ਕੇਂਦਰ ਨੇ ਸਿਆਸੀ ਰੰਜਿਸ਼ ਤਹਿਤ ਪੰਜਾਬ ਦੇ 600 ਸ਼ੈਲਰ ਕੀਤੇ ਬੰਦ: ਕੈਬਨਿਟ ਮੰਤਰੀ ਗੋਇਲ
Wednesday, Oct 30, 2024 - 11:17 PM (IST)
ਲਹਿਰਾਗਾਗਾ (ਗਰਗ) - ਕੇਂਦਰ ਸਰਕਾਰ ਪੰਜਾਬ ਨਾਲ ਸਿਆਸੀ ਰੰਜਿਸ਼ ਰੱਖਦੇ ਹੋਏ ਸੂਬੇ ਦੇ ਕਿਸਾਨਾਂ, ਆੜ੍ਹਤੀਆਂ ਤੇ ਮਿੱਲਰਜ਼ ਨੂੰ ਜਾਣ-ਬੁਝ ਕੇ ਤੰਗ-ਪ੍ਰੇਸ਼ਾਨ ਕਰ ਰਹੀ ਹੈ, ਜਿਸ ਤਹਿਤ ਜਿੱਥੇ ਬੇਲੋੜੀਆਂ ਸ਼ਰਤਾਂ ਲਾਈਆਂ ਜਾ ਰਹੀਆਂ ਹਨ, ਉੱਥੇ ਹੀ ਪੰਜਾਬ ਦੇ 600 ਸ਼ੈਲਰਾਂ ਨੂੰ ਕੇਂਦਰ ਸਰਕਾਰ ਨੇ ਤਾਲੇ ਲਗਵਾ ਦਿੱਤੇ। ਇਸ ਗੱਲ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਵੱਖ-ਵੱਖ ਅਨਾਜ ਮੰਡੀਆਂ ਤੇ ਖਰੀਦ ਕੇਂਦਰਾਂ ’ਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਦੇ ਰੂ-ਬਰੂ ਹੁੰਦਿਆਂ ਕੀਤਾ।
ਲਹਿਰਾਗਾਗਾ ਦੀ ਮੁੱਖ ਅਨਾਜ ਮੰਡੀ ਵਿਖੇ ਮੰਤਰੀ ਗੋਇਲ ਨੇ ਉਪ ਮੰਡਲ ਮੈਜਿਸਟ੍ਰੇਟ ਸੂਬਾ ਸਿੰਘ ਅਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਦੇ ਨਾਲ ਖੁਦ ਕੋਲ ਖੜ੍ਹ ਕੇ ਫਸਲ ਦੀ ਨਮੀ ਚੈੱਕ ਕਰਦਿਆਂ ਫਸਲ ਦੀ ਬੋਲੀ ਲਗਵਾਈ ਅਤੇ ਕਿਸਾਨਾਂ ਨੂੰ ਵੱਧ ਭਾਅ ਮਿਲਿਆ।
ਉਨ੍ਹਾਂ ਮੰਡੀਆਂ ’ਚ ਕੀਤੇ ਪ੍ਰਬੰਧਾਂ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਮੰਡੀਆਂ ’ਚ ਰੋਲਣ ਦੀਆਂ ਚਾਲਾਂ ਚੱਲ ਰਹੀ ਹੈ, ਪੂਰੀ ਮਾਤਰਾ ਵਿਚ ਪੰਜਾਬ ਨੂੰ ਡੀ.ਏ.ਪੀ. ਨਹੀਂ ਭੇਜੀ ਜਾ ਰਹੀ, ਮੁੱਖ ਮੰਤਰੀ ਮਾਨ ਵਾਰ-ਵਾਰ ਕੇਂਦਰ ਸਰਕਾਰ ਅਤੇ ਸਬੰਧਤ ਮੰਤਰੀ ਨੂੰ ਬੇਨਤੀ ਕਰ ਰਹੇ ਹਨ ਪਰ ਬਾਵਜੂਦ ਇਸਦੇ ਭਾਜਪਾ ਟੱਸ ਤੋਂ ਮਸ ਨਹੀਂ ਹੋ ਰਹੀ ਪਰ ਪੰਜਾਬ ਸਰਕਾਰ ਕਿਸਾਨਾਂ, ਆੜ੍ਹਤੀਆਂ ਅਤੇ ਮਿੱਲਰਜ਼ ਦੇ ਹਿੱਤਾਂ ਦੀ ਰਾਖੀ ਲਈ ਜੋ ਵੀ ਸੰਭਵ ਹੋਇਆ ਹਰ ਮਦਦ ਕਰਨ ਲਈ ਤਿਆਰ ਹੈ। ਖਰੀਦ ਮੰਡੀਆਂ ’ਚ ਫਸਲ ਦੀ ਖਰੀਦ, ਲਿਫਟਿੰਗ ਦਾ ਪ੍ਰਬੰਧ ਸੁਚਾਰੂ ਰੂਪ ਨਾਲ ਚੱਲ ਰਿਹਾ ਹੈ।
ਇਸ ਮੌਕੇ ਉਨ੍ਹਾਂ ਦੇ ਬੇਟੇ ਗੌਰਵ ਗੋਇਲ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ, ਓ.ਐੱਸ.ਡੀ. ਰਕੇਸ਼ ਕੁਮਾਰ ਗੁਪਤਾ ਵਿੱਕੀ, ਆੜਤੀ ਆਗੂ ਜੀਵਨ ਨਾਲ ਸੇਖੂਵਾਸ ਵਾਲੇ, ਰਾਮਪਾਲ ਭਟਾਲ ਵਾਲੇ , ਆੜ੍ਹਤੀ ਐਸੋਸੀਏਸ਼ਨ ਦੇ ਚੇਅਰਮੈਨ ਓਮ ਪ੍ਰਕਾਸ਼ ਜਵਾਹਰਵਾਲਾ, ਵਾਈਸ ਪ੍ਰਧਾਨ ਰਕੇਸ਼ ਕੁਮਾਰ, ਅਨਿਲ ਕੁਮਾਰ, ਮਾਰਕੀਟ ਕਮੇਟੀ ਦੇ ਸਕੱਤਰ ਅਮਨਦੀਪ, ਟਰੱਕ ਯੂਨੀਅਨ ਦੇ ਪ੍ਰਧਾਨ ਗੁਰੀ ਚਹਿਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।