ਕੈਬ-ਟੈਕਸੀ ਦੇ ਰੂਪ ''ਚ ਚੱਲ ਰਹੀਆਂ ਨਿੱਜੀ ਗੱਡੀਆਂ ਦੇ ਕੱਟੇ ਚਲਾਨ

04/26/2022 1:01:42 PM

ਚੰਡੀਗੜ੍ਹ (ਰਾਜਿੰਦਰ) : ਸ਼ਹਿਰ ਵਿਚ ਐਗਰੀਗੇਟਰ ਕੰਪਨੀਆਂ ਮਨਮਰਜ਼ੀ ’ਤੇ ਉੱਤਰ ਆਈਆਂ ਹਨ ਅਤੇ ਨਿੱਜੀ ਅਤੇ ਆਰਜ਼ੀ ਨੰਬਰ ਵਾਲੀਆਂ ਗੱਡੀਆਂ ਨੂੰ ਵੀ ਕੈਬ-ਟੈਕਸੀ ਚਲਾਉਣ ਅਤੇ ਮੋਬਾਇਲ ਐਪ ਇਸਤੇਮਾਲ ਕਰਨ ਦੀ ਮਨਜ਼ੂਰੀ ਦੇ ਰਹੀਆਂ ਹਨ। ਇਸ ’ਤੇ ਸੋਮਵਾਰ ਨੂੰ ਸਟੇਟ ਟਰਾਂਸਪੋਰਟ ਅਥਾਰਟੀ (ਐੱਸ. ਟੀ. ਏ.) ਨੇ ਕਾਰਵਾਈ ਕੀਤੀ ਅਤੇ ਚਲਾਨ ਕੱਟੇ ਹਨ। ਐੱਸ. ਟੀ. ਏ. ਨੇ ਸ਼ਹਿਰ ਵਿਚ ਦੋ ਐਗਰੀਗੇਟਰ ਕੰਪਨੀਆਂ ਓਲਾ ਅਤੇ ਊਬਰ ਨੂੰ ਹੀ ਸ਼ਹਿਰ ਵਿਚ ਕੈਬ-ਟੈਕਸੀ ਚਲਾਉਣ ਦੀ ਮਨਜ਼ੂਰੀ ਦਿੱਤੀ ਹੈ ਪਰ ਕਮਰਸ਼ੀਅਲ ਦੇ ਨਾਲ ਕਈ ਨਿੱਜੀ ਗੱਡੀਆਂ ਅਤੇ ਟੈਂਪਰੇਰੀ ਨੰਬਰਾਂ ਨੂੰ ਵੀ ਮਨਜ਼ੂਰੀ ਦਿੱਤੀ ਜਾ ਰਹੀ ਹੈ। ਕਈ ਚਾਲਕ ਨਿੱਜੀ ਨੰਬਰਾਂ ’ਤੇ ਕੈਬ ਚਲਾ ਰਹੇ ਸਨ। ਐੱਸ. ਟੀ. ਏ. ਕੋਲ ਕਾਫ਼ੀ ਸਮੇਂ ਤੋਂ ਸ਼ਿਕਾਇਤ ਮਿਲ ਰਹੀ ਸੀ।

ਇਸ ਲਈ ਸੋਮਵਾਰ ਨੂੰ ਚੈਕਿੰਗ ਮੁਹਿੰਮ ਚਲਾ ਕੇ ਅਜਿਹੀਆਂ ਗੱਡੀਆਂ ਦੇ ਚਲਾਨ ਕੱਟੇ ਗਏ। ਇਨ੍ਹਾਂ ਵਿਚੋਂ ਕੁਝ ਚਾਲਕਾਂ ਨੂੰ ਦੋ ਮਈ ਨੂੰ ਐੱਸ. ਟੀ. ਏ. ਦਫ਼ਤਰ ਬੁਲਾਇਆ ਗਿਆ ਹੈ। ਐੱਸ. ਟੀ. ਏ. ਨੇ ਸ਼ਨੀਵਾਰ ਨੂੰ ਓਲਾ-ਊਬਰ ਅਤੇ ਕੈਬ-ਆਟੋ ਸੰਯੁਕਤ ਮੋਰਚੇ ਦੇ ਪ੍ਰਤੀਨਿਧੀਆਂ ਨਾਲ ਬੈਠਕ ਕੀਤੀ। ਇਸ ਦੌਰਾਨ ਐੱਸ. ਟੀ. ਏ. ਨੇ ਮੰਨਿਆ ਕਿ ਦੋਨਾਂ ਕੰਪਨੀਆਂ ਵਿਚ ਕਮੀਆਂ ਹਨ। ਬੈਠਕ ਵਿਚ ਤੈਅ ਹੋਇਆ ਕਿ ਐੱਸ. ਟੀ. ਏ. ਦੀ ਤਿਮਾਹੀ ਫ਼ੀਸ ਕੰਪਨੀ ਹੀ ਭਰੇਗੀ।

ਨਾਲ ਹੀ ਅਧਿਕਾਰੀਆਂ ਨੇ ਕਿਹਾ ਕਿ ਤਿੰਨ ਦਿਨਾਂ ਅੰਦਰ ਦੋਵੇਂ ਕੰਪਨੀਆਂ ਬੇਨਿਯਮੀਆਂ ਨੂੰ ਦੂਰ ਕਰਨ। ਕੰਪਨੀਆਂ ਨੂੰ ਕਿਰਾਇਆ ਨਿਯਮਾਂ ਮੁਤਾਬਕ ਵਧਾਉਣਾ ਹੋਵੇਗਾ। ਇਸ ਦੌਰਾਨ ਐੱਸ. ਟੀ. ਏ. ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਨਿੱਜੀ ਨੰਬਰ ਦੀਆਂ ਗੱਡੀਆਂ ’ਤੇ ਸਿਕੰਜਾ ਕਸੇ, ਇਸ ਤੋਂ ਇਲਾਵਾ ਅਸਥਾਈ ਨੰਬਰ ਦੀਆਂ ਗੱਡੀਆਂ ਤੋਂ ਸਵਾਰੀ ਢੋਣ ਦਾ ਕੰਮ ਕਰਨ ’ਤੇ ਇਸਨੂੰ ਗੈਰ-ਕਾਨੂੰਨੀ ਮੰਨਿਆ ਜਾਵੇਗਾ ਅਤੇ ਗੱਡੀ ਜ਼ਬਤ ਕਰ ਲਈ ਜਾਵੇਗੀ। ਇਨ੍ਹਾਂ ਨਿਰਦੇਸ਼ਾਂ ’ਤੇ ਐੱਸ. ਟੀ. ਏ. ਨੇ ਸੋਮਵਾਰ ਨੂੰ ਕਾਰਵਾਈ ਕੀਤੀ।       


Babita

Content Editor

Related News