ਟ੍ਰੇਨਾਂ ਵਿਚ ਬਿਨਾਂ ਵਜ੍ਹਾ ਚੇਨ ਖਿੱਚਣ ਵਾਲਿਆਂ ਖ਼ਿਲਾਫ਼ ਸਖ਼ਤੀ: 630 ਕੇਸ ਦਰਜ, 84,300 ਰੁਪਏ ਜੁਰਮਾਨਾ

Wednesday, Jun 03, 2026 - 05:18 PM (IST)

ਟ੍ਰੇਨਾਂ ਵਿਚ ਬਿਨਾਂ ਵਜ੍ਹਾ ਚੇਨ ਖਿੱਚਣ ਵਾਲਿਆਂ ਖ਼ਿਲਾਫ਼ ਸਖ਼ਤੀ: 630 ਕੇਸ ਦਰਜ, 84,300 ਰੁਪਏ ਜੁਰਮਾਨਾ

ਲੁਧਿਆਣਾ (ਗੌਤਮ): ਭਾਰਤੀ ਰੇਲਵੇ ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ ਲਈ ਹਮੇਸ਼ਾ ਵਚਨਬੱਧ ਹੈ, ਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਟ੍ਰੇਨਾਂ ਵਿਚ ਲੱਗੀ ਅਲਾਰਮ ਚੇਨ ਦੀ ਦੁਰਵਰਤੋਂ ਰੇਲ ਸੰਚਾਲਨ ਵਿਚ ਵੱਡੀ ਰੁਕਾਵਟ ਬਣ ਰਹੀ ਹੈ। ਫਿਰੋਜ਼ਪੁਰ ਮੰਡਲ ਦੇ ਰੇਲਵੇ ਸੁਰੱਖਿਆ ਬਲ (ਆਰ.ਪੀ.ਐਫ.) ਨੇ ਇਸ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਇਸ ਸਾਲ ਦੇ ਪਹਿਲੇ ਪੰਜ ਮਹੀਨਿਆਂ ਵਿਚ ਸੈਂਕੜੇ ਮਾਮਲੇ ਦਰਜ ਕੀਤੇ ਹਨ।

ਮੰਡਲ ਦਫ਼ਤਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ, 1 ਜਨਵਰੀ 2026 ਤੋਂ 31 ਮਈ 2026 ਤੱਕ ਰੇਲ ਅਧਿਨਿਯਮ ਦੀ ਧਾਰਾ 141 ਦੇ ਤਹਿਤ ਕੁੱਲ 630 ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਮਾਮਲਿਆਂ ਵਿਚ ਦੋਸ਼ੀ ਵਿਅਕਤੀਆਂ ਵਿਰੁੱਧ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਦੇ ਨਤੀਜੇ ਵਜੋਂ ਮਾਨਯੋਗ ਅਦਾਲਤ ਵੱਲੋਂ ਦੋਸ਼ੀਆਂ 'ਤੇ ਕੁੱਲ 84,300 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਰੇਲਵੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਚੇਨ ਦੀ ਸਹੂਲਤ ਸਿਰਫ਼ ਅਸਲ ਐਮਰਜੈਂਸੀ ਹਾਲਾਤ ਲਈ ਦਿੱਤੀ ਗਈ ਹੈ। ਬਿਨਾਂ ਕਿਸੇ ਜਾਇਜ਼ ਕਾਰਨ ਜਾਂ ਨਿੱਜੀ ਸੁਵਿਧਾ ਲਈ ਚੇਨ ਖਿੱਚਣਾ ਰੇਲ ਅਧਿਨਿਯਮ, 1989 ਦੀ ਧਾਰਾ 141 ਤਹਿਤ ਇਕ ਸਜ਼ਾਯੋਗ ਜੁਰਮ ਹੈ, ਜਿਸ ਲਈ ਜੁਰਮਾਨਾ ਅਤੇ ਜੇਲ੍ਹ ਦੋਵੇਂ ਹੋ ਸਕਦੇ ਹਨ। ਇਸ ਬੇਲੋੜੀ ਚੇਨ ਪੁਲਿੰਗ ਕਾਰਨ ਟ੍ਰੇਨਾਂ ਦੀ ਸਮਾਂਬੱਧਤਾ ਪ੍ਰਭਾਵਿਤ ਹੁੰਦੀ ਹੈ, ਜਿਸ ਨਾਲ ਹਜ਼ਾਰਾਂ ਯਾਤਰੀਆਂ ਨੂੰ ਪਰੇਸ਼ਾਨੀ ਹੁੰਦੀ ਹੈ ਅਤੇ ਰੇਲਵੇ ਨੂੰ ਆਰਥਿਕ ਨੁਕਸਾਨ ਵੀ ਝੱਲਣਾ ਪੈਂਦਾ ਹੈ।

ਫਿਰੋਜ਼ਪੁਰ ਮੰਡਲ ਵੱਲੋਂ ਰੇਲ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜ਼ਿੰਮੇਵਾਰੀ ਦਾ ਸਬੂਤ ਦੇਣ ਅਤੇ ਅਲਾਰਮ ਚੇਨ ਦਾ ਉਪਯੋਗ ਕੇਵਲ ਗੰਭੀਰ ਸਥਿਤੀਆਂ ਵਿਚ ਹੀ ਕਰਨ। ਰੇਲਵੇ ਵੱਲੋਂ ਸਟੇਸ਼ਨਾਂ ਅਤੇ ਟ੍ਰੇਨਾਂ ਵਿਚ ਅਨਾਊਂਸਮੈਂਟ ਰਾਹੀਂ ਲੋਕਾਂ ਨੂੰ ਇਸ ਦੇ ਨੁਕਸਾਨਾਂ ਪ੍ਰਤੀ ਜਾਗਰੂਕ ਕਰਨ ਲਈ ਲਗਾਤਾਰ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ।


author

Anmol Tagra

Content Editor

Related News