ਚੁਨੌਤੀ ਭਰੇ ਮਾਹੌਲ ਨਾਲ ਨਜਿੱਠਣ ਲਈ ਪੁਲਸ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਰਿਹਾ ਕਾਮਯਾਬ : ਡੀ. ਐੱਸ. ਪੀ.

08/31/2017 12:57:43 PM


ਜਲਾਲਾਬਾਦ(ਸੇਤੀਆ, ਬੰਟੀ, ਟੀਨੂੰ, ਬਜਾਜ, ਮਿੱਕੀ, ਜਤਿੰਦਰ) - ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਫੈਸਲਾ ਸੁਣਾਇਆ ਜਾਣਾ ਸੀ ਤਾਂ ਬੀਤੇ ਕੁਝ ਦਿਨਾਂ ਤੋਂ ਸੂਬੇ ਦੇ ਨਾਲ-ਨਾਲ ਜਲਾਲਾਬਾਦ ਸਬ ਡਵੀਜ਼ਨ ਵਿਚ ਵੀ ਕਾਨੂੰਨ ਪ੍ਰਬੰਧਾਂ ਨੂੰ ਬਣਾਈ ਰੱਖਣਾ ਪੁਲਸ ਅਤੇ ਪ੍ਰਸ਼ਾਸਨ ਲਈ ਵੱਡੀ ਚੁਨੌਤੀ ਸੀ ਅਤੇ ਜ਼ਿਲਾ ਸੀਨੀਅਰ ਪੁਲਸ ਕਪਤਾਨ ਡਾ. ਕੇਤਨ ਬਲੀਰਾਮ ਪਾਟਿਲ ਤੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੀ ਯੋਗ ਅਗਵਾਈ ਹੇਠ ਪੁਲਸ ਤੇ ਪ੍ਰਸ਼ਾਸਨ ਇਸ ਚੁਨੌਤੀ ਤੋਂ ਨਜਿੱਠਣ 'ਚ ਕਾਮਯਾਬ ਹੋਏ ਹਨ। ਇਹ ਵਿਚਾਰ ਡੀ. ਐੱਸ. ਪੀ. ਅਸ਼ੋਕ ਸ਼ਰਮਾ ਨੇ ਬੁੱਧਵਾਰ ਨੂੰ ਆਪਣੇ ਦਫਤਰ 'ਚ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਨਾਲ ਥਾਣਾ ਸਿਟੀ ਪ੍ਰਭਾਰੀ ਅਭਿਨਵ ਚੌਹਾਨ, ਥਾਣਾ ਸਦਰ ਪ੍ਰੇਮ ਕੁਮਾਰ ਤੋਂ ਇਲਾਵਾ ਪੀ. ਟੀ. ਏ. ਕਮੇਟੀ ਸਰਕਾਰੀ ਸਕੂਲ ਲੜਕੇ ਦੇ ਚੇਅਰਮੈਨ ਨਰਿੰਦਰ ਸਿੰਘ ਨੰਨੂ ਕੁੱਕੜ, ਉਪ ਚੇਅਰਮੈਨ ਚੰਦਰ ਪ੍ਰਕਾਸ਼ ਕਾਲੜਾ ਅਤੇ ਹੋਰ ਮੌਜੂਦ ਸਨ। 
ਐੱਸ. ਪੀ. ਡੀ. ਮੁਖਤਿਆਰ ਸਿੰਘ ਦੀ ਅਗੁਵਾਈ ਹੇਠ ਇਥੋਂ ਦੇ ਡੇਰਾ ਪੈਰੋਕਾਰਾਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਕਿਸੇ ਵੀ ਗੈਰ ਸਮਾਜਿਕ ਅਨਸਰ ਨੂੰ ਮਾਹੌਲ ਨੂੰ ਵਿਗਾੜਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਫੈਸਲੇ ਤੋਂ ਬਾਅਦ ਜਿਥੇ ਹਰਿਆਣਾ ਵਿਚ ਅਫੜਾ-ਦਫੜੀ ਦਾ ਮਾਹੌਲ ਬਣ ਗਿਆ, ਉਥੇ ਹੀ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਡੀ. ਜੀ. ਪੀ. ਸੁਰੇਸ਼ ਅਰੋੜਾ ਦੇ ਨਿਰਦੇਸ਼ਾਂ 'ਤੇ ਅਸੀਂ ਸਾਰੇ ਵਰਗ ਦੇ ਲੋਕਾਂ ਨੇ ਸ਼ਾਂਤੀ ਬਣਾਈ ਰੱਖਣ ਵਿਚ ਅਹਿਮ ਯੋਗਦਾਨ ਦਿੱਤਾ। ਇਸ ਤੋਂ ਇਲਾਵਾ ਪੈਰਾ ਮਿਲਟਰੀ ਫੋਰਸ ਅਤੇ ਪੰਜਾਬ ਪੁਲਸ ਵੱਲੋਂ ਦਿਨ-ਰਾਤ ਡਿਊਟੀ ਕਰ ਕੇ ਆਪਣੀ ਜ਼ਿੰਮੇਵਾਰੀ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਨਿਭਾਇਆ ਹੈ।


Related News