ਕਿਸਾਨਾਂ ’ਤੇ ਕੀਤੇ ਕਾਤਲਾਨਾ ਹਮਲੇ ਦੇ ਕੇਂਦਰ ਸਰਕਾਰ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ : ਆਪ
Tuesday, Oct 05, 2021 - 06:32 PM (IST)
ਰੂਪਨਗਰ (ਸੱਜਨ ਸੈਣੀ) : ਲਖੀਮਪੁਰ ਖੀਰੀ ਦੀ ਹੋਈ ਦਰਦਨਾਕ ਘਟਨਾ ਦੇ ਵਿਰੋਧ ’ਚ ਅੱਜ ਰੋਪੜ ਸ਼ਹੀਦ -ਏ-ਆਜ਼ਮ ਭਗਤ ਸਿੰਘ ਚੌਂਕ (ਬੇਲਾ ਚੌਂਕ) ਵਿਖੇ ਆਮ ਆਦਮੀ ਪਾਰਟੀ ਰੋਪੜ ਵਲੋਂ ਜ਼ਿਲ੍ਹਾ ਸਕੱਤਰ ਰਾਮ ਕੁਮਾਰ ਮੁਕਾਰੀ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀ. ਜੇ. ਪੀ. ਦੀ ਯੋਗੀ ਸਰਕਾਰ ਦਾ ਪੁਤਲਾ ਜਲਾ ਕੇ ਰੋਸ ਪ੍ਰਗਟ ਕੀਤਾ। ਇਸ ਮੌਕੇ ਜ਼ਿਲ੍ਹਾ ਸਕੱਤਰ ਰਾਮ ਕੁਮਾਰ ਮੁਕਾਰੀ ਨੇ ਕਿਹਾ ਕਿ ਬੀ. ਜੇ. ਪੀ. ਦੀ ਯੋਗੀ ਸਰਕਾਰ ਸਾਰੀਆਂ ਹੱਦਾਂ ਟੱਪ ਗਈ ਹੈ। ਤਿੰਨ ਖੇਤੀ ਦੇ ਕਾਲੇ ਕਾਨੂੰਨਾਂ ਦੇ ਵਧਦੇ ਵਿਰੋਧ ਤੋਂ ਡਰ ਕੇ ਹੁਣ ਸਿੱਧੇ ਤੌਰ ’ਤੇ ਪੰਜਾਬੀਆਂ ਅਤੇ ਕਿਸਾਨਾਂ ਦੇ ਕਤਲ ਕਰਨ ’ਤੇ ਉੱਤਰ ਆਏ ਹਨ, ਜੋ ਕਿ ਦੇਸ਼ ਲਈ ਘਾਤਕ ਹੈ, ਜਿਸਦੇ ਕੇਂਦਰ ਸਰਕਾਰ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇਸ ਮੌਕੇ ਸੂਬਾ ਬੁਲਾਰਾ ਵਕੀਲ ਦਿਨੇਸ਼ ਚੱਢਾ, ਜ਼ਿਲ੍ਹਾ ਮੀਡੀਆ ਇੰਚਾਰਜ ਸੁਦੀਪ ਵਿੱਜ ਅਤੇ ਜ਼ਿਲ੍ਹਾ ਦਫਤਰ ਇੰਚਾਰਜ ਮਨਜੀਤ ਸਿੰਘ ਨੇ ਕਿਹਾ ਕਿ ਲਖੀਮਪੁਰ ਖੀਰੀ ਵਿਖੇ ਹੋਏ ਦਰਦਨਾਕ ਹਾਦਸੇ ਪਿੱਛੇ ਭਾਜਪਾ ਦੇ ਗੁੰਡਿਆਂ ਦਾ ਹੱਥ ਹੈ ਅਤੇ ਕਿਸਾਨੀ ਅੰਦੋਲਨ ਨੂੰ ਦਬਾਉਣ ਦੀ ਡੂੰਘੀ ਸਾਜਿਸ਼ ਦਾ ਹਿੱਸਾ। ਆਮ ਆਦਮੀ ਪਾਰਟੀ ਇਸ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦੀ ਹੈ ਅਤੇ ਨਿੰਦਾ ਕਰਦੀ ਹੈ। ਆਪਣੇ ਹੱਕਾਂ ਲਈ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ’ਤੇ ਇਸ ਤਰ੍ਹਾਂ ਦੇ ਕਾਤਲਾਨਾ ਹਮਲੇ ਕਦੇ ਵੀ ਬਰਦਾਸ਼ਤ ਨਹੀਂ ਕੀਤੇ ਜਾਣਗੇ। ਆਮ ਆਦਮੀ ਪਾਰਟੀ ਇਹ ਮੰਗ ਕਰਦੀ ਹੈ ਕਿ ਇਸ ਘਟਨਾ ਲਈ ਜ਼ਿੰਮੇਵਾਰ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਅਤੇ ਉਸ ਦੇ ਪੁੱਤਰ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਅਤੇ ਅਜੈ ਮਿਸ਼ਰਾ ਨੂੰ ਫੌਰੀ ਤੌਰ ’ਤੇ ਮੰਤਰੀ ਅਹੁਦੇ ਤੋਂ ਹਟਾਇਆ ਜਾਵੇ। ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਨਾਲ ਕਿਸਾਨਾਂ ਦੇ ਨਾਲ ਹੈ ਅਤੇ ਭਵਿੱਖ ’ਚ ਵੀ ਕਿਸਾਨਾਂ ਦੇ ਨਾਲ ਚੱਟਾਨ ਵਾਂਗ ਖੜੀ ਰਹੇਗੀ।
ਇਹ ਵੀ ਪੜ੍ਹੋ : ਜ਼ੁਲਮ ਦੀ ਹੱਦ ਹੈ ਲਖੀਮਪੁਰ ਖੀਰੀ ’ਚ ਸਰਕਾਰੀ ਗੁੰਡਾਗਰਦੀ : ਮਾਨ
ਭਾਜਪਾ ਦਾ ਤਾਨਾਸ਼ਾਹੀ ਰਵੱਈਆ ਦੇਸ਼ ਲਈ ਖਤਰਨਾਕ ਹੈ ਅਤੇ ਅਸੀਂ ਇਸ ਰਵੱਈਏ ਦਾ ਸਖ਼ਤ ਵਿਰੋਧ ਕਰਦੇ ਹਾਂ। ਨਰਿੰਦਰ ਮੋਦੀ ਨੂੰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਕਾਲੇ ਕਾਨੂੰਨ ਤੁਰੰਤ ਰੱਦ ਕਰਨੇ ਚਾਹੀਦੇ ਹਨ। ਇਸ ਮੌਕੇ ਰੋਪੜ ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਲਾਲਪੁਰਾ ਅਤੇ ਬਲਾਕ ਪ੍ਰਧਾਨ ਭਜਨ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਭਾਜਪਾ ਦੇ ਮੰਤਰੀ ਦੇ ਪੁੱਤਰ ਦੇ ਖ਼ਿਲਾਫ਼ ਹੱਤਿਆ ਦਾ ਮੁਕੱਦਮਾ ਦਰਜ ਕਰਕੇ ਉਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਕਿਹਾ ਜਿੰਨੀ ਦੇਰ ਤਕ ਇਸ ਕੇਸ ਦਾ ਫ਼ੈਸਲਾ ਨਹੀਂ ਹੋ ਜਾਂਦਾ, ਓਨੀ ਦੇਰ ਤੱਕ ਮੰਤਰੀ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ। ਹੋਰ ਆਪ ਆਗੂਆਂ ਨੇ ਬੋਲਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਿਸਾਨ ਇਨ੍ਹਾਂ ਕਾਨੂੰਨਾਂ ਦੇ ਖ਼ਿਲਾਫ਼ ਹਨ, ਜਿਸ ਕਾਰਨ ਉਹ ਆਪਣੀ ਜਾਨ ਦੀ ਬਾਜ਼ੀ ਵੀ ਲਗਾ ਰਹੇ ਹਨ। ਇਸ ਲਈ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਵਿੱਚ ਇਹ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ। ਇਸ ਮੌਕੇ ਜ਼ਿਲ੍ਹਾ ਸਰਪ੍ਰਸਤ ਭਾਗ ਸਿੰਘ ਮਦਾਨ, ਦਲਜੀਤ ਕੌਰ, ਸੰਦੀਪ ਜੋਸ਼ੀ, ਸੰਤੋਖ ਸਿੰਘ, ਜਰਨੈਲ ਸਿੰਘ ਔਲਖ, ਅਮਨਦੀਪ ਸਿੰਘ ਆਦਿ ਸ਼ਾਮਲ ਸਨ।
ਇਹ ਵੀ ਪੜ੍ਹੋ : ਮੁੱਖ ਮੰਤਰੀ ਤੇ ਮੰਤਰੀ ਕਿਸ ਨੂੰ ਬਣਾਈਏ, ਹੁਣ ਦਿੱਲੀ ਤੋਂ ਫੈਸਲੇ ਹੋਣ ਲੱਗੇ : ਸੁਖਬੀਰ ਬਾਦਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ