ਸੀ. ਬੀ. ਐੱਸ. ਈ. ਦਾ ਵਿਦਿਆਰਥੀ ਹਿੱਤ ’ਚ ਵੱਡਾ ਫੈਸਲਾ

Friday, May 15, 2020 - 08:43 AM (IST)

ਸੀ. ਬੀ. ਐੱਸ. ਈ. ਦਾ ਵਿਦਿਆਰਥੀ ਹਿੱਤ ’ਚ ਵੱਡਾ ਫੈਸਲਾ

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ 9ਵੀਂ ਅਤੇ 11ਵੀਂ 'ਚ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਨੂੰ ਪਾਸ ਹੋਣ ਦਾ ਇਕ ਹੋਰ ਮੌਕਾ ਦੇਣ ਜਾ ਰਿਹਾ ਹੈ। ਮਨੁੱਖੀ ਵਸੀਲੇ ਵਿਕਾਸ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਇਕ ਟਵੀਟ ਕਰਦੇ ਹੋਏ ਸੀ. ਬੀ. ਐੱਸ. ਈ. ਨੂੰ ਨਿਰਦੇਸ਼ ਦਿੱਤੇ ਕਿ ਉਹ ਵਿਦਿਆਰਥੀਆਂ ਨੂੰ ਇਕ ਹੋਰ ਮੌਕਾ ਦੇਣ। ਇਥੇ ਦੱਸ ਦੇਈਏ ਕਿ ਕੋਰੋਨਾ ਵਾਇਰਸ ਅਤੇ ਲਾਕ ਡਾਊਨ ਕਾਰਨ ਵਿਦਿਆਰਥੀਆਂ 'ਚ ਵਧਦੇ ਤਣਾਅ ਨੂੰ ਦੇਖਦੇ ਹੋਏ ਐੱਮ. ਐੱਚ. ਆਰ. ਡੀ. ਮੰਤਰੀ ਨੇ ਇਹ ਫੈਸਲਾ ਕੀਤਾ ਹੈ। ਐੱਮ. ਐੱਚ. ਆਰ. ਡੀ. ਦੇ ਆਦੇਸ਼ਾਂ ਤੋਂ ਬਾਅਦ ਸੀ. ਬੀ. ਐੱਸ. ਈ. ਨੇ ਇਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ। ਨੋਟੀਫਿਕੇਸ਼ਨ ਮੁਤਾਬਕ ਸਕੂਲ ਪੱਧਰ ’ਤੇ 9ਵੀਂ ਜਾਂ 11ਵੀਂ ਕਲਾਸ 'ਚ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਲਈ ਉਨ੍ਹਾਂ ਦੇ ਸਕੂਲ ਇਕ ਵਾਰ ਹੋਰ ਟੈਸਟ ਲੈ ਸਕਦੇ ਹਨ। ਇਹ ਟੈਸਟ ਆਨਲਾਈਨ ਅਤੇ ਆਫਲਾਈਨ ਵਿਦਿਆਰਥੀ ਦੀ ਸੁਵਿਧਾ ਅਨੁਸਾਰ ਦੋਵੇਂ ਮਾਧਿਅਮ ਨਾਲ ਹੋਵੇਗਾ। ਸੀ. ਬੀ. ਐੱਸ. ਈ. ਮੁਤਾਬਕ ਜਿਸ ਵਿਸ਼ੇ 'ਚ ਵਿਦਿਆਰਥੀ ਫੇਲ੍ਹ ਹੋਵੇਗਾ, ਉਸ ਵਿਸ਼ੇ ਦਾ ਟੈਸਟ ਲੈਣ ਤੋਂ ਪਹਿਲਾਂ ਫੇਲ੍ਹ ਵਿਦਿਆਰਥੀ ਨੂੰ ਤਿਆਰੀ ਲਈ ਸਮਾਂ ਦਿੱਤਾ ਜਾਵੇਗਾ।
ਸਿਰਫ ਇਸੇ ਸਾਲ ਮਿਲੇਗਾ ਦੋਬਾਰਾ ਪ੍ਰੀਖਿਆ ਦੇਣ ਦਾ ਮੌਕਾ
ਸੀ. ਬੀ. ਐੱਸ. ਈ. ਨੇ ਕਿਹਾ ਕਿ ਵਰਤਮਾਨ ਹਾਲਾਤ ਨੂੰ ਦੇਖਦੇ ਹੋਏ ਪ੍ਰੀਖਿਆ 'ਚ ਪਾਸ ਹੋਣ ਦਾ ਇਕ ਹੋਰ ਮੌਕਾ ਸਿਰਫ ਇਸੇ ਸਾਲ ਦਿੱਤਾ ਜਾਵੇਗਾ। ਇਹ ਸੁਵਿਧਾ ਸਿਰਫ ਇਕ ਵਾਰ ਲਈ ਹੈ ਅਤੇ ਭਵਿੱਖ 'ਚ ਇਸੇ ਤਰ੍ਹਾਂ ਜਾਰੀ ਨਹੀਂ ਰੱਖਿਆ ਜਾਵੇਗਾ। ਸੀ. ਬੀ. ਐੱਸ. ਈ. ਨੇ ਕਿਹਾ ਕਿ ਇਸ ਤਰ੍ਹਾਂ ਦੇ ਕਠਿਨ ਸਮੇਂ 'ਚ 9ਵੀਂ ਅਤੇ 11ਵੀਂ ਦੇ ਵਿਦਿਆਰਥੀਆਂ ਨੂੰ ਫੇਲ੍ਹ ਹੋਣ ’ਤੇ ਇਕ ਹੋਰ ਮੌਕਾ ਦਿੱਤਾ ਜਾਵੇਗਾ। ਇਸ ਗੱਲ ਨੂੰ ਲੈ ਕੇ ਲਗਾਤਾਰ ਵਿਦਿਆਰਥੀਆਂ ਦੇ ਮਾਪੇ ਸੀ. ਬੀ. ਐੱਸ. ਈ. ਨਾਲ ਆਪਣੀਆਂ ਚਿੰਤਾਵਾਂ ਜ਼ਾਹਿਰ ਕਰ ਰਹੇ ਸਨ ਅਤੇ ਸਵਾਲ ਪੁੱਛ ਰਹੇ ਸਨ। ਇਹ ਟੈਸਟ ਸਕੂਲ 'ਚ ਹੀ ਲਿਆ ਜਾਵੇਗਾ। 9ਵੀਂ ਅਤੇ 11ਵੀਂ ਦੋਵੇਂ ਕਲਾਸਾਂ 'ਚ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਨੂੰ ਹਰ ਹਾਲ 'ਚ ਮੌਕਾ ਦਿੱਤਾ ਜਾਵੇਗਾ, ਭਾਵੇਂ ਪ੍ਰੀਖਿਆ ਦਾ ਨਤੀਜਾ ਜਾਰੀ ਹੋ ਗਿਆ ਹੈ ਜਾਂ ਪ੍ਰੀਖਿਆਵਾਂ ਹੋ ਚੁੱਕੀਆਂ ਹੋਣ ਜਾਂ ਨਾ ਹੋਈਆਂ ਹੋਣ। ਇਹ ਸੁਵਿਧਾ ਕੁੱਝ ਵਿਸ਼ਿਆਂ 'ਚ ਫੇਲ੍ਹ ਹੋਣ ’ਤੇ ਦਿੱਤੀ ਜਾਵੇਗੀ।


author

Babita

Content Editor

Related News