ਚਾਹਲ ਗੰਨ ਹਾਊਸ 'ਚ ਗੋਲੀ ਲੱਗਣ ਕਾਰਨ ਜ਼ਖਮੀ ਹੋਈ ਦੂਜੀ ਮਹਿਲਾ ਨੇ ਵੀ ਤੋੜਿਆ ਦਮ

09/19/2018 6:12:07 PM

ਟਾਂਡਾ ਉੜਮੁੜ ( ਵਰਿੰਦਰ ਪੰਡਿਤ,ਮੋਮੀ)— ਜਾਜਾ ਬਾਈਪਾਸ ਨਜ਼ਦੀਕ ਬੀਤੇ ਦਿਨ ਚਾਹਲ ਗੰਨ ਹਾਊਸ 'ਚ ਚੱਲੀਆਂ ਗੋਲੀਆਂ ਦੌਰਾਨ ਜ਼ਖਮੀ ਹੋਈ ਦਲਵੀਰ ਕੌਰ ਨਾਂ ਦੀ ਮਹਿਲਾ ਨੇ ਵੀ ਅੱਜ ਤੜਕੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ 'ਚ ਦਮ ਤੋੜ ਦਿੱਤਾ। ਦੱਸਣਯੋਗ ਹੈ ਕਿ ਬੀਤੇ ਦਿਨ ਚਾਹਲ ਗੰਨ ਹਾਊਸ 'ਚ ਮਾਲਕ ਦੇ ਬੇਟੇ ਕੋਲੋਂ ਚੱਲੀਆਂ ਗੋਲੀਆਂ ਦੌਰਾਨ ਇਕ ਐੱਨ. ਆਰ. ਆਈ. ਔਰਤ ਸਰਬਜੀਤ ਕੌਰ ਦੀ ਗੋਲੀਆਂ ਦਾ ਸ਼ਿਕਾਰ ਹੋਣ ਕਰਕੇ ਮੌਤ ਹੋ ਗਈ ਸੀ ਜਦਕਿ ਉਸ ਦੀ ਭਰਜਾਈ ਦਲਵੀਰ ਕੌਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਸੀ, ਜਿਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਥੇ ਹੀ ਇਸ ਮਾਮਲੇ ਸਬੰਧੀ ਡੀ .ਐੱਸ .ਪੀ . ਟਾਂਡਾ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਗੋਲੀ ਕਾਂਡ ਲਈ ਦੋਸ਼ੀ ਗੰਨ ਹਾਊਸ ਦੇ ਮਾਲਕ ਸਰਬਜੀਤ ਸਿੰਘ ਦੇ ਬੇਟੇ ਅਮਰਪ੍ਰੀਤ ਸਿੰਘ ਉਰਫ ਸੋਨੂ ਦੀ ਭਾਲ 'ਚ ਪੁਲਸ ਟੀਮਾਂ ਲੱਗੀਆਂ ਹੋਈਆਂ ਹਨ ਅਤੇ ਉਸ ਦੇ ਫੜੇ ਜਾਣ ਤੋਂ ਬਾਅਦ ਹੀ ਕਤਲ ਦੇ ਕਾਰਨ ਸਪੱਸ਼ਟ ਹੋਣਗੇ। ਫਿਲਹਾਲ ਪੁਲਸ ਸੋਨੂ ਦੇ ਪਿਤਾ ਕੋਲੋਂ ਪੁੱਛਗਿੱਛ ਕਰ ਰਹੀ ਹੈ।

ਗੰਨ ਹਾਊਸ ਦੇ ਮਾਲਕ ਦੀ ਜਾਣਕਾਰ ਸੀ ਮ੍ਰਿਤਕਾ ਦਲਵੀਰ ਕੌਰ
ਪਿੰਡ ਝਾਂਵਾ ਦੀ ਵਾਸੀ ਦਲਵੀਰ ਕੌਰ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਇਕ ਪੁੱਤਰ ਵਿਦੇਸ਼ 'ਚ ਰਹਿੰਦਾ ਹੈ। ਉਹ ਗੰਨ ਹਾਊਸ ਦੇ ਮਾਲਕ ਸਰਬਜੀਤ ਸਿੰਘ ਦੀ ਜਾਣਕਾਰ ਸੀ। ਵਾਰਦਾਤ ਤੋਂ ਪਹਿਲਾਂ ਟਾਂਡਾ ਵਿਖੇ ਐਕਟਿਵਾ 'ਤੇ ਸਵਾਰ ਹੋ ਕੇ ਆਈਆਂ ਦਲਵੀਰ ਕੌਰ ਅਤੇ ਉਸ ਦੀ ਨਨਾਣ ਸਰਬਜੀਤ ਕੌਰ ਨੂੰ ਸਰਬਜੀਤ ਸਿੰਘ ਐਕਸਿਸ ਬੈਂਕ ਨਜ਼ਦੀਕ ਮਿਲਿਆ ਸੀ ਅਤੇ ਉਸਨੇ ਹੀ ਉਨ੍ਹਾਂ ਨੂੰ ਗੰਨ ਹਾਊਸ ਆਉਣ ਦਾ ਸੱਦਾ ਦਿੱਤਾ ਸੀ। ਸਰਬਜੀਤ ਸਿੰਘ ਦੇ ਗੰਨ ਹਾਊਸ ਆਉਣ ਤੋਂ ਪਹਿਲਾਂ ਜਦੋਂ ਦੋਵੇਂ ਔਰਤਾਂ ਗੰਨ ਹਾਊਸ ਪਹੁੰਚੀਆਂ ਤਾਂ ਉਥੇ ਮੌਜੂਦ ਇਕ ਔਰਤ

ਉਨ੍ਹਾਂ ਦੇ ਆਉਣ 'ਤੇ ਬਾਹਰ ਚਲੀ ਗਈ ਸੀ ਅਤੇ ਉਸ ਸਮੇਂ ਗੰਨ ਹਾਊਸ ਦੇ ਮਾਲਕ ਦਾ ਬੇਟਾ ਅਮਨਪ੍ਰੀਤ ਸਿੰਘ ਹੀ ਮੌਜੂਦ ਸੀ। ਸਰਬਜੀਤ ਸਿੰਘ ਦੇ ਆਉਣ ਤੋਂ ਪਹਿਲਾਂ ਹੀ ਸੋਨੂ ਨੇ ਗੋਲੀਕਾਂਡ ਨੂੰ ਅੰਜਾਮ ਦੇ ਦਿੱਤਾ ਅਤੇ ਖੁਦ ਫਰਾਰ ਹੋ ਗਿਆ।
ਟਾਂਡਾ ਪੁਲਸ ਦੋਸ਼ੀ ਸੋਨੂੰ ਦੇ ਪਿਤਾ ਸਰਬਜੀਤ ਸਿੰਘ ਕੋਲੋਂ ਪੁੱਛਗਿੱਛ ਕਰਕੇ ਉਸ ਦੇ ਦਲਵੀਰ ਕੌਰ ਨਾਲ ਸਬੰਧ ਅਤੇ ਸਾਂਝ ਬਾਰੇ ਜਾਣਕਾਰੀ ਹਾਸਲ ਕਰ ਰਹੀ ਹੈ। ਸੋਨੂ ਦੇ ਮਨ 'ਚ ਉਕਤ ਔਰਤਾਂ ਪ੍ਰਤੀ ਕੋਈ ਪੁਰਾਣੀ ਕੁੜੱਤਣ ਸੀ ਜਾਂ ਕੋਈ ਹੋਰ ਕਾਰਨ ਸੀ ਇਸ ਦਾ ਪਤਾ ਤਾਂ ਸੋਨੂ ਦੇ ਫੜੇ ਜਾਣ 'ਤੇ ਹੀ ਲੱਗੇਗਾ ਪਰ ਇਸ ਦੌਰਾਨ ਪੁਲਸ ਇਸ ਸਵਾਲ ਦਾ ਜਵਾਬ ਲੱਭ ਰਹੀ ਹੈ ਕਿ ਜੇਕਰ ਦਲਵੀਰ ਕੌਰ ਉਸ ਦੇ ਪਿਤਾ ਦੀ ਪੁਰਾਣੀ ਜਾਣਕਾਰ ਸੀ ਤਾਂ ਕੁਝ ਹੀ ਪਲਾਂ 'ਚ ਐਨੀ ਵੱਡੀ ਕਿਹੜੀ ਗੱਲ ਹੋ ਗਈ ਕਿ ਸੋਨੂੰ ਪਲਾਂ 'ਚ ਹੀ ਗੋਲੀਆਂ ਮਾਰਨ 'ਤੇ ਉਤਰ ਆਇਆ।


Related News