CBSE ਸਕੂਲਾਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਅੱਗੇ ਖੂਹ, ਪਿੱਛੇ ਖਾਈ ਵਾਲੇ ਬਣੇ ਹਾਲਾਤ

Friday, May 07, 2021 - 09:15 AM (IST)

CBSE ਸਕੂਲਾਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਅੱਗੇ ਖੂਹ, ਪਿੱਛੇ ਖਾਈ ਵਾਲੇ ਬਣੇ ਹਾਲਾਤ

ਲੁਧਿਆਣਾ (ਵਿੱਕੀ) : ਸਿੱਖਿਆ ਵਿਭਾਗ ਅਤੇ ਉਸ ਦੇ ਅਧਿਕਾਰੀ ਆਪਣੇ ਅਜੀਬੋ-ਗਰੀਬ ਕੰਮਾਂ ਨੂੰ ਲੈ ਕੇ ਰੋਜ਼ਾਨਾ ਸੁਰਖੀਆ 'ਚ ਰਹਿਦੇ ਹਨ। ਅਜਿਹਾ ਹੀ ਇਕ ਹੋਰ ਕੇਸ ਉਸ ਸਮੇਂ ਸਾਹਮਣੇ ਆਇਆ, ਜਦੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਵੱਲੋਂ ਕੋਵਿਡ-19 ਦੇ ਸਬੰਧ ’ਚ ਵਿਸ਼ੇਸ਼ ਨਿਰਦੇਸ਼ ਜਾਰੀ ਕਰਦੇ ਹੋਏ ਵਿਭਾਗੀ ਟੀਮਾਂ ਨੂੰ ਨਿੱਜੀ ਸਕੂਲਾਂ ਦੀ ਚੈਕਿੰਗ ਕਰਨ ਦੇ ਹੁਕਮ ਦਿੱਤੇ ਗਏ। ਡੀ. ਈ. ਓ. ਵੱਲੋਂ ਸਾਰੇ ਨੋਡਲ ਅਧਿਕਾਰੀਆਂ ਨੂੰ ਜਾਰੀ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਸਾਰੇ ਨੋਡਲ ਅਧਿਕਾਰੀ ਨਿੱਜੀ ਸਕੂਲਾਂ ਦੀ ਚੈਕਿੰਗ ਕਰਨ ਉਪਰੰਤ 2 ਦਿਨਾਂ ਦੇ ਅੰਦਰ-ਅੰਦਰ ਆਪਣੀ ਰਿਪੋਰਟ ਸਬਮਿੱਟ ਕਰਵਾਉਣਗੇ।

ਇਹ ਵੀ ਪੜ੍ਹੋ : ਪੰਜਾਬ 'ਚ 'ਪੂਰਨ ਲਾਕਡਾਊਨ' ਨੂੰ ਲੈ ਕੇ ਕੈਪਟਨ ਦਾ ਵੱਡਾ ਫ਼ੈਸਲਾ, ਨਵੀਆਂ ਹਦਾਇਤਾਂ ਜਾਰੀ

ਨੋਡਲ ਅਧਿਕਾਰੀ ਆਪਣੀ ਚੈਕਿੰਗ ਰਿਪੋਰਟ ’ਚ ਇਹ ਜ਼ਰੂਰ ਲਿਖਣਗੇ ਕਿ ਸਕੂਲ ’ਚ ਟੀਚਿੰਗ ਸਟਾਫ ਹਾਜ਼ਰ ਸੀ ਜਾਂ ਨਹੀਂ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਮੌਜੂਦਾ ਹੁਕਮਾਂ ਮੁਤਾਬਕ ਨਿੱਜੀ ਸਕੂਲਾਂ ਨੂੰ ਮੁਕੰਮਲ ਤੌਰ ’ਤੇ ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਲਈ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਡੀ. ਈ. ਓ. ਦੇ ਇਨ੍ਹਾਂ ਹੁਕਮਾਂ ਨਾਲ ਸੀ. ਬੀ. ਐੱਸ. ਈ. ਸਕੂਲਾਂ ਦੇ ਸਾਹਮਣੇ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ ਕਿਉਂਕਿ ਸੀ. ਬੀ. ਐੱਸ. ਈ. ਨੇ ਵੀ 10ਵੀਂ ਜਮਾਤ ਦੀ ਮਾਰਕਿੰਗ ਸਕੀਮ ਜਾਰੀ ਕਰਦੇ ਹੋਏ ਸਕੂਲਾ ਨੂੰ ਨਤੀਜਾ ਮਈ ਮਹੀਨੇ ’ਚ ਤਿਆਰ ਕਰਨ ਦੇ ਹੁਕਮ ਦਿੱਤੇ ਹਨ। ਹੁਣ ਸਕੂਲ ਸੰਚਾਲਕਾਂ ਦਾ ਕਹਿਣਾ ਹੈ ਕਿ ਜੇਕਰ ਉਹ ਸੀ. ਬੀ. ਐੱਸ. ਈ. ਨੂੰ ਤੈਅ ਸਮੇਂ ’ਤੇ ਨਤੀਜਾ ਨਹੀਂ ਭੇਜਦੇ ਤਾਂ ਉਨ੍ਹਾਂ ਨੂੰ ਭਾਰੀ ਜੁਰਮਾਨਾ ਲੱਗ ਸਕਦਾ ਹੈ ਅਤੇ ਜੇਕਰ ਸਿੱਖਿਆ ਵਿਭਾਗ ਦੇ ਹੁਕਮਾਂ ਨੂੰ ਲਾਗੂ ਕਰਦੇ ਹਨ ਤਾਂ ਸਟਾਫ਼ ਨਾ ਆਉਣ ਕਾਰਨ ਉਨ੍ਹਾਂ ਦਾ ਨਤੀਜਾ ਲੇਟ ਹੋ ਸਕਦਾ ਹੈ, ਜਿਸ ਕਾਰਨ ਉਨ੍ਹਾਂ ਦੇ ਸਾਹਮਣੇ ‘ਅੱਗੇ ਖੂਹ, ਪਿੱਛੇ ਖਾਈ’ ਵਾਲੇ ਹਾਲਾਤ ਪੈਦਾ ਹੋ ਗਏ ਹਨ।

ਇਹ ਵੀ ਪੜ੍ਹੋ : ਪਾਤੜਾਂ 'ਚ ਮੁੰਡੇ ਵੱਲੋਂ ਕੁੱਤੇ ਨੂੰ ਗੋਲੀ ਮਾਰਨ ਦੀ ਵੀਡੀਓ ਦੇਖ ਭੜਕੀ ਕੇਂਦਰੀ ਮੰਤਰੀ, ਪੰਜਾਬ DGP ਨੂੰ ਦਿੱਤੇ ਸਖ਼ਤ ਹੁਕਮ

ਸੰਚਾਲਕਾਂ ਮੁਤਾਬਕ ਵਿਦਿਆਰਥੀਆਂ ਦੇ ਮਈ ਤੋਂ ਲੈ ਕੇ ਲਏ ਗਏ ਕਲਾਸ ਟੈਸਟ, ਮਿਡ-ਟਰਮ, ਪ੍ਰੀ-ਬੋਰਡ ਐਗਜ਼ਾਮ, ਹੋਰ ਟੈਸਟ ਦੇ ਨਾਲ-ਨਾਲ ਹੋਰ ਗਤੀਵਿਧੀਆਂ ਦੇ ਆਧਾਰ ’ਤੇ ਅਸੈੱਸਮੈਂਟ ਕਰਦੇ ਹੋਏ ਉਨ੍ਹਾਂ ਦਾ ਨਤੀਜਾ ਤਿਆਰ ਕੀਤਾ ਜਾਣਾ ਹੈ। ਅਜਿਹੇ ’ਚ ਜੇਕਰ ਸਕੂਲ ਸਟਾਫ਼ ਹੀ ਸਕੂਲ ਨਹੀਂ ਆਵੇਗਾ ਤਾਂ ਉਹ ਕਿਵੇਂ ਵਿਦਿਆਰਥੀਆਂ ਦਾ ਨਤੀਜਾ ਤਿਆਰ ਕਰ ਸਕਣਗੇ। ਇੰਨਾ ਹੀ ਨਹੀਂ, ਸੀ. ਬੀ. ਐੱਸ. ਈ. ਨੇ 20 ਤੋਂ 25 ਮਈ ਤੱਕ ਵਿਦਿਆਰਥੀਆਂ ਦੇ ਮਾਰਕਸ ਪੋਰਟਲ ’ਤੇ ਅਪਲੋਡ ਕਰਨ ਦੇ ਨਿਰਦੇਸ਼ ਦਿੱਤੇ ਹਨ। ਹੁਣ ਸਕੂਲਾਂ ਨੇ ਇਸ ਸਬੰਧੀ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਤਿਆਰੀ ਸ਼ੁਰੂ ਕਰ ਲਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News