ਅੰਤਰਰਾਜ਼ੀ ਚੇਨ ਸਨੈਚਿੰਗ ਗਿਰੋਹ ਦੀਆਂ 3 ਮੈਂਬਰਾਂ ਗ੍ਰਿਫਤਾਰ, 3 ਫਰਾਰ

Sunday, Jul 26, 2020 - 01:48 AM (IST)

ਪਟਿਆਲਾ,(ਬਲਜਿੰਦਰ)- ਸੀ. ਆਈ. ਏ. ਸਟਾਫ ਦੀ ਪੁਲਸ ਨੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਅੰਤਰਰਾਜ਼ੀ ਚੇਨ ਸਨੈਚਿੰਗ ਗਿਰੋਹ ਦੀਆਂ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਦਕਿ ਕਾਰ ਡਰਾਈਵਰ ਸਮੇਤ 3 ਮੌਕੇ ਤੋਂ ਫਰਾਰ ਹੋ ਗਏ। ਸਨੈਚਰ ਗਿਰੋਹ ਨੇ ਪੁਲਸ ਪਾਰਟੀ 'ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ।

ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਗਿਰੋਹ ਦੀਆਂ ਤਿੰਨੇ ਮੈਂਬਰ ਮਹਿਲਾਵਾਂ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਮਹਿਲਾਵਾਂ ਖਿਲਾਫ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ 'ਚ 100 ਤੋਂ ਜ਼ਿਆਦਾ ਕੇਸ ਦਰਜ ਹਨ। ਐੱਸ. ਪੀ. ਡੀ. ਹਰਮੀਤ ਹੁੰਦਲ, ਡੀ. ਐੱਸ. ਪੀ. ਡੀ. ਕ੍ਰਿਸ਼ਨ ਕੁਮਾਰ ਪੈਂਥੇ ਦੇ ਦਿਸ਼ਾ-ਨਿਰਦੇਸ਼ਾ 'ਤੇ ਸੀ. ਆਈ. ਏ. ਪਟਿਆਲਾ ਦੀ ਪੁਲਸ ਪਾਰਟੀ ਨੂੰ ਇੰਚਾਰਜ਼ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਮਿਲੀ ਸੂਚਨਾ ਦੇ ਅਧਾਰ 'ਤੇ ਸ਼ਹਿਰ ਦੇ ਵਾਈ. ਪੀ. ਐੱਸ. ਚੌਂਕ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਸਵਿਫਟ ਡਿਜ਼ਾਇਰ ਕਾਰ ਜਿਸ 'ਚ ਚੇਨ ਸਨੈਚਿੰਗ ਗਿਰੋਹ ਦੀਆਂ ਔਰਤਾਂ ਸਵਾਰ ਸਨ, ਨੂੰ ਨਾਕਾਬੰਦੀ ਦੌਰਾਨ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਨ੍ਹਾਂ ਨੇ ਰੁਕਣ ਦੀ ਬਜਾਏ ਮਾਰ ਦੇਣ ਦੀ ਨੀਅਤ ਨਾਲ ਨਾਕੇ 'ਤੇ ਖੜੀ ਪੁਲਸ ਪਾਰਟੀ 'ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ। ਨਾਕੇ 'ਤੇ ਪੁਲਸ ਪਾਰਟੀ ਦੀ ਖੜ੍ਹੀ ਸਰਕਾਰੀ ਗੱਡੀ 'ਚ ਆਪਣੀ ਗੱਡੀ ਮਾਰ ਕੇ ਭੱਜ ਗਏ। ਪੁਲਸ ਨੇ ਪਿੱਛਾ ਕਰ ਕੇ ਕਾਰ ਨੂੰ ਕਾਬੂ ਕੀਤਾ। ਉਸ 'ਚੋਂ ਲਛਮੀ ਉਰਫ ਲੱਛੋ ਪਤਨੀ ਲੇਟ ਦੇਸਰਾਜ ਵਾਸੀ ਪਿੰਡ ਲੰਗੜੋਈ ਥਾਣਾ ਪਸਿਆਣਾ, ਰੂਪਾ ਉਰਫ ਸੀਲੋ ਪਤਨੀ ਦਰਬਾਰਾ ਸਿੰਘ ਵਾਸੀ ਮੁਰਾਦਪੁਰ ਥਾਣਾ ਸਿਟੀ ਸਮਾਨਾ ਅਤੇ ਕਰਮਜੀਤ ਕੌਰ ਉਰਫ ਕਾਕੀ ਪੁੱਤਰੀ ਜੋਗਿੰਦਰ ਸਿੰਘ ਵਾਸੀ ਪਿੰਡ ਜ਼ੋਲੀਆ ਥਾਣਾ ਭਵਾਨੀਗੜ੍ਹ ਜ਼ਿਲਾ ਸੰਗਰੂਰ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਨਾਲ ਕਾਰ ਸਵਾਰ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਸੂਲਰ ਥਾਣਾ ਪਸਿਆਣਾ ਅਤੇ ਸੱਤਿਆ ਪਤਨੀ ਰਣਜੀਤ ਸਿੰਘ ਉਰਫ ਕਾਲਾ ਵਾਸੀ ਪਿੰਡ ਲੰਗੜੋਈ ਥਾਣਾ ਪਸਿਆਣਾ ਮੌਕੇ ਤੋਂ ਫਰਾਰ ਹੋ ਗਏ। ਜਿਨ੍ਹਾਂ ਖਿਲਾਫ ਥਾਣਾ ਸਿਵਲ ਲਾਈਨ 'ਚ 307, 379 ਬੀ, 427, 473 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਕਿੰਝ ਦਿੰਦੀਆਂ ਸਨ ਵਾਰਦਾਤ ਨੂੰ ਅੰਜਾਮ
ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਗਿਰੋਹ ਦੀ ਮੁੱਖ ਸਰਗਣਾ ਲਛਮੀ ਉਰਫ ਲੱਛੋ ਦਾ ਹੈ, ਜੋ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਹੋਰ ਸੂਬਿਆਂ 'ਚ ਵਾਰਦਾਤਾਂ ਨੂੰ ਅੰਜਾਮ ਦਿੰਦੀਆਂ ਹਨ। ਧਾਰਮਿਕ ਅਸਥਾਨਾਂ, ਬੱਸ ਸਟੈਂਡ, ਰੇਲਵੇ ਸਟੇਸ਼ਨਾਂ 'ਤੇ ਜਾਂਦੀਆਂ ਔਰਤਾਂ ਦੇ ਪਹਿਨੇ ਹੋਏ ਗਹਿਣੇ ਜਿਵੇਂ ਕੜੇ, ਚੇਨੀਆਂ, ਚੂੜੀਆਂ ਅਤੇ ਹੋਰ ਸੋਨੇ ਦੇ ਗਹਿਣੇ ਕਟਰ ਨਾਲ ਕੱਟ ਲੈਦੀਆਂ ਹਨ। ਜੇਕਰ ਕੋਈ ਬਜ਼ੁਰਗ ਮਰਦ ਤੇ ਔਰਤਾਂ ਕਿਸੇ ਵੀ ਜਗ੍ਹਾ 'ਤੇ ਇਕੱਲੀਆਂ ਮਿਲ ਜਣ ਤਾਂ ਉਸ ਨੂੰ ਧੱਕੇ ਨਾਲ ਆਪਣੀ ਕਾਰ 'ਚ ਬਿਠਾ ਕੇ ਉਸ ਦੇ ਪਹਿਨੇ ਗਹਿਣੇ ਅਤੇ ਨਕਦੀ ਵਗੈਰਾ ਲੁੱਟ ਕੇ ਉਸ ਨੂੰ ਬੇਅਬਾਦ ਜਗ੍ਹਾ 'ਤੇ ਉਤਾਰ ਕੇ ਆਪਣੀ ਕਾਰ ਭਜਾ ਲੈਦੀਆਂ ਹਨ।

ਇਸ ਗਿਰੋਹ ਖਿਲਾਫ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਆਦਿ 'ਚ 100 ਤੋਂ ਜ਼ਿਆਦਾ ਕੇਸ ਦਰਜ ਹਨ। ਲਛਮੀ ਉਰਫ ਲੱਛੋ (53) ਜਿਸ ਦੇ ਖਿਲਾਫ ਪੰਜਾਬ, ਹਰਿਆਣਾ ਤੇ ਹੋਰ ਰਾਜਾਂ 'ਚ 59 ਕੇਸ ਦਰਜ ਹਨ, ਰੂਪਾ ਉਰਫ ਸੀਲੋ (55) ਖਿਲਾਫ ਕਰੀਬ 29 ਕੇਸ ਅਤੇ ਕਰਮਜੀਤ ਕੌਰ ਉਰਫ ਕਾਕੀ (38) ਖਿਲਾਫ 4 ਕੇਸ ਦਰਜ ਹਨ। ਇਸ ਤੋਂ ਇਲਾਵਾ ਇਨ੍ਹਾਂ ਦੀ ਫਰਾਰ ਸਾਥਣ ਸੱਤਿਆ ਖਿਲਾਫ ਵੀ 33 ਕੇਸ ਦਰਜ ਹਨ। ਇਸ ਤੋਂ ਇਲਾਵਾ ਮਨਪ੍ਰੀਤ ਸਿੰਘ ਉਰਫ ਮਨੀ ਖਿਲਾਫ ਵੀ 4 ਕੇਸ ਦਰਜ ਹਨ।

ਕਾਰ 'ਚੋਂ ਜਾਅਲੀ ਨੰਬਰ ਪਲੇਟਾਂ, ਸੋਨੇ ਦੀਆਂ ਚੇਨੀਆਂ ਅਤੇ ਕੜੇ ਬਰਾਮਦ
ਇਸ ਗਿਰੋਹ ਦੇ ਕਬਜ਼ੇ ਬਰਾਮਦ ਕਾਰ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ ਜਾਅਲੀ ਨੰਬਰ ਪਲੇਟਾ, ਸੋਨੇ ਦੀਆਂ ਚੇਨੀਆਂ, ਕੜਾ ਅਤੇ ਵਾਲੀਆਂ ਕੱਟਣ ਵਾਲੇ ਕੱਟਰ ਅਤੇ ਸੋਨਾ ਤੋਲਣ ਵਾਲਾ ਛੋਟਾ ਕੰਡਾ ਅਤੇ ਵਜ਼ਨ ਵਾਲੇ ਛੋਟੇ ਵੱਟੇ ਅਤੇ ਕੁਝ ਸਿੱਕੇ, ਇਕ ਕਿਰਚ ਬਰਾਮਦ ਹੋਏ ਹਨ।




 


Deepak Kumar

Content Editor

Related News