ਟ੍ਰੈਫਿਕ ਪੁਲਸ ’ਤੇ ਥਾਰ ਚੜ੍ਹਾਉਣ ਦੀ ਕੀਤੀ ਕੋਸ਼ਿਸ਼, ਚਲਾਨ ਕੱਟ ਕੇ ਛੱਡਿਆ

06/06/2024 5:21:50 PM

ਖਰੜ (ਅਮਰਦੀਪ ਸਿੰਘ) : ਖਰੜ ਬੱਸ ਸਟੈਂਡ ਲਾਗੇ ਕਾਲੇ ਸ਼ੀਸ਼ਿਆਂ ਵਾਲੀ ਥਾਰ ਨੂੰ ਟ੍ਰੈਫਿਕ ਪੁਲਿਸ ਵੱਲੋਂ ਰੁਕਣ ਦਾ ਇਸ਼ਾਰਾ ਕਰਨ ਦੇ ਬਾਵਜੂਦ ਚਾਲਕ ਨੇ ਟ੍ਰੈਫਿਕ ਮੁਲਾਜ਼ਮ ’ਤੇ ਜੀਪ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਚਾਰ ਨੌਜਵਾਨ ਥਾਰ ’ਚ ਕੁਰਾਲੀ ਸਾਈਡ ਤੋਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਲਾਂਡਰਾਂ ਰੋਡ ’ਤੇ ਜਾ ਰਹੇ ਸਨ ਤਾਂ ਪੁਲਸ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਇਸ ਦੌਰਾਨ ਚਾਲਕ ਨੇ ਜੀਪ ਦੀ ਰਫ਼ਤਾਰ ਤੇਜ਼ ਕਰ ਲਈ ਤੇ ਟ੍ਰੈਫਿਕ ਹੌਲਦਾਰ ਅਮਰੀਕ ਸਿੰਘ ’ਤੇ ਜੀਪ ਚੜ੍ਹਾਉਣ ਦੀ ਕੋਸ਼ਿਸ਼ ਕੀਤੀ।

ਟ੍ਰੈਫਿਕ ਇੰਚਾਰਜ ਸੁਖਮੰਦਰ ਸਿੰਘ ਨੇ ਬੈਰੀਗੇਡ ਲਗਾ ਕੇ ਜੀਪ ਸਵਾਰਾਂ ਨੂੰ ਕਾਬੂ ਕਰ ਲਿਆ। ਜੀਪ ’ਚੋਂ ਡਰਾਈਵਰ ਵਾਲੀ ਸੀਟ ਨੇੜਿਓਂ ਦੋ ਅੰਗਰੇਜ਼ੀ ਦਵਾਈ ਦੀਆਂ ਪਬੰਦੀਸ਼ੁਦਾ ਸ਼ੀਸ਼ੀਆਂ ਤੇ ਦੋ ਤਿੰਨ ਨਸ਼ੀਲੀਆਂ ਗੋਲੀਆਂ ਦੇ ਪੱਤੇ ਬਰਾਮਦ ਹੋਏ। ਜੀਪ ਦਾ ਅਗਲਾ ਹਿੱਸਾ ਟੁੱਟਾ ਹੋਇਆ ਸੀ। ਇਸ ਤੋਂ ਪ੍ਰਤੀਤ ਹੁੰਦਾ ਸੀ ਕਿ ਨੌਜਵਾਨਾਂ ਨੇ ਸ਼ਾਇਦ ਪਿੱਛੇ ਕੋਈ ਹਾਦਸਾ ਕੀਤਾ ਹੋਵੇ ਕਿਉਂਕਿ ਜੀਪ ਚਾਲਕ ਨਸ਼ੇ ’ਚ ਸਨ।
ਕਾਲੇ ਸ਼ੀਸ਼ਿਆਂ ਤੇ ਤੇਜ਼ ਰਫ਼ਤਾਰ ਦਾ ਚਲਾਨ ਕੱਟਿਆ : ਟ੍ਰੈਫਿਕ ਇੰਚਾਰਜ
ਘਟਨਾ ਸਬੰਧੀ ਸੰਪਰਕ ਕਰਨ ’ਤੇ ਟ੍ਰੈਫਿਕ ਇੰਚਾਰਜ ਸੁਖਮੰਦਰ ਸਿੰਘ ਨੇ ਕਿਹਾ ਕਿ ਜੀਪ ਸਵਾਰ ਨੌਜਵਾਨ ਵਿਦਿਆਰਥੀ ਸਨ ਤੇ ਉਨ੍ਹਾਂ ਦੇ ਭਵਿੱਖ ਨੂੰ ਬਚਾਉਣ ਲਈ ਉਨ੍ਹਾਂ ਕਾਨੂੰਨੀ ਕਾਰਵਾਈ ਨਹੀਂ ਕਰਵਾਈ। ਉਨ੍ਹਾਂ ਨੇ ਕਾਲੇ ਸ਼ੀਸ਼ਿਆਂ ਤੇ ਤੇਜ਼ ਰਫ਼ਤਾਰ ਦਾ ਚਲਾਨ ਕੱਟ ਕੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਹੈ।
ਮਾਮਲਾ ਧਿਆਨ ਵਿਚ ਨਹੀਂ ਹੈ: ਡੀ. ਐੱਸ. ਪੀ.
ਮਾਮਲੇ ਸਬੰਧੀ ਖਰੜ ਦੇ ਡੀ. ਐੱਸ.ਪੀ. ਕਰਨ ਸਿੰਘ ਸੰਧੂ ਨੇ ਆਖਿਆ ਕਿ ਇਹ ਮਸਲਾ ਉਨ੍ਹਾ ਦੇ ਧਿਆਨ ਵਿਚ ਨਹੀਂ ਹੈ। ਉਹ ਇਸ ਸਬੰਧੀ ਗੱਲਬਾਤ ਟ੍ਰੈਫਿਕ ਇੰਚਾਰਜ ਨਾਲ ਕਰਨਗੇ।
 


Babita

Content Editor

Related News