ਬੇਅਦਬੀ ਮਾਮਲੇ ਦੀ ਜਾਂਚ ਲਈ ਬਣਾਈ ਨਵੀਂ ਸਿਟ, ਬਦਲਿਆ ਜਾਂਚ ਅਧਿਕਾਰੀ: CBI

09/26/2019 9:50:42 AM

ਮੋਹਾਲੀ (ਕੁਲਦੀਪ) – ਪੰਜਾਬ 'ਚ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਮਾਮਲੇ 'ਚ ਜਾਂਚ ਏਜੰਸੀ ਸੀ. ਬੀ. ਆਈ. ਵਲੋਂ ਦਾਇਰ ਕੀਤੀ ਕਲੋਜ਼ਰ ਰਿਪੋਰਟ ਵਾਲੇ ਕੇਸ ਦੀ ਸੁਣਵਾਈ ਸੀ. ਬੀ. ਆਈ. ਦੀ ਅਦਾਲਤ 'ਚ ਹੋਈ। ਅਦਾਲਤ 'ਚ ਸਰਕਾਰ ਵਲੋਂ ਸਰਕਾਰੀ ਵਕੀਲ ਸੰਜੀਵ ਕੁਮਾਰ ਬਤਰਾ ਪੇਸ਼ ਹੋਏ। ਅਦਾਲਤ ਨੂੰ ਸੀ. ਬੀ. ਆਈ. ਨੇ ਦੱਸਿਆ ਕਿ ਕੇਸ ਦੀ ਜਾਂਚ ਲਈ ਇਕ ਨਵੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿਟ) ਗਠਿਤ ਕਰ ਦਿੱਤੀ ਗਈ ਹੈ ਅਤੇ ਜਾਂਚ ਅਧਿਕਾਰੀ ਵੀ ਨਵਾਂ ਲਾ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਸੀ. ਬੀ. ਆਈ. ਨੇ ਐਡੀਸ਼ਨਲ ਐੱਸ. ਪੀ. ਅਨਿਲ ਕੁਮਾਰ ਯਾਦਵ ਨੂੰ ਕੇਸ ਦਾ ਨਵਾਂ ਜਾਂਚ ਅਧਿਕਾਰੀ ਲਾਇਆ ਹੈ।

ਪਤਾ ਲੱਗਾ ਹੈ ਕਿ ਏਜੰਸੀ ਨੇ ਅਦਾਲਤ 'ਚ ਨਵੀਂ ਸਿਟ ਗਠਿਤ ਕਰਨ ਦੀ ਗੱਲ ਕਰਕੇ ਇਹ ਤਰਕ ਦਿੱਤਾ ਕਿ ਹੁਣ ਨਵੀਂ ਜਾਂਚ ਟੀਮ ਨੂੰ ਕੇਸ ਦਾ ਰਿਕਾਰਡ ਆਦਿ ਪੜ੍ਹਨ ਲਈ 30 ਦਿਨਾਂ ਦਾ ਸਮਾਂ ਚਾਹੀਦਾ ਹੈ। ਇਸ ਦੌਰਾਨ ਅਦਾਲਤ ਨੇ ਸੀ. ਬੀ. ਆਈ. ਨੂੰ ਆਪਣਾ ਜਵਾਬ ਦਾਇਰ ਕਰਨ ਲਈ 30 ਅਕਤੂਬਰ ਦੀ ਤਰੀਕ ਨਿਸ਼ਚਿਤ ਕਰ ਦਿੱਤੀ। ਦੂਜੇ ਪਾਸੇ ਕੇਸ ਦੀ ਸੁਣਵਾਈ ਦੌਰਾਨ ਅਦਾਲਤ 'ਚ ਸ਼ਿਕਾਇਤਕਰਤਾ ਰਣਜੀਤ ਸਿੰਘ ਤੇ ਗੋਰਾ ਸਿੰਘ ਦੇ ਵਕੀਲ ਗਗਨਪ੍ਰਦੀਪ ਸਿੰਘ ਬੱਲ ਨੇ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲਪੁਰ ਵਲੋਂ ਅਦਾਲਤ 'ਚ ਦਾਇਰ ਕੀਤੀ ਗਈ ਅਰਜ਼ੀ 'ਤੇ ਆਪਣਾ ਜਵਾਬ ਦਿੱਤਾ। ਐਡਵੋਕੇਟ ਬੱਲ ਨੇ ਅਦਾਲਤ ਨੂੰ ਦੱਸਿਆ ਕਿ ਬੇਅਦਬੀ ਮਾਮਲਿਆਂ 'ਚ ਸੁਣਵਾਈ ਦੌਰਾਨ ਹਰਬੰਸ ਸਿੰਘ ਕਦੇ ਗਵਾਹੀ ਦੇਣ ਲਈ ਅਦਾਲਤ 'ਚ ਪੇਸ਼ ਨਹੀਂ ਹੋਏ, ਇਸ ਲਈ ਉਨ੍ਹਾਂ ਨੂੰ ਕੇਸ 'ਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ।


rajwinder kaur

Content Editor

Related News