ਜਲੰਧਰ 'ਚ ਕੇਂਦਰੀ ਆਗੂਆਂ ਦਾ ਮਾਸਟਰ ਪਲਾਨ ਫਲਾਪ, ਨੇਤਾਵਾਂ ਦੀ ਮਨਮਰਜ਼ੀ ਕਰਨ ਦੀ ਨੀਤੀ ਲੈ ਡੁੱਬੀ ਭਾਜਪਾ ਦੀ ਬੇੜੀ

06/02/2023 11:49:43 AM

ਜਲੰਧਰ (ਅਨਿਲ ਪਾਹਵਾ)-ਜਲੰਧਰ ਲੋਕਸਭਾ ਜ਼ਿਮਨੀ ਚੋਣ ਤੋਂ ਬਾਅਦ ਸਿਆਸੀ ਪਾਰਟੀਆਂ ਲੋਕਲ ਬਾਡੀਜ਼ ਚੋਣਾਂ ਦੀਆਂ ਤਿਆਰੀਆਂ ’ਚ ਲੱਗ ਗਈਆਂ ਹਨ ਪਰ ਭਾਜਪਾ ਦੇ ਗਲੇ ਤੋਂ ਫਿਲਹਾਲ ਇਸ ਲੋਕ ਸਭਾ ਜ਼ਿਮਨੀ ਚੋਣ ’ਚ ਕੀਤੀਆਂ ਗਲਤੀਆਂ ਦਾ ਬੋਝ ਨਹੀਂ ਉੱਤਰ ਰਿਹਾ। ਚੋਣਾਂ ਦੌਰਾਨ ਪਾਰਟੀ ਦੇ ਕਈ ਅਹੁਦੇਦਾਰਾਂ ਦੀ ਮਨਮਰਜ਼ੀ ਅਤੇ ਵਰਕਰਾਂ ਨੂੰ ਨਾਲ ਮਿਲਾ ਕੇ ਨਹੀਂ ਚੱਲਣ ਦੀ ਨੀਤੀ ਦਾ ਖਮਿਆਜ਼ਾ ਪਾਰਟੀ ਨੂੰ ਭੁਗਤਣਾ ਪਿਆ। ਇਸੇ ਕਾਰਨ ਜਲੰਧਰ ਤੋਂ ਲੈ ਕੇ ਕੇਂਦਰ ਤੱਕ ਇਸ ਹਾਰ ਦੀ ਗੂੰਜ ਸੁਣਾਈ ਪੈ ਰਹੀ ਹੈ। ਉਂਝ ਤਾਂ ਕਈ ਪਹਿਲੂ ਇਸ ਮਾਮਲੇ ’ਚ ਹੁਣ ਤੱਕ ਉਜਾਗਰ ਹੋ ਚੁੱਕੇ ਹਨ ਪਰ ਸਥਾਨਕ ਨੇਤਾਵਾਂ ਦੀਆਂ ਲਾਪ੍ਰਵਾਹੀਆਂ ਦਾ ਚਿੱਠਾ ਰੋਜ਼ਾਨਾ ਸਾਹਮਣੇ ਆ ਰਿਹਾ ਹੈ, ਜਿਸ ਨਾਲ ਇਹ ਗੱਲ ਸਾਫ਼ ਹੋ ਗਈ ਹੈ ਕਿ ਜਲੰਧਰ ਦਾੀ ਲੋਕ ਸਭਾ ਉਪ ਚੋਣ ਹਾਰਨ ਲਈ ਭਾਜਪਾ ਦਾ ਵਰਕਰ ਨਹੀਂ ਸਗੋਂ ਪਾਰਟੀ ਦੇ ਅਹੁਦੇਦਾਰ ਜ਼ਿੰਮੇਵਾਰ ਹਨ।

ਆਮ ਵੋਟਰ ਤੋਂ ਪੂਰੀ ਤਰ੍ਹਾਂ ‘ਕੱਟ-ਆਫ਼’ ਰਹੇ ਆਗੂ
ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਕੇਂਦਰ ਵੱਲੋਂ ਕੋਈ ਕਮੀ ਨਹੀਂ ਛੱਡੀ ਗਈ ਸੀ। ਜਲੰਧਰ ’ਚ ਪੈਸੇ ਅਤੇ ਸਿਆਸਤਦਾਨਾਂ ਦੀ ਭੀੜ ਇਕੱਠੀ ਹੋ ਗਈ ਸੀ ਪਰ ਇਸ ਦੇ ਬਾਵਜੂਦ ਪਾਰਟੀ ਕਿਉਂ ਹਾਰ ਗਈ, ਇਹ ਇਕ ਵੱਡਾ ਸਵਾਲ ਹਰ ਵਰਕਰ ਦੇ ਮਨ ’ਚ ਘੁੰਮ ਰਿਹਾ ਹੈ ਅਤੇ ਸ਼ਾਇਦ ਉਸ ਨੂੰ ਰਾਤ ਨੂੰ ਸੌਣ ਨਹੀਂ ਦੇ ਰਿਹਾ। ਸਥਾਨਕ ਆਗੂਆਂ ਨੇ ਕੇਂਦਰ ਤੋਂ ਜੋ ਵੀ ਮਦਦ ਮੰਗੀ, ਉਸ ਨੂੰ ਮਿਲੀ ਪਰ ਹੁਣ ਇੱਥੇ ਕੰਮ ਤਾਂ ਸੂਬਾ ਜਾਂ ਜ਼ਿਲ੍ਹੇ ਦੀ ਟੀਮ ਨੇ ਹੀ ਕਰਨਾ ਸੀ, ਉਹ ਨਹੀਂ ਹੋਇਆ। ਹੁਣ ਇਕ ਹੋਰ ਵੱਡਾ ਖ਼ੁਲਾਸਾ ਸਾਹਮਣੇ ਆਇਆ ਹੈ ਕਿ ਜਲੰਧਰ ’ਚ ਹਰ ਵੋਟਰ ਦੇ ਘਰ ਤੱਕ ਪਹੁੰਚਣ ਲਈ ਭਾਜਪਾ ਨੇ ਮਾਸਟਰ ਪਲਾਨ ਬਣਾਇਆ ਸੀ। ਕੇਂਦਰੀ ਲੀਡਰਸ਼ਿਪ ਦੇ ਉੱਚ ਕੋਟੀ ਦੇ ਵਰਕਰਾਂ ਨੇ ਇਹ ਯੋਜਨਾ ਤਿਆਰ ਕੀਤੀ ਸੀ, ਜਿਸ ’ਚ ਭਾਜਪਾ ਉਮੀਦਵਾਰ ਦੀ ਤਰਫੋਂ ਇਕ ਅਪੀਲ ਪੱਤਰ ਹਰ ਵੋਟਰ ਦੇ ਘਰ ਜਾਣਾ ਸੀ। ਇਸ ’ਚ ਖਾਸ ਗੱਲ ਇਹ ਸੀ ਕਿ ਇਸ ਰੰਗਦਾਰ ਅਪੀਲ ਪੱਤਰ ’ਚ ਵੋਟਰ ਨੂੰ ਸੰਬੋਧਿਤ ਕੀਤਾ ਗਿਆ ਸੀ। ਵੋਟਰ ਦਾ ਨਾਮ, ਪਿਤਾ ਦਾ ਨਾਮ, ਸਭ ਕੁਝ ਇਸ ’ਚ ਪਹਿਲਾਂ ਤੋਂ ਹੀ ਪ੍ਰਕਾਸ਼ਿਤ ਸੀ। ਹੈਰਾਨੀ ਦੀ ਗੱਲ ਹੈ ਕਿ ਇਹ ਅਪੀਲ ਪੱਤਰ ਵੋਟਰਾਂ ਤੱਕ ਪਹੁੰਚੇ ਹੀ ਨਹੀਂ ਅਤੇ ਹੋਰ ਲੋਕਾਂ ਤੱਕ ਪਹੁੰਚਣ ਲਈ ਚੋਣਾਂ ਦੀ ਪਰਚੀ ਸਭ ਤੋਂ ਅਹਿਮ ਸਾਧਨ ਹੁੰਦਾ ਹੈ, ਉਹ ਵੀ ਲੈ ਕੇ ਕੋਈ ਵੋਟਰ ਦੇ ਘਰ ਨਹੀਂ ਗਿਆ।

ਇਹ ਵੀ ਪੜ੍ਹੋ- ਪੰਜਾਬ 'ਚ ਭਾਰੀ ਮੀਂਹ ਮਗਰੋਂ ਬਦਲੇਗਾ ਮੌਸਮ ਦਾ ਮਿਜਾਜ਼, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ

ਪਹਿਲਾਂ ਤੋਂ ਮਹਿੰਗਾ ਸਮਾਨ ਤਿਆਰ ਕਰਵਾਉਣ ਦੀ ਵੀ ਚਰਚਾ
ਇੰਨਾ ਹੀ ਨਹੀਂ, ਸਰਕਾਰੀ ਫੰਡਾਂ ਦੀ ਦੁਰਵਰਤੋਂ ਕਿਵੇਂ ਕੀਤੀ ਗਈ, ਇਸ ਨਾਲ ਜੁੜੀਆਂ ਕੁਝ ਜਾਣਕਾਰੀਆਂ ਵੀ ਸਾਹਮਣੇ ਆਈਆਂ ਹਨ। ਖ਼ਬਰਾਂ ਅਨੁਸਾਰ ਬੂਥ ਜਾਂ ਚੋਣ ਕੇਂਦਰ ’ਤੇ ਬੈਠਣ ਵਾਲਿਆਂ ਨੂੰ ਇਕ ਬੈਗ ਤਿਆਰ ਕਰਕੇ ਦਿੱਤਾ ਜਾਂਦਾ ਹੈ, ਜਿਸ ’ਚ ਉਨ੍ਹਾਂ ਦੇ ਇਲਾਕੇ ਦੀ ਵੋਟਰ ਸੂਚੀ ਅਤੇ ਹੋਰ ਚੀਜ਼ਾਂ ਹੁੰਦੀਆਂ ਹਨ। ਇਹ ਇਸ ਤੋਂ ਪਹਿਲਾਂ ਦੇ ਚੋਣਾਂ ’ਚ 200 ਰੁਪਏ ਪ੍ਰਤੀ ਬੈਗ ਦੇ ਹਿਸਾਬ ਨਾਲ ਤਿਆਰ ਕਰਵਾਇਆ ਜਾਂਦਾ ਰਿਹਾ ਹੈ ਪਰ ਹੁਣ ਜੋ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਉਨ੍ਹਾਂ ਮੁਤਾਬਕ ਇਹ ਬੈਗ ਲੁਧਿਆਣਾ ਦੀ ਕਿਸੇ ਕੰਪਨੀ ਵੱਲੋਂ ਤਿਆਰ ਕਰਵਾਏ ਗਏ ਅਤੇ ਉਸ ਦਾ ਖ਼ਰਚਾ ਕਥਿਤ ਤੌਰ ’ਤੇ ਪ੍ਰਤੀ ਬੈਗ 500 ਦੇ ਲਗਭਗ ਰਿਹਾ, ਜਦੋਂ ਕਾਂਗਰਸ ਪਾਰਟੀ ਨੇ ਉਹੀ ਬੈਗ ਜਲੰਧਰ ਤੋਂ 200 ਰੁਪਏ ਦੇ ਲਗਭਗ ਰੇਟ ’ਤੇ ਤਿਆਰ ਕਰਵਾਏ ਹਨ। ਜਦੋਂ ਪਾਰਟੀ ਪਹਿਲਾਂ ਵੀ ਅਜਿਹੇ ਪ੍ਰਬੰਧ ਕਰਦੀ ਰਹੀ ਹੈ ਤਾਂ ਇਸ ਵਾਰ ਹੋਰ ਪੈਸੇ ਖ਼ਰਚਣ ਦੀ ਕੀ ਲੋੜ ਸੀ।

ਇਹ ਵੀ ਪੜ੍ਹੋ- ਮੁਫ਼ਤ ਬਿਜਲੀ ਲੈਣ ਵਾਲਿਆਂ ਲਈ ਅਹਿਮ ਖ਼ਬਰ, ਇਨ੍ਹਾਂ ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟਣ ਦੀ ਤਿਆਰੀ

ਟਕਸਾਲੀ ਨੇਤਾਵਾਂ ਦੀ ਸ਼ਮੂਲੀਅਤ ਤੋਂ ਬਚਦੇ ਰਹੇ ਭਾਜਪਾਈ
ਇਸ ਵਾਰ ਦੀ ਲੋਕ ਸਭਾ ਜ਼ਿਮਨੀ ਚੋਣ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪਾਰਟੀ ਨੇ ਕਿਸੇ ਵੀ ਅਜਿਹੇ ਨੇਤਾ ਦਾ ਸਹਾਰਾ ਨਹੀਂ ਲਿਆ ਜਿਸ ਦੇ ਕੋਲ ਪਿਛਲੀਆਂ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ਵਿਚ ਕੰਮ ਕਰਨ ਦਾ ਤਜਰਬਾ ਹੋਵੇ। ਪਾਰਟੀ ਦੇ ਕੁਝ ਨੇਤਾਵਾਂ ਦੀ ਇਹੀ ਕੋਸ਼ਿਸ਼ ਸੀ ਕਿ ਨਵੇਂ ਆਏ ਨੌਜਵਾਨਾਂ ਨੂੰ ਹੀ ਕੰਮ ’ਤੇ ਲਾਇਆ ਜਾਵੇ ਅਤੇ ਮਾਹਿਰ ਤੇ ਟਕਸਾਲੀ ਨੇਤਾਵਾਂ ਤੋਂ ਕਿਨਾਰਾ ਬਣਾ ਕੇ ਰੱਖਿਆ ਜਾਵੇ। ਇਹ ਵੀ ਸੰਭਵ ਹੈ ਕਿ ਨਵੇਂ ਨੌਜਵਾਨ ਕਿੰਤੂ-ਪਰੰਤੂ ਕਰਨ ਤੋਂ ਗੁਰੇਜ਼ ਕਰਦੇ ਹਨ। ਸ਼ਾਇਦ ਇਸੇ ਕਾਰਨ ਟਕਸਾਲੀ ਨੇਤਾਵਾਂ ਦੀ ਜਗ੍ਹਾ ਨੌਜਵਾਨਾਂ ਨੂੰ ਹੀ ਕੰਮ ’ਤੇ ਲਾਈ ਰੱਖਿਆ ਗਿਆ। ਇਸ ਤੋਂ ਇਲਾਵਾ ਪਾਰਟੀ ਦੇ ਬਹੁਤ ਸਾਰੇ ਵਰਕਰ ਘਰੋਂ ਨਿਕਲੇ ਹੀ ਨਹੀਂ ਅਤੇ ਨਾ ਹੀ ਪਾਰਟੀ ਨੇ ਉਨ੍ਹਾਂ ਨੂੰ ਕੋਈ ਜ਼ਿੰਮੇਵਾਰੀ ਸੌਂਪੀ। ਕੁਲ ਮਿਲਾ ਕੇ ਜਿਹੜੇ ਲੋਕ ਲਾਏ ਗਏ ਸਨ, ਉਹ ਸ਼ਹਿਰ ਦੇ 2-4 ਆਲੀਸ਼ਾਨ ਹੋਟਲਾਂ ਤਕ ਹੀ ਸੀਮਿਤ ਸਨ, ਜਦੋਂਕਿ ਵੋਟਰ ਤਕ ਪਹੁੰਚ ਕਰਨ ਦੀ ਹਿੰਮਤ ਕਿਸੇ ਨੇ ਨਹੀਂ ਵਿਖਾਈ।

ਇਹ ਵੀ ਪੜ੍ਹੋ- ਕੋਰੋਨਾ ਕਾਲ ਨੇ ਖੋਹ ਲਿਆ ਰੁਜ਼ਗਾਰ, ਮਾਂ-ਧੀਆਂ ਨੇ ਨਹੀਂ ਹਾਰੀ ਹਿੰਮਤ, ਅੱਜ ਹੋਰਾਂ ਲਈ ਬਣੀਆਂ ਮਿਸਾਲ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News