ਪੁਲਸ ਨੇ ਆਰਮੀ ਡਿਊਟੀ ਲਿਖੀ ਗੱਡੀ ਕੀਤੀ ਬਰਾਮਦ, ਹੋਸ਼ ਤਾਂ ਉਦੋਂ ਉੱਡੇ ਜਦੋਂ ਲਈ ਤਲਾਸ਼ੀ

Wednesday, Feb 12, 2025 - 04:11 PM (IST)

ਪੁਲਸ ਨੇ ਆਰਮੀ ਡਿਊਟੀ ਲਿਖੀ ਗੱਡੀ ਕੀਤੀ ਬਰਾਮਦ, ਹੋਸ਼ ਤਾਂ ਉਦੋਂ ਉੱਡੇ ਜਦੋਂ ਲਈ ਤਲਾਸ਼ੀ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸ੍ਰੀ ਮੁਕਤਸਰ ਸਾਹਿਬ ਅਤੇ ਪੁਲਸ ਪਾਰਟੀ ਵਲੋਂ ਇਕ ਟਰੱਕ ਵਿਚੋਂ 27 ਕੁਇੰਟਲ ਡੋਡੇ ਚੂਰਾ ਪੋਸਤ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਗਈ ਹੈ। ਜ਼ਿਲ੍ਹਾ ਪੁਲਸ ਮੁਖੀ  ਤੁਸ਼ਾਰ ਗੁਪਤਾ ਆਈ.ਪੀ.ਐੱਸ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ ਸ੍ਰੀ ਮੁਕਤਸਰ ਸਾਹਿਬ ਨੂੰ ਖਾਸ ਮੁਖਬਰ ਦੀ ਇਤਲਾਹ ਮਿਲੀ ਕਿ ਇਕ ਕੈਂਟਰ ਜਿਸ ਵਿਚ ਝਾਰਖੰਡ ਤੋਂ ਡੋਡਾ ਚੂਰਾ ਪੋਸਤ ਲੈਕੇ ਆ ਰਹੇ ਹਨ ਤਾਂ ਸੀ.ਆਈ.ਏ ਸਟਾਫ ਵੱਲੋਂ ਕੈਂਟਰ ਦੀ ਤਲਾਸ਼ ਸ਼ੁਰੂ ਕਰ ਦਿੱਤੀ, ਜਿਸ ਤੇ ਪੁਲਸ ਵੱਲੋਂ ਪਿੰਡ ਔਲਖ ਦੀ ਦਾਣਾ ਮੰਡੀ ਵਿਚ ਬਣੇ ਇਕ ਕਮਰੇ ਦੇ ਪਿਛਲੇ ਪਾਸੇ ਇਕ ਕੈਂਟਰ ਜਿਸ ਦਾ ਨੰਬਰ PB 03 BA 6751 ਖੜਾ ਦਿਖਾਈ ਦਿੱਤਾ ਜੋ ਤਰਪਾਲ ਨਾਲ ਢਕਿਆ ਹੋਇਆ ਸੀ। ਕੈਂਟਰ ਦੇ ਸ਼ੀਸੇ ਤੇ ON ARMY DUTY ਪ੍ਰਿੰਟ ਕਰਕੇ ਚਿੱਪਕਿਆ ਹੋਇਆ ਸੀ। ਇਸ ਦੌਰਾਨ ਜਦੋਂ ਪੁਲਸ ਵੱਲੋਂ ਕੈਂਟਰ ਵਿਚ ਸਵਾਰ ਨੌਜਵਾਨਾਂ ਤੋਂ ਉਨ੍ਹਾਂ ਦਾ ਨਾਮ ਪੁੱਛਿਆਂ ਤਾਂ ਡਰਾਇਵਰ ਸਾਇਡ ਬੇਠੈ ਨੌਜਵਾਨ ਨੇ ਆਪਣਾ ਨਾਮ ਮਨਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਦਾਨੇਵਾਲਾ ਅਤੇ ਕਡੰਕਟਰ ਸਾਈਡ 'ਤੇ ਬੇਠੈ ਨੌਜਵਾਨ ਨੇ ਆਪਣਾ ਨਾਮ ਅਕਾਸ਼ਦੀਪ ਸਿੰਘ ਉਰਫ ਅਕਾਸ਼ ਪੁੱਤਰ ਕਾਲਾ ਸਿੰਘ ਵਾਸੀ ਵਾਰਡ ਨੰਬਰ 9 ਪਿਉਰੀ ਰੋਡ ਗਿੱਦੜਬਾਹਾ ਦੱਸਿਆ।

ਇਨ੍ਹਾਂ ਨੌਜਵਾਨਾਂ ਨੂੰ ਕੈਂਟਰ ਵਿਚ ਲੋਡ ਸਮਾਨ ਬਾਰੇ ਪੁੱਛਿਆ ਤਾਂ ਇਨ੍ਹਾਂ ਨੇ ਕਿਹਾ ਕਿ ਇਸ ਵਿਚ ਆਰਮੀ ਦੇ ਰੱਸ ਹਨ। ਜਿਸ ਤੇ ਸ੍ਰੀ ਰਮਨਪ੍ਰੀਤ ਸਿੰਘ ਗਿੱਲ ਡੀ.ਐ.ਪੀ (ਡੀ) ਦੀ ਹਾਜ਼ਰੀ ਵਿਚ ਇਸ ਕੈਂਟਰ ਦੀ ਪੁਲਸ ਵੱਲੋਂ ਤਲਾਸ਼ੀ ਲਈ ਗਈ ਤਾਂ 90 ਗੱਟੇ ਡੋਡੇ ਚੂਰਾ ਪੋਸਤ ਪਾਏ ਗਏ, ਜਿਸ ਦਾ ਵਜ਼ਨ 2700 ਕਿੱਲੋ (27 ਕੁਇੰਟਲ) ਡੋਡੇ ਚੂਰਾ ਪੋਸਤ ਹੋਣਾ ਪਾਇਆ ਗਿਆ। ਇਸ 'ਤੇ ਪੁਲਸ ਵੱਲੋਂ ਮੁਕੱਦਮਾ ਨੰਬਰ 07 ਮਿਤੀ 12.02.2025 ਅ/ਧ 15ਸੀ ਐੱਨ.ਡੀ.ਪੀ.ਐੱਸ. ਐਕਟ ਥਾਣਾ ਸਦਰ ਮਲੋਟ, ਬਰਖਿਲਾਫ ਮਨਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਦਾਨੇਵਾਲਾ ਅਤੇ ਅਕਾਸ਼ਦੀਪ ਸਿੰਘ ਉਰਫ ਅਕਾਸ਼ ਪੁੱਤਰ ਕਾਲਾ ਸਿੰਘ ਪਿਉਰੀ ਰੋਡ ਗਿੱਦੜਬਾਹਾ ਤੇ ਦਰਜ ਕੀਤਾ ਗਿਆ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਜਿਸ 'ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾਂ ਹੈ।


author

Gurminder Singh

Content Editor

Related News