ਵਿਦਿਆਰਥੀਆਂ ਨੂੰ ਸਟਰੈੱਸ ਮੁਕਤ ਕਰੇਗਾ CBSE ਦਾ ‘ਦੋਸਤ ਫਾਰ ਲਾਈਫ’ ਕਾਊਂਸਲਿੰਗ ਐਪ
Sunday, May 09, 2021 - 02:05 AM (IST)
ਲੁਧਿਆਣਾ, (ਵਿੱਕੀ)- ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ 9ਵੀਂ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਵਿਦਿਆਰਕੀਆਂ ਲਈ ‘ਦੋਸਤ ਫਾਰ ਲਾਈਫ’ ਨਾਮੀ ਕਾਊਂਸਲਿੰਗ ਐਪ ਲਾਂਚ ਕੀਤੀ ਹੈ। ਇਸ ਕਾਊਂਸਲਿੰਗ ਐਪ ਨੂੰ ਲਾਂਚ ਕਰਨ ਦਾ ਮਕਸਦ ਵਿਦਿਆਰਥੀਆਂ ਦੇ ਸਾਈਕੋ-ਸੋਸ਼ਲ ਵੈੱਲਨੈੱਸ ’ਚ ਸੁਧਾਰ ਕਰਨਾ ਹੈ। ਕੋਰੋਨਾ ਦੇ ਇਸ ਦੌਰ ’ਚ ਜਦੋਂ ਵਿਦਿਆਰਥੀਆਂ ’ਚ ਮਾਨਸਿਕ ਅਵਸਾਦ ਪੈਦਾ ਹੋਣਾ ਆਮ ਗੱਲ ਹੈ। ਅਜਿਹੇ ’ਚ ਇਹ ਕਾਊਂਸਲਿੰਗ ਐਪ ਉਨ੍ਹਾਂ ਦੀ ਮਦਦ ਕਰੇਗਾ। ਇਸ ਐਪ ਜ਼ਰੀਏ ਸੀ. ਬੀ. ਐੱਸ. ਈ. 10 ਮਈ ਤੋਂ ਆਪਣੇ ਸਾਲਾਨਾ ਕਾਊਂਸਲਿੰਗ ਪ੍ਰੋਗਰਾਮ ਦੀ ਸ਼ੁਰੂਆਤ ਕਰੇਗੀ।
ਮੁਫਤ ਹੋਣਗੇ ਲਾਈਵ ਕਾਊਂਸਲਿੰਗ ਸੈਸ਼ਨ
ਇਸ ’ਚ ਲਾਈਵ ਕਾਊਂਸਲਿੰਗ ਸੈਸ਼ਨ ਵੀ ਮੁਫਤ ਕੀਤੇ ਜਾਣਗੇ, ਜਿਨ੍ਹਾਂ ਦਾ ਆਯੋਜਨ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ। ਇਨ੍ਹਾਂ ਸੈਸ਼ਨਾਂ ’ਚ ਕੁਲ 83 ਵਾਲੰਟੀਅਰ ਵਿਦਿਆਰਥੀਆਂ ਦੀ ਕਾਊਂਸÇਲਿੰਗ ਕਰਨਗੇ, ਜਿਨ੍ਹਾਂ ’ਚੋਂ 66 ਭਾਰਤੀ ਅਤੇ ਬਾਕੀ 17 ਸਾਊਦੀ ਅਰਬ, ਯੂ. ਏ. ਈ., ਨੇਪਾਲ, ਓਮਾਨ, ਕੁਵੈਤ, ਜਾਪਾਨ ਅਤੇ ਯੂ. ਐੱਸ. ਏ. ਦੇ ਹੋਣਗੇ। ਲਾਈਵ ਸੈਸ਼ਨ ਦਾ ਸਮਾਂ ਪਹਿਲਾਂ ਨਿਰਧਾਰਿਤ ਹੋਵੇਗਾ। ਇਸ ’ਚ ਵਿਦਿਆਰਥੀਆਂ ਨੂੰ ਸਹੂਲਤ ਰਹੇਗੀ ਕਿ ਉਹ ਆਪਣਾ ਸਮਾਂ ਖੁਦ ਚੁਣਨ ਕਿ ਉਨ੍ਹਾਂ ਨੂੰ ਕਿਸ ਸੈਸ਼ਨ ਦੀ ਕਾਊਂਸਲਿੰਗ ’ਚ ਸ਼ਾਮਲ ਹੋਣਾ ਹੈ।
ਕੀ ਖਾਸ ਹੈ ਇਸ ਐਪ ’ਚ
ਨਵਾਂ ਐਪ ਦੁਨੀਆ ਭਰ ’ਚ ਵੱਖ-ਵੱਖ ਭੂਗੋਲਿਕ ਖੇਤਰਾਂ ’ਚ ਸੀ. ਬੀ. ਐੱਸ. ਈ. ਨਾਲ ਸਬੰਧਤ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਇਕੱਠੇ ਪੂਰਾ ਕਰੇਗਾ। ਬੋਰਡ ਤੋਂ ਸਿਖਲਾਈ ਪ੍ਰਾਪਤ ਕਾਊਂਸਲਰ/ਪ੍ਰਿੰਸੀਪਲ ਵੱਲੋਂ ਹਫਤੇ ’ਚ 3 ਵਾਰ ਸੋਮਵਾਰ, ਸ਼ੁੱਕਰਵਾਰ ਅਤੇ ਬੁੱਧਵਾਰ ਨੂੰ ਮੁਫਤ ’ਚ ਲਾਈਵ ਕਾਊਂਸਲਿੰਗ ਸੈਸ਼ਨ ਕਰੇਗਾ। ਸੀ. ਬੀ. ਐੱਸ. ਈ. ਸਬੰਧੀ ਸਕੂਲਾਂ ਦੇ ਵਿਦਿਆਰਥੀ ਅਤੇ ਮਾਪੇ 2 ਸਮੇਂ ਦੇ ਸਲਾਟ ’ਚੋਂ ਕੋਈ ਵੀ ਚੁਣ ਸਕਦੇ ਹਨ। ਸਵੇਰ 9.30 ਤੋਂ 1.30 ਵਜੇ ਜਾਂ ਦੁਪਹਿਰ 1.30 ਤੋਂ 5.30 ਵਜੇ ਤੱਕ ਅਤੇ ਆਪਣੀ ਸਹੂਲਤ ਮੁਤਾਬਕ ਚੈਟਬਾਕਸ ਨਾਲ ਜੁੜ ਸਕਦੇ ਹਨ। ਐਪ ਵਿਦਿਆਰਥੀਆਂ ਨੂੰ 12ਵੀਂ ਤੋਂ ਬਾਅਦ ਵਿਚਾਰਉਤੇਜਕ ਕੋਰਸ ਗਾਈਡ, ਮਾਨਸਿਕ ਸਿਹਤ ਅਤੇ ਯੁਕਤੀਆਂ, ਇਕ ਕੋਰੋਨਾ ਗਾਈਡ ਅਤੇ ਐਪ ਗੀਤਾਂ ਬਾਰੇ ਵੀ ਜਾਣਕਾਰੀ ਦੇਵੇਗਾ।
ਸੀ. ਬੀ. ਐੱਸ. ਈ. ਦੀ ਇਹ ਚੰਗੀ ਪਹਿਲ ਹੈ। ਕੋਰੋਨਾ ਕਾਲ ਦੌਰਾਨ ਅਤੇ ਸਕੂਲ ਨਾ ਲੱਗਣ ਦੌਰਾਨ ਬਹੁਤ ਸਾਰੇ ਵਿਦਿਆਰਥੀਆਂ ਨੂੰ ਤਣਾਅ ਹੋਣਾ ਸੁਭਾਵਿਕ ਹੈ। ਉਨ੍ਹਾਂ ਦੀ ਪਹਿਲਾਂ ਵਰਗੀ ਰੁਟੀਨ ਨਹੀਂ ਰਹੀ। ਉਨ੍ਹਾਂ ਨੂੰ ਆਪਣੇ ਅਧਿਆਪਕਾਂ ਅਤੇ ਆਪਣੇ ਕਲਾਸਮੇਟਸ ਨੂੰ ਮਿਲਣ ਦਾ ਮੌਕਾ ਨਹੀਂ ਮਿਲ ਰਿਹਾ। ਅਜਿਹੇ ’ਚ ਬੱਚਿਆਂ ਦੀ ਕਾਊਂਸਲਿੰਗ ਬਹੁਤ ਜ਼ਰੂਰੀ ਹੈ। ਬੱਚਿਆਂ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਇਹ ਐਪ ਸਹਾਈ ਸਿੱਧ ਹੋਵੇਗੀ।