ਚੇਅਰਮੈਨ ਮੋਫਰ ਨੇ ਕਿਸਾਨਾਂ ਲਈ ਰਾਹਤ ਸਮੱਗਰੀ ਦਾ ਟਰੱਕ ਦਿੱਲੀ ਕੀਤਾ ਰਵਾਨਾ
Saturday, Dec 26, 2020 - 10:37 PM (IST)
ਮਾਨਸਾ: ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ’ਚ ਆਪਣਾ ਯੋਗਦਾਨ ਪਾਉਣ ਲਈ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਸ਼ੁੱਕਰਵਾਰ ਨੂੰ ਸਮੱਗਰੀ ਭੇਜੀ ਅਤੇ ਕਿਸਾਨਾਂ ਨੂੰ ਹਰ ਤਰ੍ਹਾਂ ਦਾ ਸਾਥ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਕਿਸਾਨਾਂ ਲਈ ਤਰਪਾਲਾਂ, ਆਟੇ ਦੀਆਂ ਢੌਲੀਆਂ, ਦੇਗੇ, ਗਰਮ ਲੋਈਆਂ ਅਤੇ ਹੋਰ ਸਮਾਨ ਦਾ ਇਕ ਕੈਂਟਰ ਭਰ ਕੇ ਦਿੱਲੀ ਲਈ ਰਵਾਨਾ ਕੀਤਾ ਅਤੇ ਕਿਹਾ ਕਿ ਲੋੜ ਪੈਣ ’ਤੇ ਹੋਰ ਸਮਾਨ ਵੀ ਭੇਜਿਆ ਜਾਵੇਗਾ। ਇਸ ਤੋਂ ਪਹਿਲਾਂ ਚੇਅਰਮੈਨ ਕਿਸਾਨਾਂ ਨੂੰ ਠੰਢ ਤੋਂ ਬਚਣ ਲਈ ਲੱਕੜਾਂ ਦੇ ਦੋ ਟਰੱਕ ਅਤੇ ਖੋਏ ਦੀਆਂ ਪਿੰਨੀਆਂ ਤੇ ਹੋਰ ਸਮੱਗਰੀ ਲਗਾਤਾਰ ਆਪਣੀ ਟੀਮ ਵਲੋਂ ਭੇਜ ਚੁਕੇ ਹਨ।
ਚੇਅਰਮੈਨ ਮੋਫਰ ਨੇ ਕਿਹਾ ਕਿ ਕਿਸਾਨੀ ਮੋਰਚਾ ਅਤੇ ਉਨ੍ਹਾਂ ਦੀਆਂ ਮੰਗਾਂ ਦੀ ਗੂੰਜ ਦੇਸ਼ਾਂ-ਵਿਦੇਸ਼ਾਂ ਵਿੱਚ ਪਹੁੰਚ ਚੁੱਕੀ ਹੈ। ਇਸ ਨੂੰ ਵੱਡੇ ਪੱਧਰ ’ਤੇ ਹੁੰਗਾਰਾ ਮਿਲ ਰਿਹਾ ਹੈ, ਜਿਸ ਤੋਂ ਬੁਖਲਾਹਟ ’ਚ ਆ ਕੇ ਆੜ੍ਹਤੀਏ ਭਰਾਵਾਂ ’ਤੇ ਇਨਕਮ ਟੈਕਸ ਵਿਭਾਗ ਦੇ ਛਾਪੇ ਮਰਵਾ ਰਹੀ ਹੈ ਅਤੇ ਨਵੀਆਂ-ਨਵੀਆਂ ਚਾਲਾਂ ਚੱਲ ਰਹੀ ਹੈ। ਕਿਸਾਨ ਅਤੇ ਆੜ੍ਹਤੀਏ ਸਰਕਾਰ ਅੱਗੇ ਨਹੀਂ ਝੁਕਣਗੇ ਬਲਕਿ ਆਪਣੀਆਂ ਮੰਗਾਂ ਮੰਨਵਾ ਕੇ ਹੀ ਦਿੱਲੀ ਤੋਂ ਵਾਪਸ ਮੁੜਨਗੇ। ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਖੇਡ ਰਹੀ ਮੋਦੀ ਸਰਕਾਰ ਦੇਸ਼ ਦੇ ਕਿਸਾਨਾਂ, ਵਪਾਰੀਆਂ, ਮਜ਼ਦੂਰਾਂ ਅਤੇ ਕਾਰੋਬਾਰੀਆਂ ਦਾ ਕੋਈ ਫਿਕਰ ਨਹੀਂ । ਬਲਕਿ ਆਪਣੇ ਹਿੱਤ ਪੂਰੇ ਕਰਨ ਦੀ ਚਿੰਤਾ ਹੈ, ਜਿਸ ਤਹਿਤ ਕਾਲੇ ਕਾਨੂੰਨ ਕਿਸਾਨੀ ’ਤੇ ਠੋਕੇ ਜਾ ਰਹੇ ਹਨ। ਮੋਫਰ ਨੇ ਚਿਤਾਵਨੀ ਦਿੱਤੀ ਕਿ ਜਿਨ੍ਹੀ ਦੇਰ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਣਗੇ। ਉਵੇਂ-ਉਵੇਂ ਲੋਕਾਂ ਅਤੇ ਕਿਸਾਨਾਂ ਦਾ ਰੋਹਬ ਵਧਦਾ ਜਾ ਰਿਹਾ ਹੈ, ਜੋ ਕਿ ਕੇਂਦਰ ਸਰਕਾਰ ਦਾ ਤਖਤਾ ਪਲਟ ਕਰੇਗਾ। ਉਨ੍ਹਾਂ ਕਿਹਾ ਕਿ ਕੇਂਦਰ ’ਚ ਕਾਂਗਰਸ ਦੀ ਸਰਕਾਰ ਬਣਦੇ ਹੀ ਇਹ ਕਾਨੂੰਨ ਮੁੱਢੋਂ ਰੱਦ ਕੀਤੇ ਜਾਣਗੇ। ਇਸ ਮੌਕੇ ਯੂਥ ਕਾਂਗਰਸ ਚੰਡੀਗੜ੍ਹ ਦਫਤਰ ਦੇ ਇੰਚਾਰਜ ਸੰਦੀਪ ਸਿੰਘ ਭੁੱਲਰ, ਸਾਬਕਾ ਸਰਪੰਚ ਦਰਸ਼ਨ ਸਿੰਘ ਮੋਫਰ, ਹਰਭਜਨ ਸਿੰਘ ਨੰਗਲ ਤੋਂ ਇਲਾਵਾ ਹੋਰ ਵੀ ਮੌਜੂਦ ਸਨ।