ਹੁਣ ਜਲੰਧਰ ''ਚ ਦੂਜੇ ਸ਼ਹਿਰਾਂ ਤੋਂ ਆਉਣ ਵਾਲੀਆਂ ਗੱਡੀਆਂ ਦੇ ਨਹੀਂ ਕੱਟੇ ਜਾਣਗੇ ਚਲਾਨ, ਖ਼ਾਸ ਹਦਾਇਤਾਂ ਜਾਰੀ

Friday, Mar 15, 2024 - 06:16 PM (IST)

ਹੁਣ ਜਲੰਧਰ ''ਚ ਦੂਜੇ ਸ਼ਹਿਰਾਂ ਤੋਂ ਆਉਣ ਵਾਲੀਆਂ ਗੱਡੀਆਂ ਦੇ ਨਹੀਂ ਕੱਟੇ ਜਾਣਗੇ ਚਲਾਨ, ਖ਼ਾਸ ਹਦਾਇਤਾਂ ਜਾਰੀ

ਜਲੰਧਰ (ਵਰੁਣ)–ਦੂਜੇ ਸ਼ਹਿਰਾਂ ਤੋਂ ਜਲੰਧਰ ਆਉਣ ਵਾਲੀਆਂ ਗੱਡੀਆਂ ਦੇ ਚਾਲਕਾਂ ਨੂੰ ਹੁਣ ਚਲਾਨ ਦੇ ਨਾਂ ’ਤੇ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਏ. ਡੀ. ਸੀ. ਪੀ. ਟ੍ਰੈਫਿਕ ਅਮਨਦੀਪ ਕੌਰ ਨੇ ਟ੍ਰੈਫਿਕ ਪੁਲਸ ਨੂੰ ਖ਼ਾਸ ਹਦਾਇਤਾਂ ਦਿੱਤੀਆਂ ਹਨ ਕਿ ਚਲਾਨ ਦੀ ਥਾਂ ਜੇਕਰ ਕਿਸੇ ਵੀ ਗੱਡੀ ’ਤੇ ਸ਼ੱਕ ਹੋਵੇ ਤਾਂ ਉਸ ਦੀ ਚੈਕਿੰਗ ਜ਼ਰੂਰ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਸ ਇਕ ਅਜਿਹਾ ਵਿਭਾਗ ਹੈ, ਜਿਹੜੇ ਸਿੱਧੇ ਤੌਰ ’ਤੇ ਲੋਕਾਂ ਨਾਲ ਜੁੜਿਆ ਹੈ। ਟ੍ਰੈਫਿਕ ਪੁਲਸ ਜੇਕਰ ਲੋਕਾਂ ਨਾਲ ਸਹੀ ਢੰਗ ਨਾਲ ਸਲੂਕ ਕਰੇ ਤਾਂ ਉਹੀ ਅਕਸ ਪੂਰੇ ਜ਼ਿਲ੍ਹੇ ਦੀ ਪੁਲਸ ਫੋਰਸ ਦਾ ਲੋਕਾਂ ਦੇ ਦਿਲਾਂ ਵਿਚ ਬੈਠਦਾ ਹੈ।

ਏ. ਡੀ. ਸੀ. ਪੀ. ਅਮਨਦੀਪ ਕੌਰ ਨੇ ਵੀਰਵਾਰ ਨੂੰ 17 ‘ਨੋ ਟਾਲਰੈਂਸ ਜ਼ੋਨ’ ਵਿਚ ਜਾ ਕੇ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਵਧੇਰੇ ਫੁੱਟਪਾਥ ਅਤੇ ਸੜਕਾਂ ਕਬਜ਼ਾ ਮੁਕਤ ਹੋ ਚੁੱਕੀਆਂ ਹਨ ਪਰ ਜਿਹੜੀਆਂ-ਜਿਹੜੀਆਂ ਥਾਵਾਂ ’ਤੇ ਦੁਕਾਨਦਾਰਾਂ, ਰੇਹੜੀ-ਫੜ੍ਹੀ ਵਾਲਿਆਂ ਨੇ ਕਬਜ਼ੇ ਕੀਤੇ ਹੋਏ ਸਨ, ਉਹ ਸਾਰੀਆਂ ਥਾਵਾਂ ਖਾਲੀ ਕਰਵਾ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਸਭ ਨੂੰ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਦੁਬਾਰਾ ਜੇਕਰ ਇਨ੍ਹਾਂ ਥਾਵਾਂ ’ਤੇ ਕਬਜ਼ੇ ਹੋਏ ਤਾਂ ਕਾਨੂੰਨੀ ਕਾਰਵਾਈ ਤੈਅ ਹੈ।
ਏ. ਡੀ. ਸੀ. ਪੀ. ਅਮਨਦੀਪ ਅਤੇ ਟ੍ਰੈਫਿਕ ਪੁਲਸ ਦੇ ਐਡਮਿਨ ਰਸ਼ਮਿੰਦਰ ਸਿੰਘ ਨੇ ਆਪਣੀ ਟੀਮ ਨਾਲ ‘ਨੋ ਟਾਲਰੈਂਸ ਜ਼ੋਨ’ ਵਿਚ ਆਉਣ ਵਾਲੇ ਲਿਬਰਟੀ ਚੌਕ ਤੋਂ ਸਾਂਝਾ ਚੁੱਲ੍ਹਾ, ਜੌਹਲ ਮਾਰਕੀਟ ਅਤੇ ਦੁਲਹਨ ਪੈਲੇਸ ਤੋਂ ਕਿਊਰੋ ਮਾਲ ਤਕ ਚੈਕਿੰਗ ਵੀ ਕੀਤੀ। ਕੁਝ ਲੋਕਾਂ ਨੇ ਪਾਰਕਿੰਗ ਸਥਾਨਾਂ ’ਤੇ ਆਪਣੀਆਂ ਦੁਕਾਨਾਂ ਦਾ ਸਾਮਾਨ ਰੱਖਿਆ ਹੋਇਆ ਸੀ, ਜਦੋਂ ਕਿ ਕੁਝ ਦੁਕਾਨਦਾਰਾਂ ਨੇ ਆਪਣੇ ਬੋਰਡ ਲਾਏ ਹੋਏ ਸਨ, ਉਹ ਸਭ ਕੁਝ ਹਟਾ ਕੇ ਕਬਜ਼ਾ-ਮੁਕਤ ਕਰਵਾਏ ਗਏ। ਜਿਹੜੀਆਂ ਗੱਡੀਆਂ ਗਲਤ ਢੰਗ ਨਾਲ ਸੜਕ ’ਤੇ ਖੜ੍ਹੀਆਂ ਸਨ, ਉਨ੍ਹਾਂ ਦੇ ਵੀ ਚਲਾਨ ਕੱਟੇ ਗਏ।

 ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ: ‘ਆਪ’ ਨੇ ਉਮੀਦਵਾਰਾਂ ਦੇ ਐਲਾਨ ’ਚ ਮਾਰੀ ਬਾਜ਼ੀ, ਹੋਰ ਪਾਰਟੀਆਂ ਅਜੇ ਸ਼ਸ਼ੋਪੰਜ ’ਚ

PunjabKesari

ਏ. ਡੀ. ਸੀ. ਪੀ. ਨੇ ਕਿਹਾ ਕਿ ਕਬਜ਼ੇ ਹਟਾਉਣ ਨਾਲ ਸ਼ਹਿਰ ਦਾ ਟ੍ਰੈਫਿਕ ਹੁਣ ਕਾਫ਼ੀ ਸਮੂਦ ਚੱਲ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਟ੍ਰੈਫਿਕ ਨੂੰ ਹੋਰ ਸਮੂਦ ਕਰਨ ਦੇ ਯਤਨ ਜਾਰੀ ਹਨ। ਉਨ੍ਹਾਂ ਕਿਹਾ ਕਿ ਜਿਹੜੇ ਰੇਹੜੀ ਵਾਲੇ ਦੋਬਾਰਾ ਸੜਕਾਂ ’ਤੇ ਆਉਣੇ ਸ਼ੁਰੂ ਹੋ ਗਏ ਹਨ, ਉਨ੍ਹਾਂ ਨੂੰ ਫਿਰ ਤੋਂ ਉਨ੍ਹਾਂ ਲਈ ਤੈਅ ਕੀਤੀਆਂ ਥਾਵਾਂ ’ਤੇ ਟਰਾਂਸਫ਼ਰ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਚਾਰਾਂ ਜ਼ੋਨਾਂ ਦੇ ਇੰਚਾਰਜਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਸਮੇਂ-ਸਮੇਂ ’ਤੇ ਨਾਜਾਇਜ਼ ਕਬਜ਼ਿਆਂ ਦੀ ਚੈਕਿੰਗ ਕਰਦੇ ਰਹਿਣ ਅਤੇ ਜਿਹੜੇ-ਜਿਹੜੇ ਲੋਕਾਂ ਨੇ ਫਿਰ ਤੋਂ ਕਬਜ਼ੇ ਕੀਤੇ ਹਨ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਏ. ਡੀ. ਸੀ. ਪੀ. ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਦੋਪਹੀਆ ਵਾਹਨ ਚਲਾਉਣ ਸਮੇਂ ਹੈਲਮੇਟ ਦੀ ਵਰਤੋਂ ਕਰਨ ਅਤੇ ਵਾਹਨ ਚਲਾਉਣ ਸਮੇਂ ਮੋਬਾਈਲ ਨਾ ਚਲਾਉਣ ਕਿਉਂਕਿ ਇਸ ਨਾਲ ਹੋਰਨਾਂ ਲੋਕਾਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ। ਅਜਿਹਾ ਕਰਨ ਵਾਲੇ ਲੋਕਾਂ ’ਤੇ ਸਖ਼ਤੀ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੱਡੀ ਚਲਾਉਣ ਸਮੇਂ ਸੀਟ ਬੈਲਟ ਦੀ ਵਰਤੋਂ ਕਰਨ ਅਤੇ ਬੁਲੇਟ ਮੋਟਰਸਾਈਕਲ ’ਤੇ ਪਟਾਕੇ ਵਾਲੇ ਸਾਇਲੈਂਸਰ ਬਿਲਕੁਲ ਵੀ ਸਹਿਣ ਨਹੀਂ ਹੋਣਗੇ। ਗੱਡੀਆਂ ਦੇ ਸ਼ੀਸ਼ਿਆਂ ’ਤੇ ਕਾਲੇ ਰੰਗ ਦੀ ਫਿਲਮ ਲਾ ਕੇ ਚਲਾਉਣ ਵਾਲਿਆਂ ’ਤੇ ਐਕਸ਼ਨ ਲੈਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਗੱਡੀ ਚਲਾਉਣ ਸਮੇਂ ਹੁੱਲੜਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ:ਕੈਨੇਡਾ ਭੇਜਣ ਦੇ ਨਾਂ 'ਤੇ ਮਾਰੀ 22 ਲੱਖ ਤੋਂ ਵਧੇਰੇ ਦੀ ਠੱਗੀ, ਜਦ ਖੁੱਲ੍ਹਿਆ ਭੇਤ ਤਾਂ ਉੱਡੇ ਪਰਿਵਾਰ ਦੇ ਹੋਸ਼

ਸਿਰਫ਼ ਚਲਾਨ ਹੀ ਨਹੀਂ, ਟ੍ਰੈਫਿਕ ’ਤੇ ਧਿਆਨ ਦੇਣ ਮੁਲਾਜ਼ਮ: ਏ. ਡੀ. ਸੀ. ਪੀ.
ਏ. ਡੀ. ਸੀ. ਪੀ. ਟ੍ਰੈਫਿਕ ਅਮਨਦੀਪ ਕੌਰ ਨੇ ਟ੍ਰੈਫਿਕ ਪੁਲਸ ਫੋਰਸ ਨੂੰ ਸਿੱਧੇ ਤੌਰ ’ਤੇ ਕਿਹਾ ਕਿ ਜੇਕਰ ਕਿਸੇ ਪੁਲਸ ਨਾਕੇ ’ਤੇ ਜਾਮ ਲੱਗਾ ਹੋਵੇ ਅਤੇ ਮੁਲਾਜ਼ਮ ਚਲਾਨ ਕੱਟਣ ਵਿਚ ਰੁੱਝੇ ਹੋਏ ਤਾਂ ਉਸ ਨਾਕੇ ’ਤੇ ਤਾਇਨਾਤ ਮੁਲਾਜ਼ਮਾਂ ’ਤੇ ਵਿਭਾਗੀ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਟ੍ਰੈਫਿਕ ਜਾਮ ਵਿਚ ਲੋਕ ਪ੍ਰੇਸ਼ਾਨ ਹੁੰਦੇ ਹਨ ਪਰ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਮੁਲਾਜ਼ਮ ਜਾਮ ਖੁਲ੍ਹਵਾਉਣ ਦੀ ਥਾਂ ਚਲਾਨ ਕੱਟ ਰਹੇ ਹੁੰਦੇ ਹਨ। ਟ੍ਰੈਫਿਕ ਮੁਲਾਜ਼ਮ ਦਾ ਪਹਿਲਾ ਕੰਮ ਆਪਣੇ ਆਲੇ-ਦੁਆਲੇ ਲੱਗਾ ਜਾਮ ਖੁੱਲ੍ਹਵਾਉਣਾ ਹੈ। ਜੇਕਰ ਟ੍ਰੈਫਿਕ ਸਮੂਦ ਚੱਲ ਰਿਹਾ ਹੋਵੇ ਤਾਂ ਫਿਰ ਉਨ੍ਹਾਂ ਲੋਕਾਂ ਦੇ ਚਲਾਨ ਕੱਟੇ ਜਾਣ, ਜਿਹੜੇ ਕਿਸੇ ਵੀ ਤਰ੍ਹਾਂ ਦੇ ਟ੍ਰੈਫਿਕ ਨਿਯਮ ਤੋੜ ਰਹੇ ਹੋਣ। ਦੂਜੇ ਸ਼ਹਿਰਾਂ ਅਤੇ ਸੂਬਿਆਂ ਤੋਂ ਆਉਣ ਵਾਲੀਆਂ ਗੱਡੀਆਂ ਤੋਂ ਫੋਕਸ ਛੱਡ ਕੇ ਟ੍ਰੈਫਿਕ ਪੁਲਸ ਮੁਲਾਜ਼ਮ ਆਪਣੀ ਡਿਊਟੀ ਸਹੀ ਢੰਗ ਨਾਲ ਕਰਨ।

ਇਹ ਵੀ ਪੜ੍ਹੋ: ਇੰਸਟਾਗ੍ਰਾਮ ਦੀ ਫੇਕ ID ਬਣਾ ਕੁੜੀ ਨੂੰ ਭੇਜੀਆਂ ਅਸ਼ਲੀਲ ਤਸਵੀਰਾਂ ਤੇ ਮੈਸੇਜ, ਫਿਰ ਕੀਤਾ ਸ਼ਰਮਨਾਕ ਕਾਰਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News