ਭੜਕੇ ਪਰਿਵਾਰਕ ਮੈਂਬਰਾਂ ਵੱਲੋਂ ਚੱਕਾ ਜਾਮ
Friday, Jun 09, 2017 - 01:25 AM (IST)
ਬਟਾਲਾ, (ਬੇਰੀ)- ਰਾਜਸਥਾਨ 'ਚ ਹੋਈ ਪੰਜਾਬੀ ਨੌਜਵਾਨ ਦੀ ਮੌਤ ਦੇ ਮਾਮਲੇ 'ਚ ਉਸ ਸਮੇਂ ਸਨਸਨੀਖੇਜ ਮੋੜ ਆ ਗਿਆ, ਜਦੋਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਲੜਕੇ ਦੀ ਲਾਸ਼ ਬਟਾਲਾ ਦੇ ਗਾਂਧੀ ਚੌਕ 'ਚ ਰੱਖ ਕੇ ਪੁਲਸ ਪ੍ਰਸ਼ਾਸਨ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ 4 ਘੰਟੇ ਲਗਾਤਾਰ ਚੱਕਾ ਜਾਮ ਕੀਤਾ ।
ਕੀ ਹੈ ਮਾਮਲਾ?
ਮ੍ਰਿਤਕ ਦੀ ਮਾਤਾ ਕਸ਼ਮੀਰ ਕੌਰ ਪਤਨੀ ਰਾਮ ਚੰਦ ਵਾਸੀ ਪਿੰਡ ਰਾਏਚੱਕ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਝਿਰਮਿਲ ਚੰਦ ਪਿੰਡ ਨਵਾਂ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਦੇ ਕੋਲ ਬਤੌਰ ਟਰੱਕ ਡਰਾਈਵਰ ਦੀ ਨੌਕਰੀ ਕਰਦਾ ਸੀ ਤੇ 26 ਮਈ ਨੂੰ ਸੰਬੰਧਿਤ ਟਰੱਕ ਮਾਲਕ ਉਨ੍ਹਾਂ ਦੇ ਲੜਕੇ ਝਿਰਮਿਲ ਚੰਦ ਨੂੰ ਰਾਜਸਥਾਨ 'ਚ ਆਪਣੇ ਨਾਲ ਟਰੱਕ 'ਤੇ ਲੈ ਗਿਆ ਪਰ ਟਰੱਕ 'ਚ ਸ਼ਰਾਬ ਹੋਣ ਕਾਰਨ ਰਾਜਸਥਾਨ 'ਚ ਲੱਗੇ ਇਕ ਨਾਕੇ ਦੌਰਾਨ ਟਰੱਕ ਮਾਲਕ ਤੇ ਉਨ੍ਹਾਂ ਦੇ ਲੜਕੇ ਨੂੰ ਪੁਲਸ ਨੇ ਫੜ ਲਿਆ ਸੀ। ਕਸ਼ਮੀਰ ਕੌਰ ਨੇ ਦੱਸਿਆ ਕਿ ਦੋ-ਤਿੰਨ ਦਿਨ ਬਾਅਦ ਸਾਨੂੰ ਰਾਜਸਥਾਨ ਤੋਂ ਫੋਨ ਆਇਆ ਕਿ ਤੁਹਾਡਾ ਲੜਕਾ ਝਿਰਮਿਲ ਚੰਦ ਬੀਮਾਰ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਪਰ ਦੇਰ ਰਾਤ ਸਾਡੇ ਲੜਕੇ ਨੂੰ ਮ੍ਰਿਤਕ ਹਾਲਤ 'ਚ ਸਾਡੇ ਘਰ ਦੇ ਦਰਵਾਜ਼ੇ ਅੱਗੇ ਕੁੱਝ ਲੋਕ ਰੱਖ ਕੇ ਚਲੇ ਗਏ ਤੇ ਜਦੋਂ ਅਸੀਂ ਆਪਣੇ ਲੜਕੇ ਦੀ ਲਾਸ਼ ਦੇਖੀ ਤਾਂ ਉਸ ਦਾ ਪੋਸਟਮਾਰਟਮ ਹੋ ਚੁਕਾ ਸੀ। ਕਸ਼ਮੀਰ ਕੌਰ ਨੇ ਸ਼ੱਕ ਜ਼ਾਹਿਰ ਕਰਦੇ ਹੋਏ ਕਿਹਾ ਕਿ ਮੇਰੇ ਲੜਕੇ ਨੂੰ ਸੰਬੰਧਿਤ ਟਰੱਕ ਮਾਲਕ ਵੱਲੋਂ ਜਾਣਬੁੱਝ ਕੇ ਮਾਰ ਦਿੱਤਾ ਗਿਆ ਹੈ ਕਿਉਂਕਿ ਮੇਰੇ ਲੜਕੇ ਦੇ ਸਿਰ 'ਤੇ ਸੱਟਾਂ ਦੇ ਨਿਸ਼ਾਨ ਹਨ।
ਕਿਉਂ ਦਿੱਤਾ ਗਿਆ ਧਰਨਾ?
ਆਪਣੇ ਲੜਕੇ ਝਿਰਮਿਲ ਚੰਦ ਦੀ ਲਾਸ਼ ਆਪਣੇ ਘਰ ਦੇ ਬਾਹਰ ਪਾਏ ਜਾਣ ਤੋਂ ਬਾਅਦ ਭੜਕੇ ਪਰਿਵਾਰਕ ਮੈਂਬਰਾਂ ਨੇ ਥਾਣਾ ਕੋਟਲੀ ਸੂਰਤ ਮੱਲ੍ਹੀ ਦਾ ਸਾਂਸੀ ਬਰਾਦਰੀ ਨੂੰ ਨਾਲ ਲੈ ਕੇ ਘਿਰਾਓ ਕਰ ਦਿੱਤਾ ਕਿਉਂਕਿ ਪਰਿਵਾਰਕ ਮੈਂਬਰਾਂ ਦੀ ਮੰਗ ਸੀ ਕਿ ਉਨ੍ਹਾਂ ਲੜਕੇ ਦੀ ਮੌਤ ਸਬੰਧੀ ਮਾਮਲਾ ਪੰਜਾਬ ਦੇ ਸਰਹੱਦੀ ਜ਼ਿਲਾ ਗੁਰਦਾਸਪੁਰ ਦੇ ਪੁਲਸ ਜ਼ਿਲਾ ਬਟਾਲਾ 'ਚ ਪੈਂਦੇ ਥਾਣਾ ਕੋਟਲੀ ਸੂਰਤ ਮੱਲ੍ਹੀ 'ਚ ਸੰਬੰਧਿਤ ਟਰੱਕ ਮਾਲਕ ਦੇ ਵਿਰੁੱਧ ਦਰਜ ਕੀਤਾ ਗਿਆ ਕਿਉਂਕਿ ਪਰਿਵਾਰ ਵਾਲਿਆਂ ਨੂੰ ਖਦਸ਼ਾ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਸੰਬੰਧਿਤ ਟਰੱਕ ਮਾਲਕ ਵੱਲੋਂ ਮਾਰ ਦਿੱਤਾ ਗਿਆ ਹੈ ਪਰ ਕੋਟਲੀ ਸੂਰਤ ਮੱਲ੍ਹੀ ਦੀ ਪੁਲਸ ਨੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਉਨ੍ਹਾਂ ਦਾ ਕੇਸ ਰਾਜਸਥਾਨ ਦੇ ਅਲਵਰ ਸ਼ਹਿਰ 'ਚ ਦਰਜ ਹੈ ਤੇ ਇਹ ਮਾਮਲਾ ਉਥੋਂ ਦਾ ਹੈ, ਇਸ ਲਈ ਪੁਲਸ ਇਥੇ ਕੇਸ ਦਰਜ ਨਹੀਂ ਕਰ ਸਕਦੀ, ਜਿਸ ਦੇ ਬਾਅਦ ਮ੍ਰਿਤਕ ਦੇ ਪਰਿਵਾਰ ਵਾਲੇ ਭੜਕ ਉਠੇ ਤੇ ਉਨ੍ਹਾਂ ਸਮੂਹ ਸਾਂਸੀ ਬਰਾਦਰੀ ਨੂੰ ਨਾਲ ਲੈ ਕੇ ਗਾਂਧੀ ਚੌਕ 'ਚ ਧਰਨਾ ਦਿੰਦੇ ਹੋਏ ਆਪਣੇ ਬੇਟੇ ਝਿਰਮਿਲ ਚੰਦ ਦੀ ਲਾਸ਼ ਕੜਕਦੀ ਧੁੱਪ 'ਚ ਰੱਖ ਕੇ ਪੁਲਸ ਵਿਰੁੱਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਤੇ ਲਗਾਤਾਰ 4 ਘੰਟੇ ਤੱਕ ਗਾਂਧੀ ਚੌਕ 'ਚ ਚੱਕਾ ਜਾਮ ਕੀਤਾ, ਜਿਸ ਨਾਲ ਆਵਾਜਾਈ 'ਚ ਕਾਫੀ ਵਿਘਨ ਪਿਆ।
ਡੀ. ਐੱਸ. ਪੀ. ਸਿਟੀ ਤੇ ਐੱਸ. ਪੀ. ਨੇ ਦਿੱਤਾ ਭਰੋਸਾ :
ਭੜਕੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰਨ ਲਈ ਡੀ. ਐੱਸ. ਪੀ. ਸਿਟੀ ਸੁੱਚਾ ਸਿੰਘ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਪਰਿਵਾਰ ਵਾਲਿਆਂ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਜ਼ਿੱਦ 'ਤੇ ਅੜੇ ਰਹੇ, ਜਿਸ ਦੇ ਬਾਅਦ ਐੱਸ. ਪੀ. ਇਨਵੈੱਸਟੀਗੇਸ਼ਨ ਗੁਰਸੇਵਕ ਸਿੰਘ ਬਰਾੜ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਦਫਤਰ 'ਚ ਬੁਲਾ ਲਿਆ ਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਤੇ ਨਾਲ ਹੀ ਇਕ ਪੁਲਸ ਅਧਿਕਾਰੀ ਦੀ ਇਸ ਕੇਸ ਸੰਬੰਧੀ ਮੌਕੇ 'ਤੇ ਡਿਊਟੀ ਵੀ ਲਾਈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਲਾਸ਼ ਗਾਂਧੀ ਚੌਕ 'ਚੋਂ ਚੁੱਕਦੇ ਹੋਏ ਜਾਮ ਖੋਲ੍ਹ ਦਿੱਤਾ। ਇਸ ਮੌਕੇ ਡੀ. ਐੱਸ. ਪੀ. ਡੇਰਾ ਬਾਬਾ ਨਾਨਕ ਦੀਪਕ ਰਾਏ ਤੇ ਹੋਰ ਪੁਲਸ ਮੁਲਾਜ਼ਮ ਮੌਜੂਦ ਸਨ।
