ਅਕਾਲੀ ਦਲ ਵਲੋਂ ਸਿੱਕਿਮ ਦੇ ਮੁੱਖ ਮੰਤਰੀ ਨੂੰ ਗੁਰਦੁਆਰਾ ''ਗੁਰੂ ਡਾਂਗਮਾਰ'' ਸਿੱਖਾਂ ਨੂੰ ਸੌਂਪੇ ਜਾਣ ਦੀ ਅਪੀਲ

Wednesday, Jun 19, 2019 - 11:43 AM (IST)

ਚੰਡੀਗੜ੍ਹ/ਅੰਮ੍ਰਿਤਸਰ (ਰਮਨਜੀਤ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਇਕ ਵਫ਼ਦ ਨੇ ਅੱਜ ਸਿੱਕਿਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਾਮੰਗ ਨੂੰ ਅਪੀਲ ਕੀਤੀ ਹੈ ਕਿ ਉਹ ਉਤਰੀ ਸਿੱਕਿਮ 'ਚ ਪੈਂਦੇ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਨੂੰ ਸਿੱਖਾਂ ਨੂੰ ਸੌਂਪ ਦੇਣ। ਇਸ ਤੋਂ ਇਲਾਵਾ ਸਿੱਖਾਂ ਨੂੰ ਇਸ ਦਾ ਪ੍ਰਬੰਧ ਚਲਾਉਣ ਦੀ ਵੀ ਆਗਿਆ ਦਿੱਤੀ ਜਾਵੇ। 

ਮੰਗਲਵਾਰ ਸ਼ਾਮ ਦਿੱਲੀ ਵਿਖੇ ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਅਕਾਲੀ ਦਲ ਦੇ ਵਫਦ, ਜਿਸ 'ਚ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਬਾਦਲ ਵੀ ਸ਼ਾਮਲ ਸਨ, ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਕਿਸ ਤਰ੍ਹਾਂ ਸਥਾਨਕ ਨਗਰ ਪਾਲਿਕਾ ਦੇ ਅਧਿਕਾਰੀਆਂ ਨੇ 2017 ਵਿਚ ਗੁਰਦੁਆਰਾ ਸਾਹਿਬ ਅੰਦਰ ਸੁਸ਼ੋਭਿਤ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਗੁਰਦੁਆਰਾ ਸਾਹਿਬ ਦੀਆਂ ਸਾਰੀਆਂ ਵਸਤਾਂ ਨੂੰ ਜ਼ਬਰਦਸਤੀ ਬਾਹਰ ਕੱਢ ਕੇ ਸੜਕ ਵਿਚਕਾਰ ਰੱਖ ਦਿੱਤਾ ਸੀ। ਹਰਸਿਮਰਤ ਨੇ ਕਿਹਾ ਕਿ ਗੁਰੂਘਰ ਦੀ ਇਮਾਰਤ ਨੂੰ ਤੋੜ ਕੇ ਇਸ ਦੀ ਥਾਂ ਇਕ ਬੋਧੀਮੱਠ ਬਣਾਉਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੁਨੀਆਭਰ ਦੇ ਸਿੱਖ ਚਾਹੁੰਦੇ ਹਨ ਕਿ ਇਸ ਇਮਾਰਤ ਨੂੰ ਗੁਰੂ ਘਰ ਹੀ ਰਹਿਣ ਦਿੱਤਾ ਜਾਵੇ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਹ ਅਪੀਲ ਸਵੀਕਾਰ ਕਰਨ ਦੀ ਬੇਨਤੀ ਕੀਤੀ। ਤਾਮੰਗ ਨੇ ਅਕਾਲੀ ਦਲ ਦੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮੁੱਦੇ ਦੀ ਤਹਿ ਤੱਕ ਜਾਣਗੇ ਅਤੇ ਸਿੱਖਾਂ ਦੀ ਤਸੱਲੀ ਮੁਤਾਬਕ ਇਸ ਦਾ ਹੱਲ ਕੱਢਣਗੇ।


Baljeet Kaur

Content Editor

Related News