ਚੱਬੇਵਾਲ ਦੇ ਅਸਤੀਫ਼ੇ ਨੇ ਵਧਾਈ ਕਾਂਗਰਸ ਦੀ ਸਿਰਦਰਦੀ! ਨਵੇਂ ਸਿਰਿਓਂ ਚੁਣਨਾ ਪਵੇਗਾ ਡਿਪਟੀ ਲੀਡਰ
Friday, Mar 15, 2024 - 02:38 PM (IST)
 
            
            ਲੁਧਿਆਣਾ (ਹਿਤੇਸ਼): ਚੱਬੇਵਾਲ ਤੋਂ ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਉਹ ਵਿਧਾਨ ਸਭਾ ਵਿਚ ਪਾਰਟੀ ਦੇ ਡਿਪਟੀ ਲੀਡਰ ਵੀ ਰਹੇ ਹਨ। ਇਸ ਲਈ ਹੁਣ ਕਾਂਗਰਸ ਨੂੰ ਵਿਧਾਨ ਸਭਾ ਵਿਚ ਨਵੇਂ ਸਿਰਿਓਂ ਡਿਪਟੀ ਲੀਡਰ ਦੀ ਨਿਯੁਕਤੀ ਕਰਨੀ ਹੋਵੇਗੀ। ਇਨ੍ਹਾਂ ਵਿਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਿਸੇ ਹਿੰਦੂ ਜਾਂ ਦਲਿਤ ਲੀਡਰ ਨੂੰ ਚੁਣਿਆ ਜਾ ਸਕਦਾ ਹੈ, ਕਿਉਂਕਿ ਇਸ ਵੇਲੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੱਟ ਭਾਈਚਾਰੇ ਨਾਲ ਜੁੜੇ ਹੋਏ ਹਨ, ਜਦਕਿ ਰਾਜ ਕੁਮਾਰ ਚੱਬੇਵਾਲ ਨੂੰ ਦਲਿਤ ਕੋਟੇ ਤੋਂ ਵਿਧਾਨ ਸਭਾ ਵਿਚ ਡਿਪਟੀ ਲੀਡਰ ਬਣਾਇਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਵੱਲੋਂ 7 IAS ਤੇ PCS ਅਧਿਕਾਰੀਆਂ ਦੇ ਤਬਾਦਲੇ, ਜਲੰਧਰ ਨੂੰ ਮਿਲਿਆ ਨਵਾਂ RTO
ਇਸ ਲਈ ਦਿੱਤਾ ਵਿਧਾਇਕੀ ਤੋਂ ਵੀ ਅਸਤੀਫ਼ਾ
ਰਾਜ ਕੁਮਾਰ ਚੱਬੇਵਾਲ ਨੇ ਕਾਂਗਰਸ ਦੇ ਨਾਲ-ਨਾਲ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਵੀ ਅਸਤੀਫ਼ਾ ਦਿੱਤਾ ਹੈ। ਇਸ ਨੂੰ ਲੈ ਕੇ ਚਰਚਾ ਹੈ ਕਿ ਜੇਕਰ ਉਹ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਨਾ ਦਿੰਦੇ ਤਾਂ ਕਾਂਗਰਸ ਵੱਲੋਂ ਉਨ੍ਹਾਂ ਨੂੰ ਅਯੋਗ ਕਰਾਰ ਦੇਣ ਦੀ ਅਪੀਲ ਕੀਤੀ ਜਾ ਸਕਦੀ ਹੈ। ਹਾਲਾਂਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰਨ ਜਾਂ ਨਾ ਕਰਨ ਦਾ ਫ਼ੈਸਲਾ ਸਪੀਕਰ ਨੇ ਕਰਨਾ ਹੈ ਤੇ ਆਪ ਪੇਸ਼ ਹੋ ਕੇ ਅਸਤੀਫ਼ਾ ਨਾ ਦੇਣ ਕਾਰਨ ਉਨ੍ਹਾਂ ਕੋਲ ਲੋਕ ਸਭਾ ਚੋਣਾਂ ਦੇ ਨਤੀਜੇ ਵੇਖ ਕੇ ਅਸਤੀਫ਼ਾ ਵਾਪਸ ਲੈਣ ਦਾ ਬਦਲ ਵੀ ਹੋ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਮੋਬਾਈਲ ਲਈ ਪਾਗਲਪਨ ਦੀ ਹੱਦ! Toilet 'ਚ ਡਿੱਗਿਆ ਫ਼ੋਨ ਤਾਂ ਨੌਜਵਾਨ ਨੇ ਖਾ ਲਿਆ ਜ਼ਹਿਰ (ਵੀਡੀਓ)
ਇਕ ਵਾਰ ਫ਼ਿਰ ਹੋ ਸਕਦੈ ਨਵੇਂ-ਪੁਰਾਣੇ ਕਾਂਗਰਸੀਆਂ ਵਿਚਾਲੇ ਮੁਕਾਬਲਾ
ਆਮ ਆਦਮੀ ਪਾਰਟੀ ਵੱਲੋਂ ਰਾਜ ਕੁਮਾਰ ਚੱਬੇਵਾਲ ਨੂੰ ਹੁਸ਼ਿਆਰਪੁਰ ਤੋਂ ਉਮੀਦਵਾਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। ਜਿਸ ਤੋਂ ਸਾਫ਼ ਹੋ ਗਿਆ ਹੈ ਕਿ ਲੋਕ ਸਬਾ ਚੋਣਾਂ ਦੌਰਾਨ ਇਕ ਵਾਰ ਫ਼ਿਰ ਨਵੇਂ ਤੇ ਪੁਰਾਣੇ ਕਾਂਗਰਸੀਆਂ ਵਿਚਾਲੇ ਮੁਕਾਬਲਾ ਹੋਵੇਗਾ, ਕਿਉਂਕਿ 'ਆਪ' ਵੱਲੋਂ ਜਲੰਧਰ ਲੋਕ ਸਭਾ ਸੀਟ 'ਤੇ ਹੋਈ ਜ਼ਿਮਣੀ ਚੋਣ ਵਿਚ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੂੰ ਟਿਕਟ ਦਿੱਤੀ ਗਈ ਸੀ, ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫ਼ਤਿਹਗੜ੍ਹ ਸਾਹਿਬ ਸੀਟ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੂੰ ਸ਼ਾਮਲ ਕਰ ਕੇ ਟਿਕਟ ਦਿੱਤੀ ਗਈ ਹੈ। ਜਿਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਉਨ੍ਹਾਂ ਆਗੂਆਂ ਨਾਲ ਹੋਵੇਗਾ, ਜਿਨ੍ਹਾਂ ਨਾਲ ਉਹ ਕੁਝ ਦਿਨ ਪਹਿਲਾਂ ਤਕ ਇਕੱਠੇ ਕੰਮ ਕਰਦੇ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            