ਕੇਂਦਰ ਨੇ ਖੁਸ਼ ਕੀਤੇ ਪੰਜਾਬ ਦੇ ਕਿਸਾਨ, ਝੋਨੇ ਦੀ ਖਰੀਦ ਲਈ ਦਿੱਤੇ 26707.50 ਕਰੋੜ

Thursday, Oct 10, 2019 - 09:56 AM (IST)

ਕੇਂਦਰ ਨੇ ਖੁਸ਼ ਕੀਤੇ ਪੰਜਾਬ ਦੇ ਕਿਸਾਨ, ਝੋਨੇ ਦੀ ਖਰੀਦ ਲਈ ਦਿੱਤੇ 26707.50 ਕਰੋੜ

ਚੰਡੀਗੜ੍ਹ (ਅਸ਼ਵਨੀ) : ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਖੁਸ਼ ਕਰਦੇ ਹੋਏ ਝੋਨੇ ਦੀ ਖਰੀਦ ਲਈ 26707.50 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਨਿੱਜੀ ਕੋਸ਼ਿਸ਼ਾਂ ਸਦਕਾ ਕੇਂਦਰ ਨੇ ਬੁੱਧਵਾਰ ਨੂੰ ਸਾਉਣੀ ਦੇ 2019-20 ਖਰੀਦ ਸੀਜ਼ਨ ਦੌਰਾਨ ਅਕਤੂਬਰ ਮਹੀਨੇ ਹੋਣ ਵਾਲੀ ਝੋਨੇ ਦੀ ਖਰੀਦ ਵਾਸਤੇ ਨਕਦ ਕਰਜ਼ਾ ਹੱਦ (ਸੀ. ਸੀ. ਐੱਲ.) ਦੇ 26707.50 ਕਰੋੜ ਰੁਪਏ ਮਨਜ਼ੂਰ ਕਰ ਦਿੱਤੇ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ ਅਕਤੂਬਰ, 2019 ਦੇ ਅੰਤ ਤੱਕ ਲਈ ਸੀ. ਸੀ. ਐੱਲ. ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਕਿਸਾਨਾਂ ਨੂੰ ਫਸਲ ਵੇਚਣ ਬਦਲੇ ਤੁਰੰਤ ਭੁਗਤਾਨ ਯਕੀਨੀ ਬਣਾਉਣ ਲਈ ਕੈਪਟਨ ਅਮਰਿੰਦਰ ਸਿੰਘ ਖੁਦ ਨਿੱਜੀ ਤੌਰ 'ਤੇ ਸੀ. ਸੀ. ਐੱਲ. ਜਲਦੀ ਜਾਰੀ ਕਰਵਾਉਣ ਲਈ ਕੇਂਦਰ ਸਰਕਾਰ ਨਾਲ ਰਾਬਤਾ ਰੱਖ ਰਹੇ ਸਨ। ਝੋਨੇ ਦੀ ਖਰੀਦ ਦੇ ਪ੍ਰਬੰਧਾਂ ਅਤੇ ਇਸ ਦੀ ਚਾਲ 'ਤੇ ਤਸੱਲੀ ਪ੍ਰਗਟਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੂੰ ਨਿਰਦੇਸ ਦਿੱਤੇ ਹਨ ਕਿ ਝੋਨੇ ਦੀ ਲਿਫਟਿੰਗ ਤੁਰੰਤ ਹੋਵੇ ਅਤੇ ਕਿਸਾਨਾਂ ਨੂੰ ਤੈਅ ਸਮੇਂ ਅੰਦਰ ਵੇਚੀ ਫਸਲ ਦਾ ਭੁਗਤਾਨ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ।

ਹੁਣ ਤੱਕ ਸੂਬੇ ਦੀਆਂ ਖਰੀਦ ਏਜੰਸੀਆਂ ਵਲੋਂ ਕੁਲ 3,26,839 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ, ਜਿਸ 'ਚ ਪਨਗ੍ਰੇਨ ਨੇ 1,27,575 ਮੀਟ੍ਰਿਕ ਟਨ, ਮਾਰਕਫੈਡ ਨੇ 80025 ਮੀਟ੍ਰਿਕ ਟਨ, ਪਨਸਪ ਨੇ 48387 ਮੀਟ੍ਰਿਕ ਟਨ ਅਤੇ ਪੀ. ਐੱਸ. ਡਬਲਯੂ.ਸੀ. ਨੇ 38116 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ। ਇਸੇ ਤਰ੍ਹਾਂ ਐੱਫ. ਸੀ. ਆਈ. ਨੇ 5627 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ।


author

Babita

Content Editor

Related News