ਨਰਿੰਦਰ ਕਾਉਣੀ ਚੇਅਰਮੈਨ ਤੇ ਗੁਰਤੇਜ ਕੌਰ ਬਣੀ ਮੁਕਤਸਰ ਦੀ ਵਾਈਸ ਚੇਅਰਪਰਸਨ

09/15/2019 1:00:54 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਜ਼ਿਲਾ ਪ੍ਰੀਸ਼ਦ ਦੇ ਦਫ਼ਤਰ ਵਿਖੇ ਜ਼ਿਲਾ ਪ੍ਰੀਸ਼ਦ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਦੀ ਚੋਣ ਸਰਬਸੰਮਤੀ ਨਾਲ ਕਰਵਾਈ ਗਈ। ਇਸ ਮੌਕੇ ਹੁਕਮਰਾਨ ਧੜੇ ਕਾਂਗਰਸ ਨਾਲ ਸਬੰਧਿਤ ਸੀਨੀਅਰ ਕਾਂਗਰਸੀ ਆਗੂ ਨਰਿੰਦਰ ਸਿੰਘ ਕਾਉਣੀ ਨੂੰ ਚੇਅਰਮੈਨ ਅਤੇ ਗੁਰਤੇਜ ਕੌਰ ਭਾਈ ਕੇਰਾ ਨੂੰ ਵਾਈਸ ਚੇਅਰਪਰਸਨ ਬਣਾਇਆ ਗਿਆ। ਜ਼ਿਕਰਯੋਗ ਹੈ ਕਿ ਚੇਅਰਮੈਨ ਤੇ ਵਾਈਸ ਚੇਅਰਮੈਨ ਲਈ ਸਿਰਫ਼ ਇਕ-ਇਕ ਨਾਂ ਸਾਹਮਣੇ ਆਇਆ ਤੇ ਉਕਤ ਦੋਵਾਂ ਨੂੰ ਬਾਕੀ ਮੈਬਰਾਂ ਨੇ ਚੁਣ ਲਿਆ। ਮੁਕਤਸਰ 'ਚ ਜ਼ਿਲਾ ਪ੍ਰੀਸ਼ਦ ਦੇ ਕੁੱਲ 13 ਮੈਂਬਰ ਹਨ, ਜਿਨ੍ਹਾਂ 'ਚੋਂ 11 ਮੈਂਬਰ ਕਾਂਗਰਸ ਪਾਰਟੀ ਅਤੇ 2 ਮੈਂਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਿਤ ਹਨ। ਇਸ ਤੋਂ ਇਲਾਵਾ ਜ਼ਿਲੇ ਅਧੀਨ ਆਉਦੀਆਂ 4 ਬਲਾਕ ਸੰਮਤੀਆਂ ਦੇ ਚੇਅਰਮੈਨ ਵੋਟ ਪਾਉਣ ਦੇ ਹੱਕਦਾਰ ਸਨ। 2 ਚੇਅਰਮੈਨ ਕਾਂਗਰਸ ਪਾਰਟੀ ਨਾਲ ਸਬੰਧਿਤ ਹਨ ਤੇ ਦੋ ਬਲਾਕ ਸੰਮਤੀ ਦੇ ਚੇਅਰਮੈਨ ਲੰਬੀ ਅਤੇ ਮਲੋਟ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਹਨ। ਜੇਕਰ ਵੇਖਿਆ ਜਾਵੇ ਤਾਂ ਕਾਂਗਰਸ ਕੋਲ ਵੱਡੀ ਬਹੁਸੰਮਤੀ ਸੀ।

ਮਿਲੀਆਂ ਰਿਪੋਰਟਾਂ ਅਨੁਸਾਰ ਨਰਿੰਦਰ ਸਿੰਘ ਕਾਉਣੀ ਗਿੱਦੜਬਾਹਾ ਹਲਕੇ ਨਾਲ ਸਬੰਧ ਰੱਖਦੇ ਹਨ ਅਤੇ ਉਹ ਯੂਥ ਕਾਂਗਰਸ ਦੇ ਜ਼ਿਲਾ ਪ੍ਰਧਾਨ ਰਹਿ ਚੁੱਕੇ ਹਨ। ਇਸ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਹਨ ਅਤੇ ਵਿਧਾਇਕ ਰਾਜਾ ਵੜਿੰਗ ਦੇ ਅਤਿ ਨੇੜਲੇ ਸਾਥੀ ਹਨ। ਨਰਿੰਦਰ ਸਿੰਘ ਕਾਉਣੀ ਨੂੰ ਚੇਅਰਮੈਨ ਦੀ ਕੁਰਸੀ 'ਤੇ ਬਿਠਾਉਣ ਸਮੇਂ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਵਿਧਾਇਕ ਕਰਨ ਕੌਰ ਬਰਾੜ, ਕਾਂਗਰਸ ਦੇ ਜ਼ਿਲਾ ਪ੍ਰਧਾਨ ਹਰਚਰਨ ਸਿੰਘ ਸੋਥਾ, ਸਾਬਕਾ ਵਿਧਾਇਕ ਗੁਰਦਰਸ਼ਨ ਸਿੰਘ ਮਰਾੜ ਆਦਿ ਆਗੂ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਰਿੰਦਰ ਸਿੰਘ ਕਾਉਣੀ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ, ਰਾਜਾ ਵੜਿੰਗ ਤੇ ਸਮੁੱਚੀ ਲੀਡਰਸ਼ਿਪ ਦੇ ਧੰਨਵਾਦੀ ਹਨ। ਉਹ ਛੋਟੀ ਉਮਰ 'ਚ ਇਸ ਵੱਡੇ ਅਹੁਦੇ 'ਤੇ ਪਹੁੰਚੇ ਹਨ ਤੇ ਵਿਕਾਸ ਦੇ ਕੰਮ ਬਿਨਾਂ ਕਿਸੇ ਵਿਤਕਰੇ ਤੋਂ ਪਹਿਲ ਦੇ ਆਧਾਰ 'ਤੇ ਕਰਵਾਉਣਗੇ। ਇਸ ਮੌਕੇ ਜ਼ਿਲਾ ਪ੍ਰੀਸ਼ਦ ਦੇ 13 ਮੈਂਬਰਾਂ 'ਚੋਂ, ਨਰਿੰਦਰ ਸਿੰਘ ਕਾਉਣੀ ਤੋਂ ਇਲਾਵਾ ਅਮਰਜੀਤ ਕੌਰ, ਸਿਮਰਜੀਤ ਸਿੰਘ, ਸਰਬਜੀਤ ਸਿੰਘ, ਗੁਰਸੇਵਕ ਸਿੰਘ, ਜਸਪਾਲ ਸਿੰਘ ਆਦਿ ਮੌਜੂਦ ਹਨ।

ਵਾਈਸ ਚੇਅਰਮੈਨ ਦੀ ਸੀਟ ਸੀ ਜਨਰਲ
ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਕਿ ਵਾਈਸ ਚੇਅਰਮੈਨ ਦੀ ਸੀਟ ਭਾਵੇਂ ਜਨਰਲ ਇਸਤਰੀ ਲਈ ਸੀ ਪਰ ਕਾਂਗਰਸ ਪਾਰਟੀ ਨੇ ਮਾਣ ਸਤਿਕਾਰ ਵਜੋਂ ਇਹ ਸੀਟ ਐੱਸ.ਸੀ. ਇਸਤਰੀ ਗੁਰਤੇਜ ਕੌਰ ਜੋ ਜੋਨ ਫਤਹਿਪੁਰ ਮਨੀਆਂ ਤੋਂ ਜਿੱਤੀ ਸੀ ਦੀ ਝੋਲੀ ਪਾਈ ਹੈ।

ਪੁੱਜੇ ਪ੍ਰਸ਼ਾਸ਼ਨ ਦੇ ਅਧਿਕਾਰੀ
ਇਸ ਸਮੇਂ ਜ਼ਿਲਾ ਪ੍ਰਸ਼ਾਸ਼ਨ ਤੇ ਪੁਲਸ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਸਨ। ਜਿਥੇ ਡਿਪਟੀ ਕਮਿਸ਼ਨਰ, ਏ.ਡੀ.ਸੀ., ਐੱਮ.ਐੱਸ.ਪੀ. ਹਾਜ਼ਰ ਸਨ, ਉਥੇ ਹੀ ਸੁਰੱਖਿਆ ਵਜੋਂ ਭਾਰੀ ਗਿਣਤੀ 'ਚ ਪੁਲਸ ਫੋਰਸ ਮੌਜੂਦ ਸੀ।

ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ
ਅਹੁਦਾ ਸੰਭਾਲਣ ਤੋਂ ਬਾਅਦ ਨਵ-ਨਿਯੁਕਤ ਚੇਅਰਮੈਨ ਨਰਿੰਦਰ ਸਿੰਘ ਕਾਉਣੀ ਨੇ ਆਪਣੇ ਵੱਡੀ ਗਿਣਤੀ 'ਚ ਸਮਰਥਕਾਂ ਨਾਲ ਸ੍ਰੀ ਦਰਬਾਰ ਸਾਹਿਬ ਪੁੱਜ ਕੇ ਮੱਥਾ ਟੇਕਿਆ ਅਤੇ ਅਸ਼ੀਰਵਾਦ ਲਿਆ।


rajwinder kaur

Content Editor

Related News