DSP ਦਲਬੀਰ ਸਿੰਘ ਕਤਲ ਮਾਮਲੇ 'ਚ CCTV ਫੁਟੇਜ ਆਈ ਸਾਹਮਣੇ, ਪੁਲਸ ਨੇ ਦੋਸ਼ੀ ਦੀ ਗ੍ਰਿਫ਼ਤਾਰੀ ਵਿਖਾ ਖੋਲ੍ਹੇ ਵੱਡੇ ਰਾਜ਼

Thursday, Jan 04, 2024 - 04:44 PM (IST)

ਜਲੰਧਰ (ਮਹੇਸ਼)- ਕਮਿਸ਼ਨਰੇਟ ਪੁਲਸ ਨੇ 31 ਦਸੰਬਰ ਦੀ ਰਾਤ ਨੂੰ ਬਾਵਾ ਖੇਲ ਨਹਿਰ ਦੇ ਪਾਰ ਡੀ. ਐੱਸ. ਪੀ. ਦਲਬੀਰ ਸਿੰਘ ਦਿਓਲ ਅਰਜੁਨ ਐਵਾਰਡੀ ਦੇ ਕਤਲ ਕੇਸ ਨੂੰ ਟਰੇਸ ਕਰਦੇ ਹੋਏ ਦੋਸ਼ੀ ਆਟੋ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਦੀ ਪਛਾਣ ਲਾਂਬੜਾ ਨੇੜੇ ਪੈਂਦੇ ਥਾਣਾ ਸਦਰ ਜਮਸ਼ੇਰ ਦੇ ਪਿੰਡ ਪ੍ਰਤਾਪਪੁਰਾ ਦੇ ਰਹਿਣ ਵਾਲੇ ਵਿਜੇ ਕੁਮਾਰ ਵਜੋਂ ਹੋਈ ਹੈ। ਸੀ. ਆਈ. ਏ. ਸਟਾਫ਼, ਕ੍ਰਾਈਮ ਬ੍ਰਾਂਚ ਅਤੇ ਸਪੈਸ਼ਲ ਸੈੱਲ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ 'ਤੇ ਉਕਤ ਕਤਲ ਕੇਸ ਨੂੰ ਟਰੇਸ ਕੀਤਾ ਗਿਆ ਹੈ। ਡੀ.ਐੱਸ.ਪੀ. ਦੇ ਕਤਲ ਕੇਸ ਦੀਆਂ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆ ਗਈਆਂ ਹਨ, ਜਿਸ ਵਿਚ ਮੁਲਜ਼ਮ ਆਟੋ ਚਾਲਕ ਸਾਫ਼ ਵਿਖਾਈ ਦੇ ਰਿਹਾ ਹੈ। 

PunjabKesari

ਪੁਲਸ ਨੇ ਦੋਸ਼ੀ ਵਿਜੇ ਕੁਮਾਰ ਦੇ ਕਬਜ਼ੇ ’ਚੋਂ ਡੀ. ਐੱਸ. ਪੀ. ਦਿਓਲ ਦਾ ਪਿਸਤੌਲ ਵੀ ਬਰਾਮਦ ਹੋਇਆ ਹੈ। ਇਸ ਪਿਸਤੌਲ ਨਾਲ ਹੀ ਉਸ ਨੇ ਡੀ. ਐੱਸ. ਪੀ. ਦੇ ਸਿਰ ’ਚ ਗੋਲ਼ੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ ਅਤੇ ਉਸ ਨੂੰ ਬਸਤੀ ਬਾਵਾ ਖੇਲ ਨਹਿਰ ਨੇੜੇ ਛੱਡ ਕੇ ਆਪਣੇ ਆਟੋ ’ਚ ਮੌਕੇ ਤੋਂ ਫਰਾਰ ਹੋ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਡੀ. ਐੱਸ. ਪੀ. ਦਿਓਲ ਨੇ ਵਰਕਸ਼ਾਪ ਚੌਕ ’ਤੇ ਪੁੱਜ ਕੇ ਇਥੇ ਮਾਮੇ ਦੇ ਢਾਬੇ ’ਤੇ ਸ਼ਰਾਬ ਪੀਤੀ ਅਤੇ ਜਿਸ ਆਟੋ ’ਚ ਉਹ ਵਰਕਸ਼ਾਪ ਚੌਂਕ ਗਿਆ ਸੀ, ਉਸ ਦਾ ਚਾਲਕ ਵਿਜੇ ਕੁਮਾਰ ਵੀ ਉਸ ਨਾਲ ਢਾਬੇ ’ਤੇ ਬੈਠਾ ਸੀ।

ਇਹ ਵੀ ਪੜ੍ਹੋ : ਇਕੱਠਿਆਂ ਹੋਇਆ ਸਸਕਾਰ, ਪੋਸਟਮਾਸਟਰ ਵੱਲੋਂ ਪਰਿਵਾਰ ਨੂੰ ਖ਼ਤਮ ਕਰਨ ਦੇ ਮਾਮਲੇ ’ਚ ਹੈਰਾਨੀਜਨਕ ਗੱਲ ਆਈ ਸਾਹਮਣੇ

PunjabKesari

ਨਵਾਂ ਸਾਲ ਦਾ ਜਸ਼ਨ ਆਟੋ ਵਾਲੇ ਨਾਲ ਹੀ ਸ਼ਰਾਬ ਪੀ ਕੇ ਮਨਾਇਆ 
ਇਸ ਗੱਲ ਦਾ ਖ਼ੁਲਾਸਾ ਮਾਮੇ ਦੇ ਢਾਬੇ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰਨ ਤੋਂ ਬਾਅਦ ਹੋਇਆ। ਨਵਾਂ ਸਾਲ ਦਾ ਜਸ਼ਨ ਮਨਾਉਂਦਿਆਂ ਸ਼ਰਾਬ ਪੀਂਦੇ ਸਮੇਂ ਡੀ. ਐੱਸ. ਪੀ. ਦਿਓਲ ਦਾ ਆਟੋ ਚਾਲਕ ਨਾਲ ਝਗੜਾ ਹੋ ਗਿਆ ਸੀ। ਡੀ. ਐੱਸ. ਪੀ. ਦਾ ਵਿਵਹਾਰ ਚੰਗਾ ਨਾ ਵੇਖ ਕੇ ਆਟੋ ਚਾਲਕ ਨੇ ਉਸ ਦੇ ਹੀ ਪਿਸਤੌਲ ਨਾਲ ਉਸ ਦਾ ਕਤਲ ਕਰ ਦਿੱਤਾ। ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਡੀ. ਐੱਸ. ਪੀ. ਨੇ ਉਸ ਰਾਤ ਕਪੂਰਥਲਾ ਚੌਂਕ ਵਿਚ ਮਾਮੇ ਦੇ ਢਾਬੇ ਤੋਂ ਖਾਣਾ ਖਾਧਾ ਅਤੇ ਉਥੋਂ ਘਰ ਜਾਣ ਲਈ ਆਟੋ 'ਤੇ ਬੈਠ ਗਏ। ਲੈਦਰ ਕੰਪਲੈਕਸ ਦੇ ਕੋਲ ਆਟੋ ਚਾਲਕ ਵਿਜੈ ਨੇ ਉਨ੍ਹਾਂ ਘਰ ਛੱਡਣ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਦੋਹਾਂ ਵਿਚਾਲੇ ਬਹਿਸ ਹੋ ਗਈ। ਬਹਿਸ ਇੰਨੀ ਵੱਧ ਗਈ ਕਿ ਵਿਜੈ ਨੇ ਡੀ.ਐੱਸ.ਪੀ. ਦੀ ਪਿਸਤੌਲ ਖੋਹ ਕੇ ਉਨ੍ਹਾਂ ਨੂੰ ਗੋਲ਼ੀ ਮਾਰ ਦਿੱਤੀ। ਕਮਿਸ਼ਨਰੇਟ ਨੇ ਦੱਸਿਆ ਕਿ ਦੋਸ਼ੀ ਵਿਜੈ ਖ਼ਿਲਾਫ਼ ਪਹਿਲਾਂ ਵੀ ਇਕ ਕੁੱਟਮਾਰ ਦਾ ਕੇਸ ਦਰਜ ਹੈ। 

ਪੁਲਸ ਨੇ ਅੱਜ ਅਧਿਕਾਰਤ ਤੌਰ ’ਤੇ ਪ੍ਰੈੱਸ ਕਾਨਫ਼ਰੰਸ ਕਰਕੇ ਮੁਲਜ਼ਮ ਦੀ ਗ੍ਰਿਫ਼ਤਾਰੀ ਵਿਖਾ ਦਿੱਤੀ ਹੈ ਅਤੇ ਉਸ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਡੀ. ਐੱਸ. ਪੀ. ਦੇ ਕਤਲ ਸਬੰਧੀ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਪੁਲਸ ਕਮਿਸ਼ਨਰ ਜਲੰਧਰ ਸਵਪਨ ਸ਼ਰਮਾ ਪ੍ਰੈੱਸ ਕਾਨਫ਼ਰੰਸ ਕਰਕੇ ਇਸ ਸਬੰਧੀ ਪੂਰਾ ਖ਼ੁਲਾਸਾ ਕੀਤਾ ਹੈ। ਉਥੇ ਹੀ ਇਸ ਸਬੰਧੀ ਡੀ.ਜੀ.ਪੀ. ਗੌਰਵ ਯਾਦਵ ਨੇ ਵੀ ਟਵਟੀ ਕਰਕੇ ਜਾਣਕਾਰੀ ਦਿੱਤੀ ਹੈ। 

ਇਹ ਵੀ ਪੜ੍ਹੋ : ਪਟਿਆਲਾ 'ਚ ਵੱਡੀ ਵਾਰਦਾਤ, ਦੁਕਾਨ ਖੋਲ੍ਹ ਰਹੇ ਨੌਜਵਾਨ 'ਤੇ ਸੁੱਟਿਆ ਤੇਜ਼ਾਬ, CCTV 'ਚ ਕੈਦ ਹੋਈ ਘਟਨਾ

PunjabKesari

ਏ. ਐੱਸ. ਆਈ. ਦੀ ਸੂਚਨਾ ’ਤੇ ਪੁਲਸ ਪਹੁੰਚੀ ਸੀ ਮੌਕੇ ’ਤੇ
ਜਾਣਕਾਰੀ ਮਿਲੀ ਹੈ ਕਿ 31 ਦਸੰਬਰ ਦੀ ਰਾਤ ਨੂੰ ਜਦੋਂ ਇਕ ਏ. ਐੱਸ. ਆਈ. ਉਹ ਆਪਣੀ ਡਿਊਟੀ ਖ਼ਤਮ ਕਰਕੇ ਘਰ ਜਾ ਰਿਹਾ ਸੀ ਤਾਂ ਉਸ ਨੇ ਬਸਤੀ ਬਾਵਾ ਖੇਲ ਨਹਿਰ ਨੇੜੇ ਇਕ ਵਿਅਕਤੀ ਨੂੰ ਮ੍ਰਿਤਕ ਹਾਲਤ ’ਚ ਪਿਆ ਵੇਖਿਆ ਅਤੇ ਆਸ-ਪਾਸ ਕਈ ਆਵਾਰਾ ਕੁੱਤੇ ਵੀ ਘੁੰਮ ਰਹੇ ਸਨ, ਜਿਨ੍ਹਾਂ ਦਾ ਉਸ ਨੇ ਉਥੋਂ ਪਿੱਛਾ ਕੀਤਾ ਅਤੇ ਮ੍ਰਿਤਕ ਵਿਅਕਤੀ ਨੂੰ ਉਥੇ ਪਿਆ ਵੇਖ ਕੇ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਥਾਣਾ ਸਦਰ-2 ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਜਾਂਚ ਕਰਨ 'ਤੇ ਪਤਾ ਲੱਗਾ ਕਿ ਮ੍ਰਿਤਕ ਡੀ. ਐੱਸ. ਪੀ. ਦਲਬੀਰ ਸਿੰਘ ਦਿਓਲ ਹੈ ਅਤੇ ਉਸ ਦਾ ਕਤਲ ਕੀਤਾ ਗਿਆ ਹੈ।

PunjabKesari

ਕਿਹਾ ਜਾ ਰਿਹਾ ਹੈ ਕਿ ਜੇਕਰ ਏ. ਐੱਸ. ਆਈ. ਬਸਤੀ ਬਾਵਾ ਖੇਲ ਨਹਿਰ ਕੋਲ ਪਏ ਡੀ. ਐੱਸ. ਪੀ. ਦਿਓਲ ਦੀ ਸੂਚਨ ਪੁਲਸ ਨੂੰ ਨਾ ਦਿੰਦਾ ਤਾਂ ਆਵਾਰਾ ਕੁੱਤਿਆਂ ਨੇ ਡੀ. ਐੱਸ. ਪੀ. ਦੀ ਲਾਸ਼ ਨੂੰ ਨੱਚ-ਨੋਚ ਕੇ ਉਸ ਦੀ ਹਾਲਤ ਵਿਗਾੜ ਦੇਣੀ ਸੀ, ਜਿਸ ਕਾਰਨ ਪੁਲਸ ਲਈ ਉਸ ਦੀ ਸ਼ਨਾਖਤ ਕਰਨੀ ਬਹੁਤ ਮੁਸ਼ਕਿਲ ਹੋ ਸਕਦੀ ਸੀ। ਏ. ਐੱਸ. ਆਈ. ਕਾਰਨ ਪੁਲਸ ਕੋਲ ਡੀ. ਐੱਸ. ਪੀ. ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ : ਤਲਾਕ ਤੋਂ ਬਾਅਦ ਵੀ ਸਹੁਰਿਆਂ ਨੂੰ 15 ਲੱਖ ਦਾ ਚੂਨਾ ਲਾ ਗਈ ਨੂੰਹ, ਕਰਤੂਤ ਨੇ ਉਡਾਏ ਹੋਸ਼

PunjabKesari

7 ਦਸੰਬਰ ਨੂੰ ਥਾਣਾ-2 ’ਚ ਮਾਮੇ ਦੇ ਢਾਬੇ ਦੇ ਮਾਲਕ ਸਣੇ 22 ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਗਿਆ ਸੀ ਮਾਮਲਾ
7 ਦਸੰਬਰ ਦੀ ਰਾਤ ਨੂੰ ਡੀ. ਸੀ. ਪੀ. ਲਾਅ ਐਂਡ ਆਰਡਰ ਅੰਕੁਰ ਗੁਪਤਾ ਨੇ ਵਰਕਸ਼ਾਪ ਚੌਕ ਸਥਿਤ ਮਾਮੇ ਦੇ ਢਾਬੇ ’ਤੇ ਅਚਨਚੇਤ ਛਾਪਾ ਮਾਰ ਕੇ ਇਥੇ ਖੁੱਲ੍ਹੇਆਮ ਪਰੋਸੀ ਜਾ ਰਹੀ ਨਾਜਾਇਜ਼ ਸ਼ਰਾਬ ਦਾ ਪਰਦਾਫਾਸ਼ ਕੀਤਾ ਸੀ ਅਤੇ ਮੌਕੇ ਤੋਂ ਸ਼ਰਾਬ ਪੀ ਰਹੇ ਲੋਕਾਂ ਨੂੰ ਕਾਬੂ ਕਰਕੇ ਢਾਬਾ ਮਾਲਕ ਸੰਦੀਪ ਕੁਮਾਰ ਅਰੋੜਾ ਸਮੇਤ ਕੁੱਲ 22 ਵਿਅਕਤੀਆਂ ਖ਼ਿਲਾਫ਼ ਥਾਣਾ ਡਿਵੀਜ਼ਨ ਨੰ. 2 ’ਚ ਮਾਮਲਾ ਦਰਜ ਕੀਤਾ ਸੀ।

PunjabKesari

ਇਸ ਦੌਰਾਨ ਡੀ. ਸੀ. ਪੀ. ਅੰਕੁਰ ਗੁਪਤਾ ਨੇ ਇਹ ਵੀ ਚਿਤਾਵਨੀ ਦਿੱਤੀ ਸੀ ਕਿ ਜੇਕਰ ਕੋਈ ਇਸ ਢਾਬੇ ’ਤੇ ਦੁਬਾਰਾ ਸ਼ਰਾਬ ਪੀਂਦਾ ਜਾਂ ਪਰੋਸਦਾ ਫੜਿਆ ਗਿਆ ਤਾਂ ਉਸ ਵਿਰੁੱਧ ਹੋਰ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡੀ. ਸੀ. ਪੀ. ਨੇ ਮਾਮੇ ਦੇ ਢਾਬੇ ਦੀ ਛੱਤ ’ਤੇ ਪਈਆਂ ਵੱਡੀ ਮਾਤਰਾ ’ਚ ਸ਼ਰਾਬ, ਬੀਅਰ ਅਤੇ ਕੋਲਡ ਡਰਿੰਕਸ ਦੀਆਂ ਖਾਲੀ ਬੋਤਲਾਂ ਵੀ ਬਰਾਮਦ ਕੀਤੀਆਂ ਸਨ। ਛਾਪੇਮਾਰੀ ਦੌਰਾਨ ਅੰਕੁਰ ਗੁਪਤਾ ਨਾਲ ਏ. ਸੀ. ਪੀ. ਆਪ੍ਰੇਸ਼ਨ ਬਰਜਿੰਦਰ ਸਿੰਘ ਸੰਧੂ ਅਤੇ ਥਾਣਾ-2 ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਵੀ ਮੌਜੂਦ ਸਨ। 31 ਦਸੰਬਰ ਦੀ ਰਾਤ ਨੂੰ ਕਤਲ ਕੀਤੇ ਗਏ ਡੀ. ਐੱਸ. ਪੀ. ਦਲਵੀਰ ਸਿੰਘ ਦਿਓਲ ਵੀ ਇਸੇ ਢਾਬੇ ’ਤੇ ਸ਼ਰਾਬ ਪੀ ਰਹੇ ਸਨ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਢਾਬਾ ਮਾਲਕ ਨੇ 7 ਦਸੰਬਰ ਨੂੰ ਦਰਜ ਕੀਤੀ ਐੱਫ਼. ਆਈ. ਆਰ. ਨੂੰ ਹਲਕੇ ’ਚ ਲਿਆ ਅਤੇ ਆਪਣੇ ਢਾਬੇ ’ਤੇ ਲੋਕਾਂ ਨੂੰ ਗੈਰ-ਕਾਨੂੰਨੀ ਤੌਰ ’ਤੇ ਸ਼ਰਾਬ ਪਰੋਸਣ ਤੋਂ ਗੁਰੇਜ਼ ਨਹੀਂ ਕੀਤਾ। ਹੁਣ ਪੁਲਸ ਢਾਬਾ ਮਾਲਕ ਖ਼ਿਲਾਫ਼ ਕੀ ਕਾਰਵਾਈ ਕਰੇਗੀ, ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ : ਜਲੰਧਰ ’ਚ DSP ਦਲਬੀਰ ਸਿੰਘ ਦੇ ਹੋਏ ਕਤਲ ਕਾਂਡ ’ਚ ਸਨਸਨੀਖੇਜ਼ ਖ਼ੁਲਾਸਾ, ਕਾਤਲ ਗ੍ਰਿਫ਼ਤਾਰ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News