ਕੇਂਦਰ ਸਰਕਾਰ ਪੰਜਾਬੀਆਂ ਨਾਲ ਕਿੜ ਕੱਢਣ ’ਚ ਲੱਗੀ : ਚੰਦੂਮਾਜਰਾ

Sunday, Oct 17, 2021 - 05:46 PM (IST)

ਕੇਂਦਰ ਸਰਕਾਰ ਪੰਜਾਬੀਆਂ ਨਾਲ ਕਿੜ ਕੱਢਣ ’ਚ ਲੱਗੀ : ਚੰਦੂਮਾਜਰਾ

ਪਟਿਆਲਾ (ਬਲਜਿੰਦਰ) : ਹਲਕਾ ਘਨੌਰ ਦੇ ਪਿੰਡ ਕਾਮੀ ਕਲਾਂ ਵਿਖੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਝੋਨੇ ਤੇ ਕਣਕ ਦੀ ਖਰੀਦ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਐੱਫ. ਸੀ.ਆਈ. ਦਾ ਤੈਅਸ਼ੁਦਾ ਕੋਟੇ ਤੋਂ 1% ਤੋਂ ਘੱਟ ਖਰੀਦਣਾ ਇਸ ਗੱਲ ਦਾ ਸੰਕੇਤ ਹੈ ਕਿ ਉਹ ਕਿਤੇ ਨਾ ਕਿਤੇ ਝੋਨੇ ਅਤੇ ਕਣਕ ਦੀ ਖਰੀਦ ਤੋਂ ਬਾਹਰ ਨਿਕਲਣਾ ਚਾਹੁੰਦੀ ਹੈ। ਅਸਲ ਵਿਚ ਕੇਂਦਰ ਸਰਕਾਰ ਕਿਸਾਨੀ ਅੰਦੋਲਨ ਦੀ ਕਿੜ ਕਰਕੇ ਇਹ ਬਦਲਾ ਲੈਣਾ ਚਾਹੁੰਦੀ ਹੈ ਅਤੇ ਫਸਲ ਦੀ ਘੱਟ ਦਰ ’ਤੇ ਖਰੀਦ ਇਸ ਖਤਰੇ ਦਾ ਸੰਕੇਤ ਹੈ ਕਿ ਉਹ ਇਸ ਖਰੀਦ ਤੋਂ ਹੀ ਬਾਹਰ ਹੋਣਾ ਚਾਹੁੰਦੀ ਹੈ।

ਦੂਜੇ ਪਾਸੇ ਸਰਹੱਦੀ ਖੇਤਰ ’ਤੇ ਬੀ.ਐੱਸ.ਐੱਫ ਦੇ 50 ਕਿਲੋਮੀਟਰ ਦੇ ਅਧਿਕਾਰ ਖੇਤਰ ਦੇ ਗੰਭੀਰ ਮਸਲੇ ਨੂੰ ਲੈ ਕੇ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਇਹ ਨੀਤੀਆਂ ਪੰਜਾਬ ਸੂਬੇ ’ਤੇ ਅਵਿਸ਼ਵਾਸ ਨੂੰ ਦਰਸਾਉਂਦੀਆਂ ਹਨ। ਪੰਜਾਬ ਸੂਬੇ ਨੂੰ ਦੇਸ਼ ਤੋਂ ਅਲੱਗ ਦੇਖਣਾ ਏਕਤਾ ਅਤੇ ਅਖੰਡਤਾ ਲਈ ਖਤਰੇ ਦੀ ਘੰਟੀ ਹੈ। ਦੂਜੇ ਪਾਸੇ ਕਾਂਗਰਸ ਦੀ ਆਪਸੀ ਫੁੱਟ ਅਤੇ ਅੰਦਰੂਨੀ ਮੱਤਭੇਦਾਂ ਦਾ ਫਾਇਦਾ ਉਠਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਹਾਂ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਕੇ ਜਲਦੀ ਤੋਂ ਜਲਦੀ ਪੰਜਾਬ ਅਸੈਂਬਲੀ ਸੈਸ਼ਨ ਬੁਲਾ ਕੇ ਧਾਰਾ 139 ਵਿਚ ਕੀਤੀ ਗਈ ਸੋਧ ਨੂੰ ਰੱਦ ਕਰਵਾਇਆ ਜਾਵੇ।


author

Gurminder Singh

Content Editor

Related News