ਕਾਸ਼ਤਕਾਰ ਔਰਤਾਂ ਨੂੰ ਬਤੌਰ ਕਿਸਾਨ ਮਾਨਤਾ ਦੇਣ ਲਈ ਕੇਂਦਰ ਨੋਟੀਫਿਕੇਸ਼ਨ ਕਰੇ ਜਾਰੀ : ਮਹਿਲਾ ਕਿਸਾਨ ਯੂਨੀਅਨ

Tuesday, Mar 08, 2022 - 06:19 PM (IST)

ਕਾਸ਼ਤਕਾਰ ਔਰਤਾਂ ਨੂੰ ਬਤੌਰ ਕਿਸਾਨ ਮਾਨਤਾ ਦੇਣ ਲਈ ਕੇਂਦਰ ਨੋਟੀਫਿਕੇਸ਼ਨ ਕਰੇ ਜਾਰੀ : ਮਹਿਲਾ ਕਿਸਾਨ ਯੂਨੀਅਨ

ਜਲੰਧਰ (ਬਿਊਰੋ)-ਅੱਜ 113ਵੇਂ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਮਹਿਲਾ ਕਿਸਾਨ ਯੂਨੀਅਨ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕਾਸ਼ਤਕਾਰ ਔਰਤਾਂ ਨੂੰ ਬਤੌਰ ਕਿਸਾਨ ਮਾਨਤਾ ਦੇਣ ਲਈ ਤੁਰੰਤ ਨੋਟੀਫਿਕੇਸ਼ਨ ਕਰੇ ਤਾਂ ਜੋ ਔਰਤਾਂ ਵੀ ਕਿਸਾਨਾਂ ਨੂੰ ਮਿਲਦੀਆਂ ਸਰਕਾਰੀ ਸਹੂਲਤਾਂ ਪ੍ਰਾਪਤ ਕਰ ਸਕਣ। ਇੱਥੇ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਮਹਿਲਾ ਕਿਸਾਨ ਯੂਨੀਅਨ ਦੇ ਰਸਮੀ ਆਗਾਜ਼ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੀ ਸੂਬਾ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਇਹ ਮੰਗ ਰੱਖੀ। ਉਨ੍ਹਾਂ ਨਾਲ ਯੂਨੀਅਨ ਦੀ ਚੇਅਰਪਰਸਨ ਮਨਵੀਰ ਕੌਰ ਰਾਹੀ, ਮੁੱਖ ਸਲਾਹਕਾਰ ਡਾ. ਸਵਰਨਜੀਤ ਕੌਰ ਗਰੇਵਾਲ, ਜਨਰਲ ਸਕੱਤਰ ਦਵਿੰਦਰ ਕੌਰ, ਮੀਤ ਪ੍ਰਧਾਨ ਗੁਰਪ੍ਰੀਤ ਕੌਰ, ਸੰਯੁਕਤ ਸਕੱਤਰ ਮਨਪ੍ਰੀਤ ਕੌਰ ਤੇ ਖੁਸ਼ਪ੍ਰੀਤ ਕੌਰ, ਵਿੱਤ ਸਕੱਤਰ ਹਰਨੀਤ ਕੌਰ ਤੇ ਪ੍ਰੈ੍ੱਸ ਸਕੱਤਰ ਪਰਮਵੀਰ ਕੌਰ ਵੀ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਨੇ ਮਹਿਲਾ ਕਿਸਾਨ ਯੂਨੀਅਨ ਦਾ ਪ੍ਰਵਾਨਿਤ ਝੰਡਾ, ਲੋਗੋ ਅਤੇ ਬੈਜ ਵੀ ਜਾਰੀ ਕੀਤਾ। ਮਹਿਲਾ ਨੇਤਾ ਨੇ ਕਿਹਾ ਕਿ ਪਰਿਵਾਰ ਪਾਲਣ ਤੇ ਘਰੇਲੂ ਕੰਮਾਂ ਤੋਂ ਇਲਾਵਾ ਖੇਤੀਬਾੜੀ ਅਤੇ ਸਹਾਇਕ ਧੰਦਿਆਂ ’ਚ ਔਰਤਾਂ ਦੀ ਹਿੱਸੇਦਾਰੀ ਆਦਿ ਕਾਲ ਤੋਂ ਜਾਣੀ ਜਾਂਦੀ ਹੈ।

ਇਹ ਵੀ ਪੜ੍ਹੋ : ਬਿਨਾਂ ਟੀਕੇ ਲਾਏ ਜਾਰੀ ਕੀਤੇ ਸਰਟੀਫ਼ਿਕੇਟ, ਕਾਗਜ਼ਾਂ ’ਚ ਮ੍ਰਿਤਕਾਂ ਨੂੰ ਵੀ ਲਾ ਦਿੱਤੀ ਕੋਰੋਨਾ ਵੈਕਸੀਨ

ਸਰਕਾਰੀ ਅੰਕੜਿਆਂ ਮੁਤਾਬਿਕ ਦੇਸ਼ ਦੀ ਖੇਤੀਬਾੜੀ ’ਚ ਲੱਗਭਗ 80 ਫੀਸਦੀ ਤੋਂ ਵੱਧ ਔਰਤਾਂ ਆਪਣੀ ਰੋਜ਼ੀ-ਰੋਟੀ ਲਈ ਖੇਤੀ ’ਤੇ ਨਿਰਭਰ ਹਨ। ਪੂਰੇ ਕਿਸਾਨ ਭਾਈਚਾਰੇ ’ਚ 30 ਫੀਸਦੀ ਤੋਂ ਵੱਧ ਔਰਤਾਂ ਖੁਦ ਖੇਤੀਬਾੜੀ ਕਰਦੀਆਂ ਹਨ ਅਤੇ 45 ਫੀਸਦੀ ਤੋਂ ਵੱਧ ਔਰਤਾਂ ਖੇਤ ਮਜ਼ਦੂਰਾਂ ਵਜੋਂ ਕੰਮ ਕਰਦੀਆਂ ਹਨ ਪਰ ਇਸ ਦੇ ਬਾਵਜੂਦ ਮਰਦ ਪ੍ਰਧਾਨ ਸਮਾਜ ’ਚ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਦੇਸ਼ ’ਚ ਔਰਤਾਂ ਨੂੰ ਬਤੌਰ ਕਿਸਾਨ ਮਾਨਤਾ ਨਹੀਂ ਦਿੱਤੀ ਗਈ, ਜਿਸ ਕਰਕੇ ਕਿਸਾਨ ਔਰਤਾਂ ਸਰਕਾਰੀ ਸਹੂਲਤਾਂ ਅਤੇ ਰਾਹਤ ਪ੍ਰਾਪਤ ਕਰਨ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। ਇਹੋ ਹਾਲ ਸਰਕਾਰਾਂ ਵੱਲੋਂ ਖੇਤ ਮਜ਼ਦੂਰ ਔਰਤਾਂ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਭਾਜਪਾ ਵੱਲੋਂ ਪਿਛਲੀਆਂ ਲੋਕ ਸਭਾ ਚੋਣਾਂ ਮੌਕੇ ਚੋਣ ਮਨੋਰਥ ਪੱਤਰ ’ਚ ਕੀਤੇ ਵਾਅਦੇ ਮੁਤਾਬਕ ਸੰਸਦ ਅਤੇ ਵਿਧਾਨ ਸਭਾਵਾਂ ’ਚ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਦੇਣ ਲਈ ਲੰਬਿਤ ਪਿਆ ਕਾਨੂੰਨ ਪਾਸ ਕਰਵਾਇਆ ਜਾਵੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਹੇਠ ਔਰਤ ਕਿਸਾਨਾਂ ਅਤੇ ਖੇਤ ਮਜ਼ਦੂਰ ਔਰਤਾਂ ਨੂੰ ਪ੍ਰਤੀ ਮਹੀਨਾ ਦੋ ਹਜ਼ਾਰ ਰੁਪਏ ਦਿੱਤੇ ਜਾਣ ਅਤੇ ਹਰ ਤਰ੍ਹਾਂ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਮੁਫ਼ਤ ਪਰਿਵਾਰਕ ਸਿਹਤ ਬੀਮੇ ਦੀ ਸਹੂਲਤ ਦਿੱਤੀ ਜਾਵੇ।

ਉਨ੍ਹਾਂ ਕਿਹਾ ਕਿ ਮਹਿਲਾ ਯੂਨੀਅਨ ਕਾਸ਼ਤਕਾਰ ਔਰਤਾਂ, ਸੁਆਣੀਆਂ ਅਤੇ ਖੇਤ ਮਜ਼ਦੂਰ ਔਰਤਾਂ ਦੇ ਹਿੱਤਾਂ ਦੀ ਰਾਖੀ ਲਈ ਗਠਿਤ ਕੀਤੀ ਹੈ ਤਾਂ ਜੋ ਉਨ੍ਹਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਸਰਕਾਰ ਦੇ ਪੱਧਰ ਉੱਤੇ ਉਠਾ ਕੇ ਹੱਲ ਕਰਵਾਈਆਂ ਜਾ ਸਕਣ। ਇਸ ਤੋਂ ਇਲਾਵਾ ਪੰਜਾਬ, ਮਾਂ-ਬੋਲੀ ਪੰਜਾਬੀ ਅਤੇ ਪੰਜਾਬੀਆਂ ਨਾਲ ਧੱਕਾ ਜਾਂ ਵਿਤਕਰਾ ਹੋਣ ਦੀ ਸੂਰਤ ’ਚ ਵੀ ਮਹਿਲਾ ਕਿਸਾਨ ਯੂਨੀਅਨ ਆਵਾਜ਼ ਉਠਾਉਂਦੀ ਰਹੇਗੀ। ਬੀਬੀ ਰਾਜੂ ਨੇ ਕਿਹਾ ਕਿ ਮਹਿਲਾ ਕਿਸਾਨ ਯੂਨੀਅਨ ਸੰਯੁਕਤ ਕਿਸਾਨ ਮੋਰਚੇ ਅਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਮੰਗਾਂ ਲਈ ਹਰ ਸੰਘਰਸ਼ ’ਚ ਪੂਰਾ ਯੋਗਦਾਨ ਪਾਵੇਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕਿਸਾਨ ਔਰਤਾਂ ਅਤੇ ਖੇਤ ਮਜ਼ਦੂਰ ਔਰਤਾਂ ਦੇ ਸੰਘਰਸ਼ ’ਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਔਰਤਾਂ ਨੂੰ ਹਰ ਸਾਲ 15 ਅਕਤੂਬਰ ਨੂੰ ਰਾਸ਼ਟਰੀ ਮਹਿਲਾ ਕਿਸਾਨ ਦਿਵਸ ਮੌਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਔਰਤਾਂ ਨੂੰ ਆਪਣੇ ਹੱਕਾਂ ਬਾਰੇ ਜਾਗਰੂਕ ਕਰਨ ਲਈ ਇਸ ਵਾਰ ਰਾਸ਼ਟਰੀ ਮਹਿਲਾ ਕਿਸਾਨ ਦਿਵਸ ਮੌਕੇ ਮਹਿਲਾ ਕਿਸਾਨ ਯੂਨੀਅਨ ਵੱਲੋਂ ਪੰਜਾਬ ’ਚ ਇਕ ਵੱਡੀ ਮਹਿਲਾ ਕਾਨਫਰੰਸ ਕੀਤੀ ਜਾਵੇਗੀ, ਜਿਸ ’ਚ ਕੌਮੀ ਪੱਧਰ ਦੇ ਕਿਸਾਨ ਨੇਤਾ ਸ਼ਾਮਲ ਹੋਣਗੇ। ਮਹਿਲਾ ਕਿਸਾਨ ਨੇਤਾ ਨੇ ਪੰਜਾਬ ਦੀਆਂ ਸਮੂਹ ਔਰਤਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਹੱਕੀ ਮੰਗਾਂ ਅਤੇ ਸਮੱਸਿਆਵਾਂ ਦੇ ਸਦੀਵੀਂ ਹੱਲ ਲਈ ਮਹਿਲਾ ਕਿਸਾਨ ਯੂਨੀਅਨ ਦੀਆਂ ਮੈਂਬਰ ਬਣਨ ਤਾਂ ਜੋ ਔਰਤਾਂ ਦੀ ਆਵਾਜ਼ ਬੋਲ਼ੀਆਂ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾ ਕੇ ਇਨਸਾਫ ਹਾਸਲ ਕੀਤਾ ਜਾ ਸਕੇ।


author

Manoj

Content Editor

Related News