ਪੰਜਾਬ ਲਈ ਸਟੇਟ ਵਾਟਰ ਪਾਲਿਸੀ ਬਣਾਉਣਾ ਜ਼ਰੂਰੀ : ਅਮਨ ਅਰੋੜਾ
Friday, Jun 21, 2019 - 09:20 AM (IST)

ਚੰਡੀਗੜ੍ਹ (ਸ਼ਰਮਾ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਲਈ ਠੋਸ ਪਾਣੀ ਨੀਤੀ (ਸਟੇਟ ਵਾਟਰ ਪਾਲਿਸੀ) ਬਣਾਉਣ ਅਤੇ ਅਮਲ 'ਚ ਲਿਆਉਣ ਦੀ ਮੰਗ ਕੀਤੀ ਹੈ ਤਾਂ ਕਿ ਦਿਨ ਪ੍ਰਤੀ ਦਿਨ ਗੰਭੀਰ ਹੁੰਦੇ ਜਾ ਰਹੇ ਪਾਣੀ ਦੇ ਸੰਕਟ ਨਾਲ ਸਮਾਂ ਰਹਿੰਦੇ ਨਿਪਟਿਆ ਜਾ ਸਕੇ। ਪਾਰਟੀ ਹੈੱਡਕੁਆਰਟਰ ਵੱਲੋਂ ਜਾਰੀ ਬਿਆਨ ਰਾਹੀਂ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁੱਕਰਵਾਰ 21 ਜੂਨ ਨੂੰ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਦੇ ਮੁੱਦੇ 'ਤੇ ਵਿਚਾਰ ਕਰਨ ਲਈ ਸੱਦੀ ਗਈ ਬੈਠਕ ਦਾ ਸਵਾਗਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਬਹੁਤ ਹੀ ਦੇਰੀ ਨਾਲ ਦਰੁਸਤ ਦਿਸ਼ਾ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿੰਨੀ ਮੰਦਭਾਗੀ ਗੱਲ ਹੈ ਕਿ ਖੇਤੀ ਪ੍ਰਧਾਨ ਅਤੇ ਦਰਿਆਵਾਂ ਦੀ ਇਸ ਸਰਜਮੀਂ ਲਈ ਪਿਛਲੇ 70 ਸਾਲਾਂ 'ਚ ਕਿਸੇ ਵੀ ਸਰਕਾਰ ਨੇ ਨਾ ਖੇਤੀ ਨੀਤੀ ਅਤੇ ਨਾ ਹੀ ਪਾਣੀ ਬਾਰੇ ਕੋਈ ਨੀਤੀ ਬਣਾਈ, ਜਿਸ ਦਾ ਖ਼ਮਿਆਜ਼ਾ ਅੱਜ ਭੁਗਤਣਾ ਪੈ ਰਿਹਾ ਹੈ।
ਅਮਨ ਅਰੋੜਾ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਠੋਸ ਨੀਤੀ ਤਹਿਤ ਜਲ ਪ੍ਰਬੰਧਨ ਦੇ ਖੇਤਰ 'ਚ ਇਸਰਾਈਲ ਸਮੇਤ ਵਿਸ਼ਵ ਪੱਧਰੀ ਤਕਨੀਕਾਂ ਲਈ ਵਿਸ਼ੇਸ਼ ਬਜਟ ਦਾ ਪ੍ਰਬੰਧ ਕਰਨਾ ਹੋਵੇਗਾ। ਅਰੋੜਾ ਨੇ ਕਿਹਾ ਕਿ ਇਹ ਪੰਜਾਬ ਲਈ ਸ਼ਰਮ ਵਾਲੀ ਗੱਲ ਹੈ ਕਿ ਪਿਛਲੇ 37 ਸਾਲਾਂ (1981-82 ਤੋਂ 2017-18 ਤੱਕ) ਪੰਜਾਬ ਦੇ ਪਾਣੀਆਂ 'ਤੇ ਸਿਆਸੀ ਰੋਟੀਆਂ ਸੇਕ ਕੇ ਕਈ-ਕਈ ਵਾਰ ਸਰਕਾਰਾਂ ਬਣਾਉਣ ਵਾਲੇ ਅਕਾਲੀ ਦਲ ਅਤੇ ਕਾਂਗਰਸ 1981 ਦੇ ਪੰਜਾਬ-ਵਿਰੋਧੀ ਪਾਣੀਆਂ ਦੇ ਸਮਝੌਤੇ ਮੁਤਾਬਿਕ ਵੀ ਆਪਣੇ ਉਪਲੱੱਬਧ ਹਿੱਸੇ ਦਾ ਪਾਣੀ ਵਰਤਣ ਵਿਚ ਨਾਕਾਮਯਾਬ ਰਹੇ ਹਨ।