ਪੰਜਾਬ ਸਰਹੱਦੀ ਸੂਬਾ, ਕਿਸਾਨ ਮਾਮਲਾ ਹੋਰ ਲੰਬਾ ਨਾ ਖਿੱਚਿਆ ਜਾਵੇ : ਜਾਖੜ

12/04/2020 12:59:46 AM

ਜਲੰਧਰ,(ਧਵਨ)–ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ, ਜਿਸ ਨੂੰ ਦੇਖਦੇ ਹੋਏ ਕਿਸਾਨ ਮਾਮਲਾ ਹੋਰ ਜ਼ਿਆਦਾ ਲੰਬਾ ਨਹੀਂ ਖਿੱਚਣਾ ਚਾਹੀਦਾ। ਉਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਕਿਸਾਨਾਂ
ਨਾਲ ਸ਼ੁਰੂ ਕੀਤੀ ਗਈ ਗੱਲਬਾਤ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਸ ਨੂੰ ਛੇਤੀ ਸਿਰੇ ਚੜ੍ਹਾਇਆ ਜਾਣਾ ਚਾਹੀਦਾ ਹੈ ਕਿ ਸਰਹੱਦੀ ਸੂਬਾ ਹੋਣ ਕਾਰਣ ਗੁਆਂਢੀ ਦੇਸ਼ ਪਾਕਿਸਤਾਨ ਦੀਆਂ ਨਜ਼ਰਾਂ ਲਗਾਤਾਰ ਪੰਜਾਬ ਨੂੰ ਅਸਥਿਰ ਕਰਨ ਵੱਲ ਲੱਗੀਆਂ ਹੋਈਆਂ ਹਨ। ਜਾਖੜ ਨੇ ਕਿਹਾ ਕਿ ਹਾਲਾਤ ਜ਼ਿਆਦਾ ਚੰਗੇ ਨਹੀਂ ਹਨ ਕਿਉਂਕਿ ਪਿਛਲੇ ਕੁਝ ਸਾਲਾਂ ਦੌਰਾਨ ਖੇਤੀਬਾੜੀ ਖੇਤਰ ਦੀਆਂ ਸਮੱਸਿਆਵਾਂ 'ਚ ਲਗਾਤਾਰ ਵਾਧਾ ਹੁੰਦਾ ਰਿਹਾ ਹੈ। ਕੇਂਦਰ ਸਰਕਾਰ ਨੇ ਸਾਰੇ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦਾ ਝਾਂਸਾ ਦਿੱਤਾ ਪਰ ਖੇਤੀ ਕਾਨੂੰਨਾਂ ਕਾਰਣ ਤਾਂ ਕਿਸਾਨਾਂ ਦਾ ਭਵਿੱਖ ਅੱਧ ਵਿਚਾਲੇ ਲਟਕ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਕਿਸਾਨਾਂ ਦਰਮਿਆਨ ਸ਼ੁਰੂ ਹੋਈ ਗੱਲਬਾਤ ਛੇਤੀ ਅੰਤਮ ਨਤੀਜੇ ਤੱਕ ਪਹੁੰਚਣੀ ਚਾਹੀਦੀ ਹੈ ਅਤੇ ਕਿਸਾਨਾਂ ਨੂੰ ਆਪਣੇ ਭਵਿੱਖ ਨੂੰ ਲੈ ਕੇ ਕੋਈ ਖਦਸ਼ਾ ਨਹੀਂ ਰਹਿਣਾ ਚਾਹੀਦਾ।


Deepak Kumar

Content Editor

Related News