ਸਰਕਾਰੀ ਸੇਵਾ ਕੇਂਦਰਾਂ ''ਚ ਆਏ ਲੋਕਾਂ ਨੂੰ ''ਸਮਾਜਿਕ ਦੂਰੀ'' ਦਾ ਪਾਠ ਪੜ੍ਹਾਇਆ, ਕੱਟੇ ਚਲਾਨ

06/03/2020 4:27:28 PM

ਸਮਰਾਲਾ (ਗਰਗ, ਬੰਗੜ) : ਕੋਰੋਨਾ ਮਹਾਮਾਰੀ ਕਾਰਨ ਢਾਈ ਮਹੀਨੇ ਬਾਅਦ ਖੁੱਲ੍ਹੇ ਸਰਕਾਰੀ ਸੇਵਾ ਕੇਂਦਰਾਂ ’ਚ ਅਚਾਨਕ ਲੋਕਾਂ ਦੀ ਭੀੜ ਵੱਧ ਜਾਣ ’ਤੇ ਕੰਮ ਕਰਵਾਉਣ ਦੀ ਕਾਹਲ 'ਚ ‘ਸਮਾਜਿਕ ਦੂਰੀ’ ਨੂੰ ਭੁੱਲ ਚੁੱਕੇ ਲੋਕਾਂ ਨੂੰ ਅੱਜ ਸਥਾਨਕ ਪ੍ਰਸਾਸ਼ਨ ਨੇ ਕਾਨੂੰਨ ਦਾ ਪਾਠ ਪੜ੍ਹਾਇਆ ਅਤੇ ਪੁਲਸ ਦੀ ਮੱਦਦ ਨਾਲ ਗੋਲ ਘੇਰੇ ਬਣਵਾ ਕੇ ਉਨ੍ਹਾਂ 'ਚ ਇਕ-ਦੂਜੇ ਤੋਂ ਲੋੜੀਂਦੀ ਦੂਰੀ ਬਣਾ ਕੇ ਖੜ੍ਹਨ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਕਈ ਲੋਕ ਅਜਿਹੇ ਵੀ ਸਨ, ਜਿਨ੍ਹਾਂ ਨੇ ਸਰਕਾਰੀ ਸੇਵਾ ਕੇਂਦਰ ’ਚ ਆਉਣ ਵੇਲੇ ਮਾਸਕ ਲਗਾਉਣ ਦੀ ਹਦਾਇਤ ਦੀ ਉਲਘੰਣਾ ਕੀਤੀ ਅਤੇ ਅਜਿਹੇ ਸਾਰੇ ਵਿਅਕਤੀਆਂ ਦੇ ਤਹਿਸੀਲਦਾਰ ਵੱਲੋਂ ਚਾਲਾਨ ਕੱਟੇ ਗਏ।

 ਸਥਾਨਕ ਐੱਸ. ਡੀ. ਐੱਮ. ਗੀਤਿਕਾ ਸਿੰਘ ਵੱਲੋਂ ਜਾਰੀ ਪ੍ਰੈਸ ਨੋਟ ਮੁਤਾਬਕ ਅੱਜ ਉਨ੍ਹਾਂ ਵੱਲੋਂ ਸੇਵਾ ਕੇਂਦਰਾਂ ਦਾ ਦੌਰਾ ਕੀਤਾ ਗਿਆ, ਜਿੱਥੇ ਕਿ ਲੋਕਾਂ ਦੀ ਕਾਫੀ ਭੀੜ ਜਮ੍ਹਾਂ ਸੀ। ਇਸ ਦੌਰਾਨ ਵੇਖਿਆ ਗਿਆ ਕਿ ਇਨ੍ਹਾਂ ਸੇਵਾਂ ਕੇਂਦਰਾਂ ’ਤੇ ਕੰਮ ਕਰਵਾਉਣ ਲਈ ਆਏ ਲੋਕਾਂ ਵੱਲੋਂ ਸਮਾਜਿਕ ਦੂਰੀ ਦਾ ਖਿਆਲ ਨਹੀਂ ਸੀ ਰੱਖਿਆ ਜਾ ਰਿਹਾ ਅਤੇ ਬਹੁਤ ਸਾਰੇ ਵਿਅਕਤੀ ਬਿਨਾਂ ਮਾਸਕ ਪਾਏ ਉੱਥੇ ਖੜ੍ਹੇ ਸਨ। ਇਸ ’ਤੇ ਤੁਰੰਤ ਤਹਿਸੀਲਦਾਰ ਨੂੰ ਮੌਕੇ ’ਤੇ ਬੁਲਾ ਕੇ ਬਿਨਾ ਮਾਸਕ ਪਾਏ ਵਿਅਕਤੀਆਂ ਦੇ ਚਲਾਨ ਕੱਟੇ ਗਏ। ਇਸ ਤੋਂ ਇਲਾਵਾ ਪੁਲਸ ਦੀ ਮਦਦ ਨਾਲ ਭੀੜ ਕਰਕੇ ਖੜ੍ਹੇ ਲੋਕਾਂ ਵਿਚਾਲੇ ਸਮਾਜਿਕ ਦੂਰੀ ਬਣਾਉਣ ਲਈ ਸੇਵਾ ਕੇਂਦਰ ਦੇ ਬਾਹਰ 1-1 ਮੀਟਰ ’ਤੇ ਗੋਲ ਘੇਰੇ ਬਣਵਾ ਕੇ ਲੋਕਾਂ ਨੂੰ ਉਨ੍ਹਾਂ 'ਚ ਖੜ੍ਹਾਇਆ ਗਿਆ।

ਐੱਸ. ਡੀ. ਐੱਮ. ਨੇ ਦੱਸਿਆ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਜ਼ਰੂਰੀ ਪਾਲਣ ਕਰਨ ਦੀ ਹਦਾਦਿਤ ਕੀਤੀ ਗਈ ਹੈ ਅਤੇ ਜਿਹੜੇ ਵਿਅਕਤੀ ਇਸ ਦੀ ਉਲਘੰਣਾ ਕਰਨਗੇ, ਉਨ੍ਹਾਂ ’ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਰੇ ਸਰਕਾਰੀ ਦਫ਼ਤਰਾਂ ਦੀ ਰੋਜ਼ਾਨਾ ਚੈਕਿੰਗ ਕੀਤੀ ਜਾਵੇਗੀ ਅਤੇ ਇਸ ਦੌਰਾਨ ਇਹ ਯਕੀਨੀ ਬਣਾਇਆ ਜਾਵੇਗਾ ਕਿ ਬੀਮਾਰੀ ਤੋਂ ਬਚਾਅ ਲਈ ਜਾਰੀ ਹਦਾਇਤਾ ਦੀ ਪਾਲਣਾ ਕਰਨ।


Babita

Content Editor

Related News