ਦਸ ਦਿਨਾਂ ਦੀ ''ਆਪ'' ਦੀ ਉਮੀਦਵਾਰੀ ਪਰ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਹੀ ਹੋਵੇਗੀ ਖਤਮ
Sunday, Apr 28, 2019 - 09:27 AM (IST)
ਚੰਡੀਗੜ੍ਹ (ਸ਼ਰਮਾ) : ਬੀਤੀ 16 ਅਪ੍ਰੈਲ ਨੂੰ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਹਰਬੰਸ ਕੌਰ ਦੂਲੋ ਨੂੰ ਪਾਰਟੀ 'ਚ ਸ਼ਾਮਲ ਕਰ ਕੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਜਿੰਨੀ ਉਤਸ਼ਾਹਿਤ ਨਜ਼ਰ ਆਈ ਸੀ ਅੱਜ ਦਸ ਦਿਨ ਬਾਅਦ ਓਨੀ ਹੀ ਨਿਰਾਸ਼ ਹੈ। ਦਸ ਦਿਨ ਪਹਿਲਾਂ ਪਾਰਟੀ ਦੇ ਉਤਸ਼ਾਹ ਦਾ ਆਲਮ ਇਹ ਸੀ ਕਿ ਜਲੰਧਰ ਦੇ ਪੰਜਾਬ ਪ੍ਰੈੱਸ ਕਲੱਬ 'ਚ ਹਰਬੰਸ ਕੌਰ ਨੂੰ ਪਾਰਟੀ 'ਚ ਸ਼ਾਮਲ ਕਰਨ ਸਬੰਧੀ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਹੀ ਹਰਬੰਸ ਕੌਰ ਨੂੰ ਫਤਿਹਗੜ੍ਹ ਸਾਹਿਬ ਚੋਣ ਖੇਤਰ ਤੋਂ ਪਾਰਟੀ ਦਾ ਉਮੀਦਵਾਰ ਵੀ ਐਲਾਨ ਦਿੱਤਾ ਸੀ। ਇਸ ਮੌਕੇ ਪਾਰਟੀ ਦੇ ਚੋਣ ਪ੍ਰਚਾਰ ਕਮੇਟੀ ਦੇ ਪ੍ਰਧਾਨ ਅਮਨ ਅਰੋੜਾ ਸਣੇ ਕਈ ਸੀਨੀਅਰ ਨੇਤਾ ਮੌਜੂਦ ਸਨ ਪਰ ਪਾਰਟੀ ਲਈ ਹੁਣ ਨਿਰਾਸ਼ਾ ਦਾ ਆਲਮ ਇਹ ਹੈ ਕਿ ਹਰਬੰਸ ਕੌਰ ਆਪਣਾ ਨਾਮਜ਼ਦਗੀ ਪੱਤਰ ਭਰਨ ਦੀ ਚਾਹਵਾਨ ਹੀ ਨਹੀਂ। ਪਾਰਟੀ ਨਾਲ ਜੁੜੇ ਸੂਤਰਾਂ ਅਨੁਸਾਰ ਹਰਬੰਸ ਕੌਰ ਨੇ ਸ਼ੁੱਕਰਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਭਰਨਾ ਸੀ ਪਰ ਉਨ੍ਹਾਂ ਨੇ ਇਸ ਦੀ ਜ਼ਹਿਮਤ ਨਹੀਂ ਉਠਾਈ। ਇਸ ਸੀਟ ਲਈ ਉਮੀਦਵਾਰ ਨੂੰ ਲੈ ਕੇ ਸ਼ੋਸ਼ਪੰਜ 'ਚ ਫਸੀ ਪਾਰਟੀ ਦੇ ਵਿਧਾਇਕ ਦਲ ਦੀ ਸ਼ਨੀਵਾਰ ਨੂੰ ਚੰਡੀਗੜ੍ਹ 'ਚ ਆਯੋਜਿਤ ਬੈਠਕ 'ਚ ਵੀ ਚਰਚਾ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਰਟੀ ਇਸ ਸੀਟ 'ਤੇ ਨਵੇਂ ਉਮੀਦਵਾਰ ਦਾ ਐਲਾਨ ਐਤਵਾਰ ਨੂੰ ਕਰ ਸਕਦੀ ਹੈ, ਕਿਉਂਕਿ ਸੋਮਵਾਰ 29 ਅਪ੍ਰੈਲ ਨੂੰ ਨਾਮਜ਼ਦਗੀ ਪੱਤਰ ਭਰਨ ਦਾ ਅੰਤਿਮ ਦਿਨ ਹੈ।
ਹਰਬੰਸ ਕੌਰ ਦੀ ਲਾਚਾਰੀ ਦਾ ਇਹ ਰਿਹਾ ਕਾਰਨ
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਮਸ਼ੇਰ ਸਿੰਘ ਦੂਲੋ ਬੇਸ਼ਕ ਕਈ ਮੁੱਦਿਆਂ 'ਤੇ ਰਾਜ ਦੀ ਕੈਪਟਨ ਸਰਕਾਰ ਨੂੰ ਘੇਰਦੇ ਰਹੇ ਹੋਣ, ਪਰ ਉਨ੍ਹਾਂ ਦੀ ਪਤਨੀ ਹਰਬੰਸ ਕੌਰ ਵਲੋਂ ਆਮ ਆਦਮੀ ਪਾਰਟੀ ਜੁਆਇੰਨ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਹਾਈਕਮਾਨ ਵਲੋਂ ਮਿਲੀ ਘੁਰਕੀ ਕਾਰਨ ਬਿਆਨ ਦੇਣਾ ਪਿਆ ਕਿ ਉਹ ਹਰਬੰਸ ਕੌਰ ਲਈ ਚੋਣ ਪ੍ਰਚਾਰ ਨਹੀਂ ਕਰਨਗੇ। ਇਹੀ ਨਹੀਂ ਮਾਮਲੇ ਨੂੰ ਲੈ ਕੇ ਦੂਲੋ ਪਰਿਵਾਰ 'ਚ ਇਕ ਰਾਏ ਨਾ ਹੋਣ ਕਾਰਨ ਹਰਬੰਸ ਕੌਰ ਨੂੰ ਮਜਬੂਰਨ ਉਕਤ ਕਦਮ ਚੁੱਕਣਾ ਪਿਆ। ਇਸ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਵੀ ਕਿਹਾ ਸੀ ਕਿ ਇਹ ਸ਼ਮਸ਼ੇਰ ਸਿੰਘ ਦੂਲੋ ਨੇ ਦੇਖਣਾ ਅਤੇ ਸਮਝਣਾ ਹੈ ਕਿ ਉਹ ਪਤਨੀ ਧਰਮ ਜਾਂ ਪਾਰਟੀ ਧਰਮ 'ਚੋਂ ਕਿਸ ਨੂੰ ਚੁਣਦੇ ਹਨ। ਮਾਮਲੇ ਨੂੰ ਦੂਲੋ ਦਾ ਪਰਿਵਾਰਿਕ ਮਾਮਲਾ ਕਹਿੰਦਿਆਂ ਜਾਖੜ ਨੇ ਇਸ ਨੂੰ ਘਰ 'ਚ ਹੀ ਸੁਲਝਾਉਣ ਦੀ ਸਲਾਹ ਦਿੱਤੀ ਸੀ।
ਚੌਂਦਾ ਦੀ ਉਮੀਦਵਾਰੀ ਬਦਲ ਕੇ ਹਰਬੰਸ ਕੌਰ ਨੂੰ ਐਲਾਨਿਆ ਸੀ ਉਮੀਦਵਾਰ
ਇਸ ਸੀਟ 'ਤੇ ਪਾਰਟੀ ਪਹਿਲਾਂ ਹੀ ਵਾਲੰਟੀਅਰ ਬਲਜਿੰਦਰ ਸਿੰਘ ਚੌਂਦਾ ਨੂੰ ਉਮੀਦਵਾਰ ਐਲਾਨ ਚੁੱਕੀ ਸੀ ਪਰ ਹਰਬੰਸ ਕੌਰ ਵਲੋਂ 16 ਅਪ੍ਰੈਲ ਨੂੰ ਪਾਰਟੀ ਜੁਆਇਨ ਕਰਨ ਸਮੇਂ ਪਾਰਟੀ ਨੇ ਚੌਂਦਾ ਦੀ ਜਗ੍ਹਾ ਫ਼ਤਿਹਗੜ੍ਹ ਸਾਹਿਬ ਤੋਂ ਪਾਰਟੀ ਉਮੀਦਵਾਰ ਐਲਾਨਿਆ ਸੀ। ਨਵੇਂ ਘਟਨਾਕ੍ਰਮ ਤੋਂ ਬਾਅਦ ਸੰਭਵ ਹੈ ਕਿ ਪਾਰਟੀ ਮੁੜ ਚੌਂਦਾ ਨੂੰ ਹੀ ਪਾਰਟੀ ਦਾ ਆਧਿਕਾਰਕ ਉਮੀਦਵਾਰ ਐਲਾਨ ਕਰ ਸਕਦੀ ਹੈ।
ਚੌਂਦਾ ਅਤੇ ਖੇਤਰ ਦੇ ਹੋਰ ਵਾਲੰਟੀਅਰਾਂ ਦੇ ਕਹਿਣ 'ਤੇ ਹੀ ਚੌਂਦਾ ਦੀ ਜਗ੍ਹਾ ਹਰਬੰਸ ਕੌਰ ਦੂਲੋ ਨੂੰ ਫ਼ਤਿਹਗੜ੍ਹ ਸਾਹਿਬ ਤੋਂ ਪਾਰਟੀ ਉਮੀਦਵਾਰ ਐਲਾਨਿਆ ਗਿਆ ਸੀ। ਚੌਂਦਾ ਨੇ ਆਪ ਕਿਹਾ ਸੀ ਕਿ ਉਨ੍ਹਾਂ ਦੀ ਜਗ੍ਹਾ ਹਰਬੰਸ ਕੌਰ ਬਿਹਤਰ ਉਮੀਦਵਾਰ ਹੋ ਸਕਦੀ ਹੈ ਕਿਉਂਕਿ ਉਹ ਨਾ ਸਿਰਫ ਸਾਬਕਾ ਵਿਧਾਇਕ ਹੈ ਸਗੋਂ ਮੁੱਖ ਸੰਸਦੀ ਸਕੱਤਰ ਵੀ ਰਹਿ ਚੁੱਕੀ ਹੈ। ਹੁਣ ਜੇਕਰ ਜ਼ਰੂਰੀ ਹੋਇਆ ਤਾਂ ਫੇਰ ਤੋਂ ਵਾਲੰਟੀਅਰਾਂ ਦੀ ਸਲਾਹ 'ਤੇ ਹੀ ਪਾਰਟੀ ਇਸ ਸੀਟ 'ਤੇ ਨਵਾਂ ਉਮੀਦਵਾਰ ਐਲਾਨ ਕਰੇਗੀ। -ਅਮਨ ਅਰੋੜਾ, ਪ੍ਰਧਾਨ ਚੋਣ ਪ੍ਰਚਾਰ ਕਮੇਟੀ, ਆਮ ਆਦਮੀ ਪਾਰਟੀ।