ਖਤਰੇ ''ਚ ਹੈ ਚੰਦ ਭਾਨ ਡਰੇਨ ਦਾ ਵਜੂਦ

Saturday, Feb 03, 2018 - 07:45 AM (IST)

ਖਤਰੇ ''ਚ ਹੈ ਚੰਦ ਭਾਨ ਡਰੇਨ ਦਾ ਵਜੂਦ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ  (ਸੁਖਪਾਲ, ਪਵਨ) - ਸਾਲ 1962 ਵੇਲੇ ਦੀ ਬਣੀ ਇਸ ਖੇਤਰ ਦੇ ਪਿੰਡਾਂ ਨੇੜਿਓਂ ਲੰਘਦੀ ਚੰਦ ਭਾਨ ਡਰੇਨ ਜੋ ਅੱਗੇ ਪਾਕਿਸਤਾਨ ਦੀ ਹੱਦ ਤੱਕ ਜਾਂਦੀ ਹੈ, ਦਾ ਵਜੂਦ ਖਤਰੇ ਵਿਚ ਪੈ ਰਿਹਾ ਹੈ, ਕਿਉਂਕਿ ਜੋ ਦਿੱਖ ਇਸ ਡਰੇਨ ਦੀ ਪਹਿਲਾਂ ਸੀ, ਉਹ ਨਹੀਂ ਰਹੀ ਅਤੇ ਇਸ ਦੀਆਂ ਦੋਵੇਂ ਪਟੜੀਆਂ ਸਿਮਟਦੀਆਂ ਜਾ ਰਹੀਆਂ ਹਨ। ਇਸ ਖੇਤਰ ਦੀ ਸਭ ਤੋਂ ਵੱਡੀ ਇਹ ਡਰੇਨ ਲਗਭਗ 200 ਫੁੱਟ ਚੌੜੀ ਹੈ ਅਤੇ ਇਸ ਉੱਪਰ ਮੁੱਖ ਅਤੇ ਲਿੰਕ ਸੜਕਾਂ ਦੇ ਅਨੇਕਾਂ ਵੱਡੇ ਪੁਲ ਆਉਂਦੇ ਹਨ। ਭਾਵੇਂ ਉਕਤ ਡਰੇਨ ਦੀਆਂ ਪਟੜੀਆਂ ਤੋਂ ਮਿੱਟੀ ਚੁੱਕਣਾ ਬਿਲਕੁਲ ਗੈਰ-ਕਾਨੂੰਨੀ ਹੈ ਪਰ ਲੋਕਾਂ ਨੇ ਕਾਨੂੰਨ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਪੁਲਾਂ ਅਤੇ ਹੋਰ ਰਸਤਿਆਂ ਦੇ ਨੇੜਿਓਂ ਚੰਦ ਭਾਨ ਡਰੇਨ ਦੀਆਂ ਪਟੜੀਆਂ ਦੀ ਮਿੱਟੀ ਲੋਕਾਂ ਨੇ ਟਰੈਕਟਰ-ਟਰਾਲੀਆਂ ਰਾਹੀਂ ਭਾਰੀ ਮਾਤਰਾ ਵਿਚ ਚੁੱਕ ਲਈ ਹੈ ਅਤੇ ਪਟੜੀਆਂ ਨੂੰ ਖਾਲੀ ਕਰ ਦਿੱਤਾ ਹੈ।
ਪਹਿਲਾਂ ਇਸ ਡਰੇਨ ਦੇ ਦੋਵੇਂ ਪਾਸੇ ਬਹੁਤ ਉੱਚੀਆਂ-ਉੱਚੀਆਂ ਪੱਟੜੀਆਂ ਸਨ ਪਰ ਹੁਣ ਦੂਰ -ਦੂਰ ਤੱਕ ਪਟੜੀਆਂ ਘੋਨੀਆਂ ਦਿਖਾਈ ਦੇ ਰਹੀਆਂ ਹਨ ਜਿਥੇ ਆਮ ਲੋਕਾਂ ਵੱਲੋਂ ਡਰੇਨ ਤੋਂ ਟਰਾਲੀਆਂ ਰਾਹੀਂ ਮਿੱਟੀ ਚੁੱਕੀ ਗਈ ਹੈ, ਉਥੇ ਕਈ ਠੇਕੇਦਾਰਾਂ ਨੇ ਜੇ. ਸੀ. ਬੀ. ਮਸ਼ੀਨਾਂ ਲਾ ਕੇ ਟਰਾਲੀਆਂ ਵਿਚ ਮਿੱਟੀ ਭਰ ਕੇ ਲੋਕਾਂ ਨੂੰ ਇਹ ਮਿੱਟੀ ਉਨ੍ਹਾਂ ਨੇ ਮੁੱਲ ਵੇਚੀ ਹੈ।
ਡਰੇਨਜ਼ ਵਿਭਾਗ ਨਹੀਂ ਕਰ ਰਿਹਾ ਕੋਈ ਕਾਰਵਾਈ
ਭਾਵੇਂ ਨਿੱਤ ਰੋਜ਼ ਚੰਦ ਭਾਨ ਡਰੇਨ ਦੇ ਪੁਲਾਂ ਉੱਪਰੋਂ ਸਰਕਾਰੀ ਅਧਿਕਾਰੀਆਂ ਦੀਆਂ ਗੱਡੀਆਂ ਸ਼ੂਕਦੀਆਂ ਲੱਗਦੀਆਂ ਹਨ ਪਰ ਸਭ ਅੱਖਾਂ ਮੀਚ ਕੇ ਲੰਘ ਜਾਂਦੇ ਹਨ। ਸਬੰਧਤ ਡਰੇਨਜ਼ ਵਿਭਾਗ ਵੀ ਕੋਈ ਕਾਰਵਾਈ ਨਹੀਂ ਕਰ ਰਿਹਾ ਤੇ ਸਭ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ।
ਨਹਿਰਾਂ ਦਾ ਛੱਡਿਆ ਜਾਂਦੈ ਪਾਣੀ
ਜਦ ਬਾਰਿਸ਼ਾਂ ਆਉਂਦੀਆਂ ਹਨ ਜਾਂ ਕੋਈ ਨਹਿਰ, ਰਜਬਾਹੇ ਵਿਚ ਪਾੜ ਪੈ ਜਾਂਦਾ ਹੈ ਤਾਂ ਜ਼ਿਲੇ ਵਿਚੋਂ ਲੰਘਦੀਆਂ ਵੱਡੀਆ ਨਹਿਰਾਂ ਦਾ ਪਾਣੀ ਉਕਤ ਚੰਦ ਭਾਨ ਡਰੇਨ ਵਿਚ ਛੱਡਿਆ ਜਾਂਦਾ ਹੈ ਅਤੇ ਇਸ ਡਰੇਨ ਨੂੰ ਵੱਡੀਆਂ ਨਹਿਰਾਂ ਦੇ ਹੇਠਾਂ ਦੀ ਲੰਘਾਇਆ ਗਿਆ ਹੈ। ਉਂਝ ਵੀ ਨਹਿਰਾਂ ਦਾ ਵਾਧੂ ਪਾਣੀ ਇਸ ਡਰੇਨ ਵਿਚ ਛੱਡ ਦਿੱਤਾ ਜਾਂਦਾ ਹੈ।
ਨੇੜਲੇ ਪਿੰਡਾਂ ਨੂੰ ਹੋ ਸਕਦੈ ਖਤਰਾ
ਪਹਿਲਾਂ ਡਰੇਨ ਦੀਆਂ ਪਟੜੀਆਂ ਬਹੁਤ ਉੱਚੀਆਂ ਸਨ ਅਤੇ ਪਾਣੀ ਬਾਹਰ ਆਉਣ ਦਾ ਕੋਈ ਖਤਰਾ ਨਹੀਂ ਸੀ ਪਰ ਹੁਣ ਜਿਨ੍ਹਾਂ ਥਾਵਾਂ ਤੋਂ ਮਿੱਟੀ ਚੁੱਕ ਲਈ ਗਈ ਹੈ, ਉਹ ਥਾਂ ਬਹੁਤ ਨੀਵੇਂ ਹੋ ਗਏ ਹਨ ਅਤੇ ਡਰੇਨ ਵਿਚ ਪਾਣੀ ਜ਼ਿਆਦਾ ਭਰਨ ਸਮੇਂ ਪਟੜੀਆਂ ਟੁੱਟ ਸਕਦੀਆਂ ਹਨ ਜਿਸ ਨਾਲ ਡਰੇਨ ਦੇ ਨੇੜਲੇ ਪਿੰਡਾਂ ਨੂੰ ਖਤਰਾ ਹੋ ਸਕਦਾ ਹੈ। ਪਿੰਡ ਭਾਗਸਰ ਵਿਖੇ ਤਾਂ ਜ਼ਿਆਦਾ ਮੀਂਹ ਵੇਲੇ ਪਟੜੀ ਵਿਚ ਵੱਡਾ ਪਾੜ ਪੈ ਗਿਆ ਸੀ ਅਤੇ ਫਿਰ ਮੀਂਹ ਪੈਂਦੇ ਵਿਚ ਹੀ ਕਹੀਆਂ ਤੇ ਬੱਠਲ ਲੈ ਕੇ ਕਰੀਬ 300 ਬੰਦਾ ਡਰੇਨ 'ਤੇ ਪੁੱਜਿਆ। ਵਿਭਾਗ ਦੇ ਉੱਚ ਅਧਿਕਾਰੀ ਜੇ. ਸੀ. ਬੀ. ਮਸ਼ੀਨਾਂ ਲੈ ਕੇ ਆਏ ਅਤੇ ਫਿਰ ਮਿੱਟੀ ਦੇ ਗੱਟੇ ਭਰ ਕੇ ਪਾੜ ਨੂੰ ਬੰਨ੍ਹਿਆ ਗਿਆ ਸੀ।
ਪੁੱਟੇ ਗਏ ਹਨ ਦਰੱਖਤ
ਭਾਵੇਂ ਇਹ ਥਾਂ ਡਰੇਨਜ਼ ਵਿਭਾਗ ਕੋਲ ਹੈ ਪਰ ਜੰਗਲਾਤ ਵਿਭਾਗ ਵੱਲੋਂ ਡਰੇਨ ਦੀਆਂ ਪਟੜੀਆਂ 'ਤੇ ਵੱਖ-ਵੱਖ ਤਰ੍ਹਾਂ ਦੇ ਦਰੱਖਤ ਲਾਏ ਗਏ ਹਨ ਪਰ ਜਦ ਲੋਕ ਟਰੈਕਟਰ ਟਰਾਲੀਆਂ ਆਦਿ ਰਾਹੀਂ ਮਿੱਟੀ ਚੁੱਕ ਕੇ ਲਿਜਾਂਦੇ ਹਨ ਤਾਂ ਕਈ ਦਰੱਖਤਾਂ ਦੀਆਂ ਜੜ੍ਹਾਂ ਨਿਕਲ ਆਉਂਦੀਆਂ ਹਨ। ਜੰਗਲਾਤ ਵਿਭਾਗ ਦੇ ਬਲਾਕ ਅਫ਼ਸਰ ਹਰਦੀਪ ਸਿੰਘ ਹੁੰਦਲ ਰੁਪਾਣਾ ਨੇ ਕਿਹਾ ਕਿ ਜਿਹੜੇ ਦਰੱਖਤ ਮਿੱਟੀ ਵਿਚ ਆ ਜਾਂਦੇ ਹਨ, ਉਨ੍ਹਾਂ ਦਾ ਨੁਕਸਾਨ ਹੋ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸਰਕਾਰ ਗੱਲਾਂ ਤਾਂ ਵੱਧ ਤੋਂ ਵੱਧ ਦਰੱਖਤ ਲਾ ਕੇ ਵਾਤਾਵਰਣ ਨੂੰ ਹਰਿਆ-ਭਰਿਆ ਅਤੇ ਸਾਫ਼ ਸੁਥਰਾ ਬਣਾਉਣ ਦੀਆਂ ਕਰ ਰਹੀ ਹੈ ਪਰ ਜਿਹੜੇ ਦਰੱਖਤ ਵੱਡੇ ਹੋ ਜਾਂਦੇ ਹਨ, ਉਨ੍ਹਾਂ ਨੂੰ ਸੰਭਾਲਿਆ ਨਹੀਂ ਜਾ ਰਿਹਾ।
ਮਿਲੀਭੁਗਤ ਦਾ ਨਤੀਜਾ
ਆਮ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਥੋੜ੍ਹਾ ਸਖਤੀ ਵਰਤੇ ਤਾਂ ਲੋਕ ਪਟੜੀਆਂ ਤੋਂ ਮਿੱਟੀ ਚੁੱਕਣੋਂ ਹਟ ਜਾਣ ਪਰ ਇਥੇ ਤਾਂ ਇਕ ਅੱਧੀ ਟਰਾਲੀ ਮਿੱਟੀ ਦੀ ਲਿਆਉਣ ਵਾਲੇ ਕਿਸੇ ਗਰੀਬ ਅਤੇ ਮਾੜੇ ਵਿਅਕਤੀ ਨੂੰ ਤਾਂ ਕਿਤੇ ਕਤਾਈ ਰੋਕ ਦਿੱਤਾ ਜਾਂਦਾ ਹੈ ਪਰ ਤਕੜੇ ਤੇ ਸਿਆਸੀ ਅਸਰ ਰਸੂਖ ਰੱਖਣ ਵਾਲੇ ਵਿਅਕਤੀਆਂ ਨੂੰ ਮਿੱਟੀ ਚੁੱਕਣ ਤੋਂ ਰੋਕਣ ਲਈ ਕੋਈ ਅਧਿਕਾਰੀ ਹਿੰਮਤ ਨਹੀਂ ਕਰਦਾ, ਸਭ ਮਿਲੀਭੁਗਤ ਨਾਲ ਹੋ ਰਿਹਾ ਹੈ।
ਪਟੜੀਆਂ 'ਤੇ ਰੱਖੇ ਹੋਏ ਹਨ ਪਾਣੀ ਚੁੱਕਣ ਵਾਲੇ 400 ਪੱਖੇ
ਇਸ ਖੇਤਰ ਦੇ ਉਹ ਕਿਸਾਨ ਜਿਨ੍ਹਾਂ ਦੀਆਂ ਜ਼ਮੀਨਾਂ ਲਈ ਨਹਿਰੀ ਪਾਣੀ ਦੀ ਘਾਟ ਹੈ, ਚੰਦ ਭਾਨ ਡਰੇਨ ਦੇ ਪਾਣੀ ਨਾਲ ਹੀ ਆਪਣੀਆਂ ਫ਼ਸਲਾਂ ਨੂੰ ਪਾਲਦੇ ਹਨ। ਕਿਸਾਨਾਂ ਨੇ ਪਟੜੀਆਂ 'ਤੇ ਪੱਖੇ ਰੱਖੇ ਹੋਏ ਹਨ ਤੇ ਟਰੈਕਟਰਾਂ ਰਾਹੀਂ ਪਾਣੀ ਚੁੱਕ ਕੇ ਆਪਣੇ ਖੇਤਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਲਗਭਗ 400 ਪੱਖੇ ਉਕਤ ਡਰੇਨ ਦੀਆਂ ਪੱਟੜੀਆਂ 'ਤੇ ਰੱਖੇ ਹੋਏ ਹਨ।
ਲੋੜ ਹੈ ਡਰੇਨ ਨੂੰ ਸੰਭਾਲਣ ਦੀ
ਡਰੇਨਜ਼ ਵਿਭਾਗ ਅਤੇ ਜ਼ਿਲੇ ਦੇ ਉੱਚ ਅਧਿਕਾਰੀਆਂ ਨੂੰ ਇਸ ਚੰਦ ਭਾਨ ਡਰੇਨ ਵੱਲ ਧਿਆਨ ਦੇਣ ਤੇ ਸੰਭਾਲਣ ਦੀ ਲੋੜ ਹੈ ਕਿਉਂਕਿ ਇਸ ਦਾ ਵਜੂਦ ਖਤਰੇ ਵਿਚ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਤੇ ਚੀਨ ਨਾਲ ਹੋਈਆਂ ਲੜਾਈਆਂ ਦੌਰਾਨ ਭਾਰਤੀ ਫੌਜਾਂ ਉਕਤ ਡਰੇਨ 'ਤੇ ਮੋਰਚੇ ਬਣਾ ਕੇ ਕਈ-ਕਈ ਹਫ਼ਤੇ ਡਟੀਆਂ ਰਹੀਆਂ ਸਨ ਅਤੇ ਹਾਲਾਤ 'ਤੇ ਨਜ਼ਰ ਰੱਖੀ ਗਈ ਸੀ।


Related News