ਡਾਇੰਗ ਯੂਨਿਟਾਂ ਤੋਂ ਉੱਠਦੇ ਧੂੰਏਂ ਨਾਲ ਘੁੱਟ ਰਿਹਾ ਕੈਦੀਅਾਂ ਦਾ ਦਮ

Saturday, Jul 28, 2018 - 05:10 AM (IST)

ਡਾਇੰਗ ਯੂਨਿਟਾਂ ਤੋਂ ਉੱਠਦੇ ਧੂੰਏਂ ਨਾਲ ਘੁੱਟ ਰਿਹਾ ਕੈਦੀਅਾਂ ਦਾ ਦਮ

ਲੁਧਿਆਣਾ(ਸਿਆਲ)-ਕੇਂਦਰੀ ਜੇਲ ਦੇ ਆਲੇ-ਦੁਆਲੇ ਸਥਾਪਤ ਫੈਕਟਰੀਆਂ ਅਤੇ ਡਾਇੰਗ ਯੂਨਿਟਾਂ ਦੀਆਂ ਚਿਮਨੀਆਂ ’ਚੋਂ ਉੱਠਦੇ ਜ਼ਹਿਰੀਲੇ ਧੂੰਏਂ ਨਾਲ ਕੈਦੀਆਂ ਦਾ ਦਮ ਘੁੱਟ ਰਿਹਾ ਹੈ। ਵੱਖ-ਵੱਖ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਕੈਦੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੁਸਤ ਰਵੱਈਏ ਖਿਲਾਫ ਹਾਈਕੋਰਟ ’ਚ ਜਨਹਿਤ ਪਟੀਸ਼ਨ ਦਾਇਰ ਕਰਨ ਲਈ ਤਿਆਰ ਹਨ। ਕੈਦੀਆਂ ਦਾ ਕਹਿਣਾ ਹੈ ਕਿ ਉਹ ਇਸ ਸਮੱਸਿਆ ਨਾਲ ਪਿਛਲੇ ਲੰਬੇ ਸਮੇਂ ਤੋਂ ਜੂਝ ਰਹੇ ਹਨ ਪਰ ਨਾ ਹੀ ਕਿਸੇ ਮੰਤਰੀ ਅਤੇ ਨਾ ਹੀ ਵਿਭਾਗੀ ਅਧਿਕਾਰੀ ਨੇ ਉਨ੍ਹਾਂ ਦੀ ਸਮੱਸਿਆ ਹੱਲ ਕਰਵਾਉਣ ਵੱਲ ਧਿਆਨ ਦਿੱਤਾ ਹੈ।
ਖਾਣ-ਪੀਣ ਦੀਆਂ ਚੀਜ਼ਾਂ ਹੋ ਰਹੀਆਂ ਜ਼ਹਿਰੀਲੀਆਂ
 ਤਾਜਪੁਰ ਰੋਡ ’ਤੇ ਕੇਂਦਰੀ ਜੇਲ, ਮਹਿਲਾ ਜੇਲ ਅਤੇ ਬ੍ਰੋਸਟਲ ਜੇਲ ਦੇ ਨਾਲ ਕੈਂਪ ’ਚ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਰਿਹਾਇਸ਼ ਬਣੀ ਹੋਈ ਹੈ। ਜੇਲ ਦੇ ਆਲੇ-ਦੁਆਲੇ ਫੈਕਟਰੀਆਂ ਤੋਂ ਉੱਠਦੇ   ਜ਼ਹਿਰੀਲੇ ਧੂੰਏਂ ਦੇ ਰੂਪ ’ਚ ਕਾਲੀ ਸੁਆਹ  ਜਿੱਥੇ ਸਫੈਦ ਕੱਪਡ਼ਿਆਂ ’ਤੇ ਡਿੱਗ ਕੇ ਉਨ੍ਹਾਂ ਨੂੰ ਦਾਗਦਾਰ ਕਰਦੀ ਹੈ, ਉਥੇ ਖਾਣ-ਪੀਣ ਦੀਆਂ ਚੀਜ਼ਾਂ ਵਿਚ ਡਿੱਗ ਕੇ ਉਨ੍ਹਾਂ ਨੂੰ ਜ਼ਹਿਰੀਲਾ ਬਣਾ ਰਹੀ ਹੈ। ਮਹਿਲਾ ਜੇਲ ’ਚ ਹਵਾਲਾਤੀ ਅੌਰਤਾਂ ਦੇ ਨਾਲ ਰਹਿੰਦੇ ਬੱਚੇ ਵੀ ਜ਼ਹਿਰੀਲੇ ਧੂੰਏਂ  ਨਾਲ ਬੀਮਾਰੀਆਂ ਦੀ ਲਪੇਟ ’ਚ ਆ ਰਹੇ ਹਨ। 
ਖਾਨਾਪੂਰਤੀ  ਲਈ ਲਾਏ ਰੁੱਖ ਵੀ ਸੁੱਕ ਰਹੇ ਨੇ
 ਪ੍ਰਦੂਸ਼ਣ ਕੰਟਰੋਲ ਵਿਭਾਗ ਕਈ ਵਾਰ ਖਾਨਾਪੂਰਤੀ ਲਈ ਜੋ ਰੁੱਖ ਲਾ ਕੇ ਜਾਂਦਾ ਵੀ ਹੈ, ਉਹ ਜ਼ਹਿਰੀਲੇ ਧੂੰਏਂ ਦੀ ਵਜ੍ਹਾ ਨਾਲ ਸਡ਼ ਗਏ ਹਨ ਪਰ ਵਿਭਾਗ ਨੂੰ ਕੀ ਪ੍ਰਵਾਹ, ਉਸ ਨੇ ਤਾਂ ਰੁੱਖ ਲਾ ਕੇ ਆਪਣਾ ਫਰਜ਼ ਅਦਾ ਕਰ ਦਿੱਤਾ। 
ਵਾਤਾਵਰਣ ਹੋ ਰਿਹਾ ਦੂਸ਼ਿਤ,  ਕੈਦੀਅਾਂ ਦੀ ਜ਼ਿੰਦਗੀ ਨਾਲ ਖਿਲਵਾਡ਼ 
 ਇਸ ਤਰ੍ਹਾਂ ਦੀ ਸਥਿਤੀ ’ਚ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ। ਕਈ ਵਾਰ ਜ਼ਹਿਰੀਲੇ ਧੂੰਏਂ ਦੇ ਕਾਰਨ ਮੁਲਾਕਾਤ ਕਰਨ ਆਉਣ ਵਾਲਿਆਂ ਅਤੇ ਡਿਊਟੀ ’ਤੇ ਤਾਇਨਾਤ ਕਰਮਚਾਰੀਆਂ ਦੀਆਂ ਅੱਖਾਂ ਵਿਚ ਪੈ ਕੇ ਜਲਣ ਪੈਦਾ ਕਰਦਾ ਹੈ। ਇਸ ਨਾਲ ਅਾਪ੍ਰੇਸ਼ਨ ਤੱਕ ਦੀ ਨੌਬਤ ਆ ਜਾਂਦੀ ਹੈ। ਸਬੰਧਤ ਵਿਭਾਗ ਦੇ ਅਧਿਕਾਰੀ ਆਖਿਰ ਕਿਸ ਲਾਲਚ ’ਚ ਕਾਰੋਬਾਰੀਆਂ ਵਲੋਂ ਵਾਤਾਵਰਣ ਨੂੰ ਦੂਸ਼ਿਤ ਕੀਤੇ ਜਾਣ ਦੇ ਬਾਵਜੂਦ ਕਾਰਵਾਈ ਨਾ ਕਰ ਕੇ ਜੇਲ ਅਧਿਕਾਰੀਆਂ, ਕਰਮਚਾਰੀਆਂ ਅਤੇ ਕੈਦੀਆਂ ਦੀ ਜ਼ਿੰਦਗੀ ਨਾਲ ਖਿਲਵਾਡ਼ ਕਰ ਰਹੇ ਹਨ। 
ਮੰਤਰੀਆਂ ਨੂੰ ਜਾਣੂ ਕਰਵਾਇਆ ਪਰ ਨਹੀਂ ਹੋਇਆ ਸਮੱਸਿਆ ਦਾ ਹੱਲ
 ਕੈਦੀਆਂ ਨੇ ਦੱਸਿਆ ਕਿ ਕਈ ਵਾਰ ਜੇਲ ਦੌਰੇ ’ਤੇ ਆਏ ਮੰਤਰੀਆਂ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਜ਼ਹਿਰੀਲੇ ਧੂੰਏਂ ਦੀ ਸਮੱਸਿਆ ਤੋਂ ਜਾਣੂ ਕਰਵਾ ਚੁੱਕੇ ਹਨ ਪਰ ਸਮੱਸਿਆ ਕੋਈ ਹੱਲ ਨਹੀਂ ਹੋਇਆ। ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ ਤਾਂ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ  ਪਟੀਸ਼ਨ ਦਾਇਰ ਕਰਨਗੇ। 


Related News