ਮੋਦੀ ਦੀਆਂ ਪ੍ਰਾਪਤੀਆਂ ਗਿਣਵਾਉਣ ਆਏ ਚੁੱਘ ਕੈਪਟਨ ''ਤੇ ਵਰ੍ਹੇ

Sunday, Jul 01, 2018 - 06:55 AM (IST)

ਮੋਦੀ ਦੀਆਂ ਪ੍ਰਾਪਤੀਆਂ ਗਿਣਵਾਉਣ ਆਏ ਚੁੱਘ ਕੈਪਟਨ ''ਤੇ ਵਰ੍ਹੇ

ਫਿਰੋਜ਼ਪੁਰ (ਜੈਨ) - ਲੋਕ ਸਭਾ ਦੀਆਂ ਤਿਆਰੀਆਂ ਨੂੰ ਲੈ ਕੇ ਭਾਜਪਾ ਪੂਰੀ ਤਰ੍ਹਾਂ ਨਾਲ ਸਰਗਰਮ ਹੋ ਗਈ ਹੈ। ਸ਼ਨੀਵਾਰ ਨੂੰ ਪਾਰਟੀ ਦੇ ਕੇਂਦਰੀ ਨੇਤਾ ਤਰੁਣ ਚੁੱਘ ਮੋਦੀ ਸਰਕਾਰ ਦੀਆਂ 48 ਮਹੀਨਿਆਂ ਦੀਆਂ ਉਪਲੱਬਧੀਆਂ ਦਾ ਬਖਾਨ ਕਰਨ ਆਏ ਤੇ ਕੈਪਟਨ ਸਰਕਾਰ ਦੀਆਂ ਖਾਮੀਆਂ ਗਿਣਾ ਕੇ ਚਲੇ ਗਏ। ਚੁੱਘ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਦੀ ਜਨਤਾ  ਨਾਲ ਸ਼ਰੇਆਮ ਧੋਖਾ ਕੀਤਾ ਹੈ, ਜਿਸ ਨੂੰ ਜਨਤਾ ਬਰਦਾਸ਼ਤ ਨਹੀਂ ਕਰੇਗੀ  ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਇਸ  ਦਾ ਹਿਸਾਬ ਚੁਕਦਾ ਕਰੇਗੀ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਕਾਂਗਰਸ ਪ੍ਰਧਾਨ ਨੂੰ ਅਬੋਹਰ 'ਚ ਆਪਣੀ ਹਾਰ ਬਰਦਾਸ਼ਤ ਨਹੀਂ ਹੋ ਰਹੀ ਤੇ ਉਥੋਂ ਦੇ ਅਕਾਲੀ-ਭਾਜਪਾ ਦੇ ਲੋਕਾਂ 'ਤੇ ਝੂਠੇ ਪਰਚੇ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੇ ਨਾ ਤਾਂ ਸਾਰੇ ਨੌਜਵਾਨਾਂ ਨੂੰ ਨੌਕਰੀ ਦਿੱਤੀ ਹੈ ਤੇ ਨਾ ਹੀ ਉਹ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਦੀਆਂ ਯੋਜਨਾਵਾਂ 'ਚ ਸਹਿਯੋਗ ਦੇ ਕੇ ਲੋਕਾਂ ਦਾ ਭਲਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਡੇਢ ਸਾਲ 'ਚ ਸਿੱਧੂ, ਮਨਪ੍ਰੀਤ, ਕੈਪਟਨ ਆਪਣੀ ਡਪਲੀ ਵਜਾ ਰਹੇ ਹਨ। ਕਿਸਾਨਾਂ ਨਾਲ ਕਰਜ਼ਾ ਮੁਆਫੀ ਦਾ ਵਾਅਦਾ ਕਰ ਕੇ ਇਸ ਸਰਕਾਰ ਨੇ ਅੰਨਦਾਤਾ ਨੂੰ ਰਿਆਇਤ ਦੇਣ ਦੀ ਬਜਾਏ ਉਸ ਨੂੰ ਕਰਜ਼ਾਈ ਬਣਾ ਦਿੱਤਾ ਹੈ।
ਮੋਦੀ ਸਰਕਾਰ ਦੀਆਂ ਉਪਲੱਬਧੀਆਂ ਗਿਣਵਾਉਂਦੇ ਹੋਏ ਉਨ੍ਹਾਂ ਕਿਹਾ ਕਿ ਸਵੱਛ ਭਾਰਤ, ਬੇਟੇ ਬਚਾਓ, ਬੇਟੀ ਪੜ੍ਹਾਓ, ਸੜਕਾਂ ਦਾ ਤੇਜ਼ੀ ਨਾਲ ਬਣਨਾ, ਪਖਾਣੇ ਬਣਨੇ, ਘਰਾਂ 'ਚ ਬਿਜਲੀ ਤੇ ਘਰੇਲੂ ਗੈਸ ਦੀ ਸਪਲਾਈ ਕੀਤੀ ਗਈ ਤੇ ਲੋਕਾਂ ਦਾ ਆਰਥਕ ਪੱਧਰ ਉੱਚਾ ਕਰਨ ਲਈ ਜ਼ੀਰੋ ਬੈਲੇਂਸ ਦੇ ਖਾਤੇ ਖੋਲ੍ਹੇ ਗਏ। ਇਸ ਮੌਕੇ ਜ਼ਿਲਾ ਪ੍ਰਧਾਨ ਦਵਿੰਦਰ ਬਜਾਜ, ਅਸ਼ਵਨੀ ਗਰੋਵਰ, ਡੀ. ਪੀ. ਚੰਦਨ, ਜੁਗਰਾਜ ਸਿੰਘ, ਸੁਸ਼ੀਲ ਗੁਪਤਾ, ਵਿਜੇ ਅਟਵਾਲ, ਬਲਦੇਵ ਸਿੰਘ ਤੇ ਗੋਬਿੰਦ ਰਾਮ ਹਾਜ਼ਰ ਸਨ।


Related News