ ਕਰੀਅਰ ਅਤੇ ਬਿਹਤਰ ਜ਼ਿੰਦਗੀ ਵੱਲ ਕਦਮ ਵਧਾ ਰਹੇ ਹੁੰਦੇ ਹਨ ਤਾਂ ਅਕਸਰ ਉਹ ਸਿਰਫ ਆਪਣੇ ਬਾਰੇ ਸੋਚਦੇ ਹਨ ਪਰ ਮੋਹਾਲੀ ਵਾਸੀ ਇਹ ਲੜਕੀ ਠੀਕ ਇਸ ਦੇ ਉਲਟ ਸੋਚ ਰੱਖਦੀ ਸੀ। ਮੋਹਾਲੀ ਵਾਸੀ ਪ੍ਰਾਕ੍ਰਿਤੀ ਨੇ ਉਸ ਸਮੇਂ ਦੂਜੀ ਵਾਰ ਵੀ ਨਹੀਂ ਸੋਚਿਆ ਜਦੋਂ ਡਾਕਟਰਾਂ ਨੇ ਉਨ੍ਹਾਂ ਦੀ ਮਾਂ ਅਨੀਤਾ ਛਾਬੜਾ ਦੀ ਕਿਡਨੀ ਟ੍ਰਾਂਸਪਲਾਂਟ ਦੀ ਗੱਲ ਕਹੀ। ਪ੍ਰਾਕ੍ਰਿਤੀ ਨੇ ਤੁਰੰਤ ਆਪਣੀ ਮਾਂ ਨੂੰ ਆਪਣੀ ਕਿਡਨੀ ਦੇਣ ਦੀ ਪੇਸ਼ਕਸ਼ ਕੀਤੀ। ਉਹ ਸਵੈ ਇੱਛਾ ਨਾਲ ਅੱਗੇ ਆਈ ਅਤੇ ਆਪਣੀ ਮਾਂ ਲਈ ਆਪਣੀ ਕਿਡਨੀ ਦੇਣ ਦੀ ਇੱਛਾ ਪ੍ਰਗਟਾਈ, ਜੋ ਕਿ ਕਿਡਨੀ ਦੀ ਸਮੱਸਿਆ ਕਾਰਨ ਕਾਫੀ ਦਰਦ 'ਚੋਂ ਲੰਘ ਰਹੀ ਸੀ। ਅਨੀਤਾ ਦੀ ਮੋਹਾਲੀ ਦੇ ਆਈ.ਵੀ. ਹਸਪਤਾਲ 'ਚ ਕਿਡਨੀ ਟ੍ਰਾਂਸਪਲਾਂਟ ਕੀਤੀ ਗਈ। ਪ੍ਰਾਕ੍ਰਿਤੀ ਨੇ ਕਿਹਾ ਕਿ ਮੇਰੇ ਲਈ ਮੇਰੀ ਮਾਂ ਹੀ ਸਭ ਕੁਝ ਹੈ ਅਤੇ ਉਹ ਮੇਰੀ ਪੂਰੀ ਦੁਨੀਆ ਹੈ। ਇੰਨੀ ਘੱਟ ਉਮਰ 'ਚ ਇਸ ਤਰ੍ਹਾਂ ਦਾ ਸਾਹਸ ਅਤੇ ਆਪਣੀ ਮਾਂ ਪ੍ਰਤੀ ਆਪਣੇ ਪਿਆਰ ਦੇ ਪ੍ਰਦਰਸ਼ਨ ਲਈ ਪ੍ਰਾਕ੍ਰਿਤੀ ਨੂੰ ਡਾ. ਕੰਵਲਦੀਪ, ਮੈਡੀਕਲ ਡਾਇਰੈਕਟਰ ਆਈ. ਵੀ. ਹਸਪਤਾਲ ਅਤੇ ਡਾ. ਰਾਕਾ ਕੌਸ਼ਲ, ਡਾਇਰੈਕਟਰ ਨੇਫ੍ਰੋਲਾਜੀ ਵਲੋਂ ਆਈ. ਵੀ. ਹਸਪਤਾਲ 'ਚ ਇਕ ਵਿਸ਼ੇਸ਼ ਸਮਾਰੋਹ 'ਚ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।