ਸੀ.ਬੀ.ਐੱਸ.ਈ. ਦੇ ਨਵੇਂ ਐਲਾਨ ਨੇ ਕੀਤੀ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦੀ ਟੈਨਸ਼ਨ ਛੂ-ਮੰਤਰ
Tuesday, Oct 24, 2017 - 09:45 PM (IST)
ਲੁਧਿਆਣਾ (ਵਿੱਕੀ)-ਸੀ. ਬੀ. ਐੱਸ. ਈ. ਦੀ 10ਵੀਂ ਅਤੇ 12ਵੀਂ ਦੀ ਬੋਰਡ ਪ੍ਰੀਖਿਆ ਫਰਵਰੀ ਦੀ ਬਜਾਏ ਮਾਰਚ 'ਚ ਹੀ ਹੋਵੇਗੀ। ਸੀ. ਬੀ. ਐੱਸ. ਈ. ਦੀ ਸਾਲਾਨਾ ਪ੍ਰੀਖਿਆ ਦੇਣ ਦੀ ਤਿਆਰੀ ਕਰ ਰਹੇ ਲੱਖਾਂ ਵਿਦਿਆਰਥੀਆਂ ਲਈ ਹੁਣ ਇਹ ਖ਼ਬਰ ਰਾਹਤ ਵਾਲੀ ਹੈ ਕਿਉਂਕਿ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਲਈ ਕਰੀਬ 1 ਮਹੀਨੇ ਦਾ ਸਮਾਂ ਹੋਰ ਮਿਲ ਗਿਆ ਹੈ।
ਸੀ. ਬੀ. ਐੱਸ. ਈ. ਨੇ ਅਗਲੇ ਸਾਲ ਹੋਣ ਵਾਲੀ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਫਰਵਰੀ ਦੀ ਬਜਾਏ ਮਾਰਚ 'ਚ ਕਰਵਾਉਣ ਦੀ ਯੋਜਨਾ ਤਿਆਰ ਕੀਤੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਬੋਰਡ ਨੇ ਇਨ੍ਹਾਂ ਦੋਵੇਂ ਕਲਾਸਾਂ ਦੀ ਸਾਲਾਨਾ ਪ੍ਰੀਖਿਆ ਫਰਵਰੀ ਮਹੀਨੇ 'ਚ ਕਰਵਾਉਣ ਦਾ ਫਾਰਮੂਲਾ ਤਿਆਰ ਕੀਤਾ ਸੀ, ਜਿਸ ਦੇ ਲਈ ਲਗਭਗ ਤਿਆਰੀ ਵੀ ਸ਼ੁਰੂ ਹੋ ਚੁੱਕੀ ਸੀ ਪਰ ਮੌਕੇ ਤੋਂ ਪਹਿਲਾਂ ਬੋਰਡ ਨੇ ਹੁਣ ਪੁਰਾਣੇ ਸਿਸਟਮ ਤਹਿਤ ਹੀ ਪ੍ਰੀਖਿਆ ਕਰਵਾਉਣ ਦਾ ਮਨ ਬਣਾ ਲਿਆ ਹੈ। ਬੋਰਡ ਦੇ ਇਸ ਕਦਮ ਨਾਲ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਟੈਨਸ਼ਨ ਵੀ ਛੂ-ਮੰਤਰ ਹੋ ਗਈ ਹੈ ਕਿਉਂਕਿ ਫਰਵਰੀ 'ਚ ਪ੍ਰੀਖਿਆ ਹੋਣ ਦੀ ਖ਼ਬਰ ਨਾਲ ਵਿਦਿਆਰਥੀ ਅਤੇ ਅਧਿਆਪਕ ਚਿੰਤਤ ਸਨ। ਦੱਸ ਦੇਈਏ ਕਿ ਸੀ. ਬੀ. ਐੱਸ. ਈ. 10ਵੀਂ ਅਤੇ 12ਵੀਂ ਦੀ ਬੋਰਡ ਪ੍ਰੀਖਿਆ 'ਚ ਇਸ ਵਾਰ ਕਰੀਬ 23 ਲੱਖ ਵਿਦਿਆਰਥੀ ਸ਼ਾਮਲ ਹੋ ਰਹੇ ਹਨ।
ਸੀ. ਬੀ. ਐੱਸ. ਈ. ਨੇ ਐੱਮ. ਐੱਚ. ਆਰ. ਡੀ. ਨੂੰ ਲਿਖਿਆ ਸੀ ਪੱਤਰ
ਜਾਣਕਾਰੀ ਮੁਤਾਬਕ ਸੀ. ਬੀ. ਐੱਸ. ਈ. ਨੇ ਕਰੀਬ 4 ਮਹੀਨੇ ਪਹਿਲਾਂ ਮਾਨਵ ਸੰਸਾਧਨ ਵਿਕਾਸ ਵਿਭਾਗ ਨੂੰ ਪੱਤਰ ਲਿਖ ਕੇ ਬੋਰਡ ਪ੍ਰੀਖਿਆਵਾਂ ਫਰਵਰੀ ਮਹੀਨੇ 'ਚ ਕਰਵਾਉਣ ਦੀ ਮਨਜ਼ੂਰੀ ਮੰਗੀ ਸੀ। ਬੋਰਡ ਨੇ ਤਰਕ ਦਿੱਤਾ ਸੀ ਕਿ ਇਸ ਪ੍ਰਕਿਰਿਆ ਨੂੰ ਵਰਤ ਕੇ ਵਿਦਿਆਰਥੀਆਂ ਦਾ ਰਿਜ਼ਲਟ ਵੀ ਜਲਦ ਐਲਾਨ ਹੋਣ ਨਾਲ ਉਨ੍ਹਾਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਵੀ ਸਮਾਂ ਮਿਲ ਸਕਦਾ ਹੈ। ਇਸ ਸਬੰਧੀ ਬੋਰਡ ਅਧਿਕਾਰੀਆਂ ਅਤੇ ਐੱਮ. ਐੱਚ. ਆਰ. ਡੀ. ਦੇ ਵਿਚਕਾਰ ਕਈ ਮੀਟਿੰਗਾਂ ਵੀ ਹੋਈਆਂ ਪਰ ਤਕਨੀਕੀ ਰੂਪ ਨਾਲ ਕਈ ਰੁਕਾਵਟਾਂ ਸਾਹਮਣੇ ਆਉਣ ਦੀ ਸੰਭਾਵਨਾ ਕਾਰਨ ਬੋਰਡ ਨੇ ਫਿਲਹਾਲ ਫਰਵਰੀ 'ਚ ਪ੍ਰੀਖਿਆਵਾਂ ਕਰਵਾਉਣ ਦੇ ਫੈਸਲੇ ਨੂੰ ਟਾਲ ਦਿੱਤਾ।
ਮੁੱਲਾਂਕਣ 'ਤੇ ਵੀ ਪੈ ਸਕਦਾ ਸੀ ਜਲਦਬਾਜ਼ੀ ਦਾ ਅਸਰ
ਸੂਤਰ ਦੱਸਦੇ ਹਨ ਕਿ ਜਲਦਬਾਜ਼ੀ 'ਚ ਰਿਜ਼ਲਟ ਐਲਾਨ ਕਰਨ ਦੇ ਚੱਕਰ 'ਚ ਇਸ ਦਾ ਅਸਰ ਮੁੱਲਾਂਕਣ 'ਤੇ ਪੈਣ ਦੀ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸੀ। ਇਸ ਲਈ ਵਿਦਿਆਰਥੀਆਂ ਦੀ ਬਿਹਤਰੀ ਨੂੰ ਦੇਖਦੇ ਹੋਏ ਫਿਲਹਾਲ ਮਾਰਚ 'ਚ ਹੀ ਪ੍ਰੀਖਿਆ ਕਰਵਾਉਣ 'ਤੇ ਸਹਿਮਤੀ ਬਣੀ ਹੈ। ਉਥੇ ਜਾਣਕਾਰੀ ਮਿਲੀ ਹੈ ਕਿ ਬੋਰਡ ਵੱਲੋਂ ਫਾਈਨਲ ਐਗਜ਼ਾਮ ਦੇ ਮੁਤਾਬਕ ਤਿਆਰੀਆਂ ਪੂਰੀਆਂ ਨਹੀਂ ਹੋ ਸਕੀਆਂ ਸੀ। ਪ੍ਰੀਖਿਆਵਾਂ ਤੋਂ ਬਾਅਦ ਪ੍ਰੈਕਟੀਕਲ 'ਤੇ ਵੀ ਜਲਦ ਐਗਜ਼ਾਮ ਕਰਵਾਉਣ ਦਾ ਅਸਰ ਪੈ ਸਕਦਾ ਸੀ, ਜਿਸ ਦੌਰਾਨ ਬੋਰਡ ਅਧਿਕਾਰੀਆਂ ਨੇ ਮਾਰਚ 'ਚ ਹੀ ਪ੍ਰੀਖਿਆ ਕਰਵਾਉਣ 'ਤੇ ਸਹਿਮਤੀ ਜਤਾਈ ਹੈ।
ਬੋਰਡ ਪ੍ਰੀਖਿਆਵਾਂ 'ਚ ਵਧੇਗੀ ਵਿਦਿਆਰਥੀਆਂ ਦੀ ਗਿਣਤੀ
ਦੱਸ ਦੇਈਏ ਕਿ ਕਰੀਬ 6 ਸਾਲ ਬਾਅਦ ਸੀ. ਬੀ. ਐੱਸ. ਈ. ਵੱਲੋਂ 10ਵੀਂ ਦੀ ਬੋਰਡ ਪ੍ਰੀਖਿਆ ਫਿਰ ਤੋਂ ਪੂਰਨ ਰੂਪ 'ਚ ਸ਼ੁਰੂ ਹੋ ਰਹੀ ਹੈ। ਇਸ ਦੌਰਾਨ ਇਸ ਵਾਰ ਪਿਛਲੇ ਕੁਝ ਸਾਲਾਂ ਦੀ ਤੁਲਨਾ 'ਚ ਵਿਦਿਆਰਥੀਆਂ ਦੀ ਗਿਣਤੀ ਵੀ ਵਧੇਗੀ। ਵਿਦਿਆਰਥੀਆਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਬੋਰਡ ਨੂੰ ਵੀ ਤਿਆਰੀ ਲਈ ਸਮਾਂ ਚਾਹੀਦਾ ਹੈ। ਇਸ ਲਈ ਬੋਰਡ ਨੇ ਫਿਲਹਾਲ ਇਸ ਵਾਰ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਫਰਵਰੀ 'ਚ ਕਰਵਾਉਣ ਦੇ ਫੈਸਲੇ ਨੂੰ ਟਾਲਿਆ ਹੈ।
ਅਪ੍ਰੈਲ 'ਚ ਰਿਜ਼ਲਟ ਐਲਾਨ ਕਰਨ ਦੀ ਸੀ ਤਿਆਰੀ
ਇਸ ਤੋਂ ਪਹਿਲਾਂ ਬੋਰਡ ਦੀ ਯੋਜਨਾ ਸੀ ਕਿ 10ਵੀਂ ਅਤੇ 12ਵੀਂ ਦੇ ਐਗਜ਼ਾਮ ਫਰਵਰੀ 'ਚ ਕਰਵਾ ਕੇ ਨਤੀਜੇ ਅਪ੍ਰੈਲ ਦੇ ਆਖਰੀ ਹਫਤੇ 'ਚ ਐਲਾਨ ਕਰ ਦਿੱਤੇ ਜਾਣ। ਫਿਲਹਾਲ ਮੌਜੂਦਾ ਪੈਟਰਨ ਦੇ ਮੁਤਾਬਕ ਅਪ੍ਰੈਲ ਤੱਕ ਐਗਜ਼ਾਮ ਚੱਲਣ ਕਾਰਨ ਰਿਜ਼ਲਟ ਵੀ ਮਈ ਦੇ ਚੌਥੇ ਹਫਤੇ ਤੱਕ ਐਲਾਨ ਹੁੰਦਾ ਹੈ। ਇਸ ਲਈ ਬੋਰਡ ਨੇ ਯੋਜਨਾ ਤਿਆਰ ਕੀਤੀ ਸੀ ਕਿ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਫਰਵਰੀ ਦੇ ਅੱਧ 'ਚ ਕਰਵਾ ਲਈ ਜਾਵੇ।
ਜੇਕਰ ਬੋਰਡ ਨੇ ਪ੍ਰੀਖਿਆ ਫਰਵਰੀ ਦੀ ਬਜਾਏ ਮਾਰਚ 'ਚ ਹੀ ਕਰਵਾਉਣ ਦਾ ਫੈਸਲਾ ਸਥਿਰ ਰੱਖਿਆ ਹੈ ਤਾਂ ਇਹ ਚੰਗਾ ਫੈਸਲਾ ਹੈ। ਮੇਰੇ ਮੁਤਾਬਕ ਸੀ. ਬੀ. ਐੱਸ. ਈ. ਵਰਗੇ ਪ੍ਰਸਿੱਧ ਬੋਰਡ ਨੂੰ ਕਿਸੇ ਵੀ ਤਰ੍ਹਾਂ ਦੇ ਬਦਲਾਅ ਸਬੰਧੀ ਫੈਸਲਾ ਸੈਸ਼ਨ ਦੀ ਸ਼ੁਰੂਆਤ 'ਚ ਹੀ ਲੈਣਾ ਚਾਹੀਦਾ ਹੈ। ਸੈਸ਼ਨ ਦੇ ਮੱਧ 'ਚ ਇਸ ਤਰ੍ਹਾਂ ਦੇ ਬਦਲਾਅ ਸਬੰਧੀ ਫੈਸਲੇ ਨਾਲ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ 'ਚ ਵੀ ਦੁਵਿਧਾ ਬਣੀ ਰਹਿੰਦੀ ਹੈ। ਜੇਕਰ ਬੋਰਡ ਸ਼ੁਰੂਆਤੀ ਪੜਾਅ 'ਚ ਕੋਈ ਵੀ ਫੈਸਲਾ ਲੈ ਕੇ ਇਸ ਨੂੰ ਲਾਗੂ ਕਰ ਦੇਣ ਤਾਂ ਸਕੂਲ ਅਤੇ ਵਿਦਿਆਰਥੀ ਉਸ ਦੇ ਮੁਤਾਬਕ ਹੀ ਪ੍ਰੀਖਿਆ ਸਬੰਧੀ
ਮਾਰਚ 'ਚ ਹੀ ਪ੍ਰੀਖਿਆ ਕਰਵਾਉਣ ਦਾ ਫੈਸਲਾ ਸਹੀ ਹੈ। ਫਰਵਰੀ 'ਚ ਪ੍ਰੀਖਿਆ ਜੇਕਰ ਕੰਡਕਟ ਹੁੰਦੀ ਹੈ ਤਾਂ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਨੂੰ ਵੀ ਇਸ ਦੀ ਕਾਫੀ ਟੈਨਸ਼ਨ ਰਹਿੰਦੀ ਹੈ ਕਿਉਂਕਿ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਦੇ ਲਈ ਘੱਟ ਸਮਾਂ ਮਿਲਦਾ ਹੈ। ਵੈਸੇ ਵੀ ਪਿਛਲੇ ਲੰਮੇ ਸਮੇਂ ਤੋਂ ਮਾਰਚ 'ਚ ਹੀ ਪ੍ਰੀਖਿਆ ਹੋਣ ਦਾ ਸਿਲਸਿਲਾ ਚੱਲਦਾ ਹੋਣ ਨਾਲ ਵਿਦਿਆਰਥੀ ਉਸ ਦੇ ਮੁਤਾਬਕ ਹੀ ਸ਼ਡਿਊਲ ਬਣਾ ਕੇ ਤਿਆਰੀ ਕਰਦੇ ਹਨ।
