ਮੇਰੀ ਸ਼ਖਸੀਅਤ ਕੈਪਟਨ ਅਮਰਿੰਦਰ ਦੀ ਜੱਫੀ ਦੀ ਮੋਹਤਾਜ ਨਹੀਂ : ਚੰਦਨ ਗਰੇਵਾਲ

04/23/2019 5:24:49 PM

ਜਲੰਧਰ (ਚੋਪੜਾ)— ਪੰਜਾਬ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਚੰਦਨ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਦੀ ਸ਼ਖਸੀਅਤ ਕੈਪਟਨ ਅਮਰਿੰਦਰ ਸਿੰਘ ਦੀ ਜੱਫੀ ਦੀ ਮੋਹਤਾਜ ਨਹੀਂ ਹੈ ਅਤੇ ਉਨ੍ਹਾਂ ਦੀ ਲੜਾਈ ਸਿਰਫ ਵਾਲਮੀਕਿ ਮਜ਼੍ਹਬੀ ਸਮਾਜ ਦੇ ਮਾਣ-ਸਨਮਾਨ ਦੀ ਹੈ। ਇਕ ਬਿਆਨ ਜਾਰੀ ਕਰਦਿਆਂ ਚੰਦਨ ਨੇ ਕਿਹਾ ਕਿ ਪਿਛਲੇ ਦਿਨੀਂ ਜਲੰਧਰ ਦੇ ਇਕ ਵਿਧਾਇਕ ਅਤੇ ਮੇਅਰ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਅਤੇ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਮਿਲਾਉਣ ਇਕ ਹੋਟਲ 'ਚ ਲੈ ਗਏ ਪਰ ਉਨ੍ਹਾਂ ਮੁਲਾਕਾਤ ਤੋਂ ਪਹਿਲਾਂ ਹੀ ਵਿਧਾਇਕ ਅਤੇ ਮੇਅਰ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਜੇਕਰ ਮੁੱਖ ਮੰਤਰੀ ਵਾਲਮੀਕਿ-ਮਜ਼੍ਹਬੀ ਸਮਾਜ ਨੂੰ ਉਨ੍ਹਾਂ ਦਾ ਬਣਦਾ ਮਾਣ-ਸਨਮਾਨ ਅਤੇ ਸਿਆਸੀ ਹਿੱਸੇਦਾਰੀ ਦੇਣ ਲਈ ਤਿਆਰ ਹਨ ਤਾਂ ਉਹ ਕਾਂਗਰਸ ਵਿਚ ਬਿਨਾਂ ਸ਼ਰਤ ਸ਼ਾਮਲ ਹੋਣਗੇ।

ਚੰਦਨ ਨੇ ਕਿਹਾ ਕਿ ਸੁਨੀਲ ਜਾਖੜ ਵੱਲੋਂ ਮੇਰੇ ਕਾਂਗਰਸ ਵਿਚ ਸ਼ਾਮਲ ਹੋਣ ਸਬੰਧੀ ਦਿੱਤੇ ਬਿਆਨ ਦਾ ਮੈਂ ਪੱਤਰਕਾਰਾਂ ਦੀ ਮੌਜੂਦਗੀ ਵਿਚ ਹੀ ਮੌਕੇ 'ਤੇ ਖੰਡਨ ਕਰ ਦਿੱਤਾ ਸੀ ਅਤੇ ਉਸ ਦੌਰਾਨ ਮੈਂ ਆਪਣਾ ਸਟੈਂਡ ਕਲੀਅਰ ਕਰ ਦਿੱਤਾ ਸੀ ਕਿ ਮੇਰਾ ਮਕਸਦ ਰਾਜਨੀਤੀ ਚਮਕਾਉਣਾ ਨਹੀਂ ਸਗੋਂ ਦਲਿਤ ਸਮਾਜ ਨੂੰ ਉਸ ਦਾ ਹੱਕ ਦਿਵਾਉਣਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ 'ਚ ਟਿਕਟਾਂ ਵੰਡਣ ਵੇਲੇ ਵਾਲਮੀਕਿ-ਮਜ਼੍ਹਬੀ ਸਮਾਜ ਦੀ ਅਣਦੇਖੀ ਕਰਕੇ ਆਪਣੀ ਸੌੜੀ ਸੋਚ ਸਾਬਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਰਾਜਾ ਹਨ ਤਾਂ ਉਹ ਕੋਈ ਭੀਖ ਮੰਗੇ ਨਹੀਂ ਹਨ ਜੋ ਰਾਜਾ ਸਾਹਿਬ ਦੀ ਇਕ ਜੱਫੀ ਨਾਲ ਹੀ ਵਾਲਮੀਕਿ-ਮਜ਼੍ਹਬੀ ਸਮਾਜ ਦਾ ਮਾਣ-ਸਨਮਾਨ ਦਾਅ 'ਤੇ ਲਾ ਦੇਣ। ਉਨ੍ਹਾਂ ਕਿਹਾ ਕਿ ਜਲੰਧਰ ਸ਼ਹਿਰ ਦੇ ਸਮੂਹ ਕਾਂਗਰਸੀ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਦਾ ਉਨ੍ਹਾਂ ਦੇ ਘਰ ਆਉਣਾ ਆਮ ਗੱਲ ਰਹੀ ਹੈ।

ਚੰਦਨ ਨੇ ਕਿਹਾ ਕਿ ਰਾਜਨੀਤੀ ਮੇਰਾ ਧੰਦਾ ਨਹੀਂ ਹੈ। ਮੇਰੇ ਲਈ ਰਾਜਨੀਤੀ ਇਕ ਰਸਤਾ ਹੈ, ਜਿਸ ਦੇ ਜ਼ਰੀਏ ਮੈਂ ਸਮਾਜ ਨੂੰ ਉਸ ਦਾ ਹੱਕ ਦਿਵਾ ਕੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਚਾਹੁੰਦਾ ਹਾਂ। ਵਾਲਮੀਕਿ ਸਮਾਜ ਹਰੇਕ ਸਿਆਸੀ ਪਾਰਟੀ ਲਈ ਸਿਰਫ ਅਤੇ ਸਿਰਫ ਵੋਟ ਬੈਂਕ ਬਣ ਕੇ ਰਹਿ ਗਿਆ ਹੈ, ਜਦੋਂਕਿ ਦਲਿਤਾਂ ਦੀ ਭਲਾਈ ਲਈ ਕਿਸੇ ਵੀ ਪਾਰਟੀ ਕੋਲ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਹੱਕਾਂ ਲਈ ਪਹਿਲਾਂ ਵੀ ਲੜਦੇ ਰਹੇ ਹਾਂ ਤੇ ਅੱਗੇ ਵੀ ਲੜਦੇ ਰਹਾਂਗੇ। ਚੰਦਨ ਨੇ ਸਖਤ ਸ਼ਬਦਾਂ 'ਚ ਖੰਡਨ ਕਰਦਿਆਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਕਈ ਅਖੌਤੀ ਕਾਂਗਰਸੀ ਲੀਡਰ ਤੇ ਵਿਧਾਇਕ ਉਨ੍ਹਾਂ ਦਾ ਨਾਂ ਲੈ ਕੇ ਰਾਜਨੀਤੀ ਚਮਕਾ ਰਹੇ ਹਨ ਪਰ ਥੋੜ੍ਹੇ ਹੀ ਦਿਨਾਂ 'ਚ ਸਾਂਝੀ ਮੀਟਿੰਗ ਕਰਕੇ ਅਜਿਹੇ ਕਥਿਤ ਆਗੂਆਂ ਦਾ ਅਸਲੀ ਚਿਹਰਾ ਬੇਨਕਾਬ ਕਰਨਗੇ।


shivani attri

Content Editor

Related News