ਸੀਵਰੇਜ ਘਪਲਾ : ਪੁੱਛਗਿੱਛ ''ਚ ਜੁਟੀ ਸੀ. ਬੀ. ਆਈ., ਦਿੱਲੀ ਦਰਬਾਰ ਪਹੁੰਚਿਆ ਮਾਮਲਾ

01/20/2018 2:48:51 AM

ਨਿਰਪੱਖ ਜਾਂਚ ਹੋਈ ਤਾਂ ਕਈ ਆ ਸਕਦੇ ਨੇ ਘੇਰੇ 'ਚ
ਫਿਰੋਜ਼ਪੁਰ(ਜੈਨ)-ਸਾਢੇ 13 ਕਰੋੜ ਦੀ ਲਾਗਤ ਨਾਲ ਕੰਟੋਨਮੈਂਟ ਖੇਤਰ 'ਚ ਹੋਣ ਵਾਲੇ ਸੀਵਰੇਜ ਨਿਰਮਾਣ ਘਪਲੇ ਦੀ ਜਾਂਚ ਲਈ ਫਿਰ ਤੋਂ ਕੇਂਦਰੀ ਬਿਊਰੋ ਆਫ ਇਨਵੈਸਟੀਗੇਸ਼ਨ (ਸੀ. ਬੀ. ਆਈ.) ਦੇ ਅਧਿਕਾਰੀ ਫਿਰੋਜ਼ਪੁਰ ਪਹੁੰਚੇ। ਉਨ੍ਹਾਂ ਨੇ ਕਈ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਪੁੱਛਗਿੱਛ ਦੇ ਇਲਾਵਾ ਕੁਝ ਦਸਤਾਵੇਜ਼ ਵੀ ਹਾਸਲ ਕੀਤੇ ਹਨ ਤਾਂ ਕਿ ਜਾਂਚ ਨੂੰ ਪੂਰਾ ਕੀਤਾ ਜਾ ਸਕੇ। ਮਾਰਚ 2016 'ਚ ਸੀ. ਬੀ. ਆਈ. ਦੀ ਟੀਮ ਜਦੋਂ ਪਹਿਲੀ ਵਾਰ ਉਕਤ ਕੇਸ ਦੀ ਜਾਂਚ ਦੇ ਸਬੰਧ 'ਚ ਆਈ ਸੀ ਤਾਂ ਬਾਜ਼ਾਰਾਂ ਨੂੰ ਪੁੱਟ ਕੇ ਪਾਈਪਾਂ ਦੀ ਚੈਕਿੰਗ ਦੌਰਾਨ ਮਿਲਿਆ ਕਿ ਕਈ ਜਗ੍ਹਾ 'ਤੇ ਪਾਈਪਾਂ ਹੀ ਨਹੀਂ ਪਾਈਆਂ ਅਤੇ ਠੇਕੇਦਾਰ ਨੂੰ ਪੇਮੈਂਟ ਕਰ ਦਿੱਤੀ ਗਈ ਸੀ। ਉਸ ਸਮੇਂ 2 ਦਿਨ ਤੱਕ ਚੱਲੀ ਜਾਂਚ 'ਚ ਸਾਰੇ ਦਸਤਾਵੇਜ਼ ਤੇ ਕੰਪਿਊਟਰ ਪਾਰਟਸ ਅਧਿਕਾਰੀਆਂ ਵੱਲੋਂ ਕਬਜ਼ੇ 'ਚ ਲੈ ਲਏ ਗਏ ਸੀ। ਦੂਜੀ ਵਾਰ ਫਿਰ ਜਾਂਚ ਲਈ ਆਈ ਟੀਮ ਨੇ ਠੇਕੇਦਾਰਾਂ ਦੇ ਗੋਦਾਮਾਂ ਤੋਂ ਇਲਾਵਾ ਉੱਚ ਅਧਿਕਾਰੀਆਂ ਦੇ ਘਰ 'ਚ ਰੇਡ ਕਰ ਕੇ ਕੁਝ ਦਸਤਾਵੇਜ਼ ਜੁਟਾਏ ਸਨ।
ਇਸ ਤੋਂ ਇਲਾਵਾ ਸੀ. ਬੀ. ਆਈ. ਨੇ ਸੀਵਰੇਜ ਪਾਉਣ ਵਾਲੇ ਕੁਝ ਠੇਕੇਦਾਰਾਂ ਤੇ ਸਬੰਧਤ ਸ਼ਾਖਾ ਦੇ ਅਧਿਕਾਰੀਆਂ 'ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਜਾਂਚ ਪ੍ਰਕਿਰਿਆ ਢਿੱਲੀ ਪੈ ਗਈ ਸੀ। ਜਾਣਕਾਰ ਦੱਸਦੇ ਹਨ ਕਿ ਜੇਕਰ ਇਸ ਕੇਸ ਦੀ ਜਾਂਚ ਪੂਰੀ ਨਿਰਪੱਖਤਾ ਦੇ ਨਾਲ ਹੋਈ ਤਾਂ ਕਈ ਜਾਂਚ ਦੇ ਘੇਰੇ 'ਚ ਆ ਸਕਦੇ ਹਨ।
ਪਤਾ ਲੱਗਾ ਹੈ ਕਿ ਸ਼ਿਕਾਇਤਕਰਤਾ ਵੱਲੋਂ ਪੂਰਾ ਮਾਮਲਾ ਕੇਂਦਰ ਸਰਕਾਰ ਦੇ ਉੱਚ ਮੰਤਰੀਆਂ ਤੇ ਮੁੱਖ ਵਿਭਾਗਾਂ 'ਚ ਉਠਾਉਣ ਤੋਂ ਬਾਅਦ ਜਾਂਚ ਫਿਰ ਤੋਂ ਸ਼ੂਰੂ ਹੋਈ, ਜਿਸ ਤੋਂ ਬਾਅਦ ਸੀ. ਬੀ. ਆਈ. ਨੇ ਇਕ ਅਧਿਕਾਰੀ ਨੂੰ ਜਾਂਚ ਲਈ ਚੰਡੀਗੜ੍ਹ ਬੁਲਾਇਆ ਅਤੇ ਫਿਰ ਹੁਣ ਕੁਝ ਅਧਿਕਾਰੀ ਫਿਰੋਜ਼ਪੁਰ 'ਚ ਪੁਛਗਿੱਛ ਲਈ ਪਹੁੰਚੇ ਹਨ।
3 ਸਾਲ ਬਾਅਦ ਵੀ ਨਹੀਂ ਪੂਰਾ ਹੋਇਆ ਕੰਮ
ਸੀਵਰੇਜ ਨਿਰਮਾਣ ਦੀ ਡੈੱਡਲਾਈਨ ਖਤਮ ਹੋਣ ਦੇ ਬਾਵਜੂਦ 3 ਸਾਲ 'ਚ ਵੀ ਨਿਰਮਾਣ ਪੂਰਾ ਨਹੀਂ ਹੋਇਆ। ਸ਼ੁਰੂਆਤੀ ਦੌਰ 'ਚ ਇਕ ਕੌਂਸਲਰ ਵਲੋਂ ਲੋਕਾਂ ਨੂੰ ਨਾਲ ਲੈ ਕੇ ਸੀਵਰੇਜ ਨਿਰਮਾਣ 'ਚ ਛੋਟੀ ਪਾਈਪਾਂ ਤੇ ਘਟੀਆ ਮਟੀਰੀਅਲ ਇਸਤੇਮਾਲ ਕਰਨ ਦੇ ਵਿਰੋਧ 'ਚ ਬੋਰਡ ਦੇ ਖਿਲਾਫ ਰੋਸ ਮਾਰਚ ਕੱਢਿਆ ਸੀ। ਸੀਵਰੇਜ ਕਾਰਨ ਜਿਥੇ ਕੈਂਟ ਦੀਆਂ ਸੜਕਾਂ ਦਾ ਬੁਰਾ ਹਾਲ ਹੈ, ਉਥੇ ਲੋਕਾਂ ਨੂੰ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧ 'ਚ ਬੋਰਡ ਦੇ ਅਧਿਕਾਰੀ ਓਮਪਾਲ ਸਿੰਘ ਨਾਲ ਫੋਨ 'ਤੇ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ, ਜਦੋਂਕਿ ਦਫਤਰ ਸੁਪਰਡੈਂਟ ਨੇ ਸਿਰਫ ਇੰਨਾ ਕਿਹਾ ਕਿ ਸੀ. ਈ. ਓ. ਸਾਹਿਬ ਇਥੇ ਨਹੀਂ, ਇਸ ਤੋਂ ਜ਼ਿਆਦਾ ਉਹ ਕੁਝ ਨਹੀਂ ਦੱਸ ਸਕੇ।
ਪੂਰਾ ਹੋ ਚੁੱਕਾ ਹੈ ਕੰਮ
ਇਕ ਅਧਿਕਾਰੀ ਨੇ ਨਾਂ ਨਾ ਪ੍ਰਕਾਸ਼ਿਤ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਸੀਵਰੇਜ ਦੇ ਕੰਮ 'ਚ ਕੋਈ ਭ੍ਰਿਸ਼ਟਾਚਾਰ ਨਹੀਂ ਹੋਇਆ ਅਤੇ ਕੰਮ ਪੂਰੀ ਈਮਾਨਦਾਰੀ ਨਾਲ ਪੂਰਾ ਹੋ ਚੁੱਕਾ ਹੈ, ਜਦੋਂਕਿ ਕੁਝ ਸ਼ਰਾਰਤੀ ਅਨਸਰ ਬੋਰਡ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਕੁਨੈਕਸ਼ਨ ਜੋੜਨ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ।


Related News