ਚੰਡੀਗੜ੍ਹ ''ਚ ਇਕ ਹੋਰ ਕੋਰੋਨਾ ਮਰੀਜ਼ ਦੀ ਮੌਤ
Thursday, Jul 16, 2020 - 01:28 AM (IST)
ਚੰਡੀਗੜ੍ਹ,(ਪਾਲ)- ਸ਼ਹਿਰ 'ਚ ਬੁੱਧਵਾਰ ਨੂੰ ਇਕ ਹੋਰ ਕੋਵਿਡ ਮਰੀਜ਼ ਦੀ ਮੌਤ ਹੋ ਗਈ। ਮਰੀਜ਼ ਸੈਕਟਰ-19 ਦਾ 78 ਸਾਲਾ ਬਜ਼ੁਰਗ ਸੀ। ਪੰਚਕੂਲਾ ਦੇ ਸਿਵਲ ਹਸਪਤਾਲ ਵਿਚ 14 ਜੁਲਾਈ ਨੂੰ ਬਜ਼ੁਰਗ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਉਹ ਪਿਛਲੇ ਤਿੰਨ ਦਿਨਾਂ ਤੋਂ ਉੱਥੇ ਹੀ ਦਾਖਲ ਸੀ। ਦੱਸਿਆ ਜਾ ਰਿਹਾ ਹੈ ਕਿ ਮਰੀਜ਼ ਨੂੰ ਕਾਫ਼ੀ ਸਮੇਂ ਤੋਂ ਦਿਲ ਦੀ ਬੀਮਾਰੀ ਸੀ। ਨਾਲ ਹੀ ਕੋਰਨਰੀ ਆਰਟੀ ਵਿਚ ਵੀ ਪ੍ਰੇਸ਼ਾਨੀ ਸੀ। ਸਾਹ ਲੈਣ ਵਿਚ ਮੁਸ਼ਕਿਲ ਬਣੀ ਹੋਈ ਸੀ, ਜਿਸ ਲਈ ਆਕਸੀਜਨ ਦੀ ਮਦਦ ਲਈ ਜਾ ਰਹੀ ਸੀ। ਮਰੀਜ਼ ਨੂੰ ਕੋਵਿਡ ਐਮਰਜੈਂਸੀ ਵਿਚ ਹੀ ਦਾਖਲ ਕੀਤਾ ਗਿਆ ਸੀ, ਜਿੱਥੇ ਉਸਦੇ ਸੈਂਪਲ ਲੈ ਕੇ ਜਾਂਚ ਲਈ ਵੀ ਭੇਜ ਦਿੱਤੇ ਗਏ ਸਨ। ਸਿਹਤ ਖ਼ਰਾਬ ਹੋਈ ਤਾਂ ਮੰਗਲਵਾਰ ਰਾਤ 10 ਵਜੇ ਤੋਂ ਬਾਅਦ ਕੋਵਿਡ ਆਈ. ਸੀ. ਯੂ. ਵਿਚ ਸ਼ਿਫਟ ਕੀਤਾ ਗਿਆ। ਰਾਤ 11:30 ਵਜੇ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਗਈ ਅਤੇ ਬਜ਼ੁਰਗ ਦੀ ਸਿਹਤ ਹੋਰ ਵਿਗੜ ਗਈ। ਬੁੱਧਵਾਰ ਤੜਕੇ 5:40 ਵਜੇ ਉਸਦੀ ਮੌਤ ਹੋ ਗਈ। ਚੰਡੀਗੜ੍ਹ ਸੈਕਟਰ-25 ਸ਼ਮਸ਼ਾਨਘਾਟ ਵਿਚ ਪੂਰੀ ਸਾਵਧਾਨੀ ਨਾਲ ਸ਼ਾਮ 5:30 ਵਜੇ ਅੰਤਿਮ ਸਸਕਾਰ ਕੀਤਾ ਗਿਆ। ਬਜ਼ੁਰਗ ਦੇ ਚਾਰ ਪਰਿਵਾਰਕ ਸੰਪਰਕ ਅਤੇ ਇਕ ਮੇਡ ਹੈ, ਜੋ ਉਸਦੇ ਸੰਪਰਕ ਵਿਚ ਆਏ ਸਨ। ਇਹ ਲਗਾਤਾਰ ਦੂਜਾ ਦਿਨ ਹੈ, ਜਦੋਂ ਸ਼ਹਿਰ ਵਿਚ ਕਿਸੇ ਕੋਰੋਨਾ ਮਰੀਜ਼ ਦੀ ਮੌਤ ਹੋਈ ਹੈ। ਮੰਗਲਵਾਰ ਨੂੰ ਦੋ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋਈ ਸੀ। ਸ਼ਹਿਰ ਵਿਚ ਕੋਰੋਨਾ ਦੇ 19 ਨਵੇਂ ਮਰੀਜ਼ ਸਾਹਮਣੇ ਆਏ, ਜਿਨ੍ਹਾਂ ਵਿਚ ਇਕ ਬਜ਼ੁਰਗ ਦੀ ਮੌਤ ਹੋ ਗਈ। ਸ਼ਹਿਰ ਵਿਚ ਕੁਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਹੁਣ 619 ਹੋ ਗਈ। ਐਕਟਿਵ ਕੇਸ 149 ਹਨ। ਹਾਲੇ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੁੱਧਵਾਰ ਨੂੰ 13 ਮਰੀਜ਼ ਠੀਕ ਹੋ ਕੇ ਡਿਸਚਾਰਜ ਵੀ ਹੋਏ।
ਇਨ੍ਹਾਂ ਵਿਚ ਹੋਈ ਵਾਇਰਸ ਦੀ ਪੁਸ਼ਟੀ
ਸੈਕਟਰ-46 ਤੋਂ ਇਕ ਹੀ ਪਰਿਵਾਰ ਦੇ ਦੋ ਲੋਕਾਂ 'ਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਮਰੀਜ਼ਾਂ ਵਿਚ 25 ਸਾਲਾ ਨੌਜਵਾਨ ਅਤੇ 56 ਸਾਲਾ ਵਿਅਕਤੀ ਹੈ। ਪਰਿਵਾਰ ਵਿਚ ਪਹਿਲਾਂ ਤੋਂ ਪਾਜ਼ੇਟਿਵ ਕੇਸ ਹੈ। ਬਾਪੂਧਾਮ ਤੋਂ ਵੀ 30 ਸਾਲ ਦੇ ਨੌਜਵਾਨ ਅਤੇ 65 ਸਾਲ ਦੇ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਹ ਦੋਵੇਂ ਪੰਚਕੂਲਾ ਦੇ ਮਰੀਜ਼ ਦੇ ਸੰਪਰਕ ਵਿਚ ਆਏ ਸਨ। ਸੈਕਟਰ-25 ਤੋਂ 36 ਸਾਲਾ ਨੌਜਵਾਨ ਵਿਚ ਵਾਇਰਸ ਪਾਇਆ ਗਿਆ। ਇਨਫੈਕਸ਼ਨ ਦਾ ਸਰੋਤ ਹਾਲੇ ਨਹੀਂ ਪਤਾ ਹੈ। ਪਰਿਵਾਰ ਵਿਚ 4 ਲੋਕ ਹਨ। ਸੈਕਟਰ-63 ਤੋਂ 29 ਸਾਲਾ ਲੜਕੀ ਵਿਚ ਕੋਰੋਨਾ ਪਾਇਆ ਗਿਆ ਹੈ। ਲੜਕੀ ਸੋਹਾਨਾ ਦੇ ਸਿਵਲ ਹਸਪਤਾਲ ਵਿਚ ਡਾਕਟਰ ਹੈ। ਸੈਕਟਰ-29 ਤੋਂ 30 ਸਾਲਾ ਨੌਜਵਾਨ ਅਤੇ 27 ਸਾਲਾ ਲੜਕੀ ਪਾਜ਼ੇਟਿਵ ਹਨ। ਇਨ੍ਹਾਂ ਦੇ ਪਰਿਵਾਰ ਵਿਚ 8 ਲੋਕ ਹਨ, ਜਿਨ੍ਹਾਂ ਦੀ ਸੈਂਪਲਿੰਗ ਕੀਤੀ ਗਈ ਹੈ। ਰਾਏਪੁਰ ਖੁਰਦ ਤੋਂ 44 ਸਾਲਾ ਵਿਅਕਤੀ ਵਿਚ ਵਾਇਰਸ ਪਾਇਆ ਗਿਆ ਹੈ। ਇਸਦੇ ਵੀ ਇਨਫੈਕਸ਼ਨ ਦਾ ਸਰੋਤ ਹਾਲੇ ਪਤਾ ਨਹੀਂ ਹੈ। ਧਨਾਸ ਤੋਂ 53 ਸਾਲਾ ਵਿਅਕਤੀ ਪਾਜ਼ੇਟਿਵ ਆਇਆ ਹੈ। ਇਕ ਦਿਨ ਪਹਿਲਾਂ ਇਸਦੇ ਪਰਿਵਾਰ ਵਿਚ ਪਹਿਲਾ ਕੇਸ ਸਾਹਮਣੇ ਆਇਆ ਸੀ। ਬੁੜੈਲ ਤੋਂ 48 ਅਤੇ 45 ਸਾਲਾ ਦੋ ਲੋਕਾਂ ਵਿਚ ਕੋਰੋਨਾ ਪਾਇਆ ਗਿਆ ਹੈ। ਸੈਕਟਰ-45 ਦੇ ਪਹਿਲਾਂ ਤੋਂ ਇਨਫੈਕਟਿਡ ਮਰੀਜ਼ ਦਾ ਕੰਮਿਊਨਿਟੀ ਸੰਪਰਕ ਇਨ੍ਹਾਂ ਲੋਕਾਂ ਦੇ ਨਾਲ ਸੀ। ਸੈਕਟਰ-48 ਤੋਂ 45 ਸਾਲਾ ਵਿਅਕਤੀ ਹੈ। ਪਰਿਵਾਰ ਵਿਚ 3 ਲੋਕ ਹਨ, ਜੋ ਹਾਲੇ ਆਈ. ਵੀ. ਵਾਈ. ਹਸਪਤਾਲ ਵਿਚ ਹਨ। ਧਨਾਸ ਤੋਂ 57 ਸਾਲਾ ਵਿਅਕਤੀ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਇਕ ਦਿਨ ਪਹਿਲਾਂ ਪਰਿਵਾਰ ਵਿਚ ਪਹਿਲਾ ਕੇਸ ਆਇਆ ਸੀ। ਸੈਕਟਰ-38 ਤੋਂ 36 ਸਾਲਾ ਲੜਕੀ ਵੀ ਪਾਜ਼ੇਟਿਵ ਹੈ। ਪਰਿਵਾਰ ਵਿਚ ਦੋ ਲੋਕ ਹਨ, ਜਿਨ੍ਹਾਂ ਵਿਚ ਫਿਲਹਾਲ ਲੱਛਣ ਨਹੀਂ ਹਨ। ਸੈਕਟਰ-48 ਤੋਂ 60 ਸਾਲਾ ਬਜ਼ੁਰਗ ਅਤੇ 57 ਸਾਲਾ ਔਰਤ ਪਾਜ਼ੇਟਿਵ ਆਈ ਹੈ। ਇਨਫੈਕਸ਼ਨ ਦੇ ਸਰੋਤ ਦਾ ਹਾਲੇ ਪਤਾ ਨਹੀਂ ਚੱਲ ਸਕਿਆ ਹੈ।