ਸਰਕਾਰੀ ਧਰਮਸ਼ਾਲਾ ''ਤੇ ਚੱਲ ਰਹੀ ਕੈਟਰਿੰਗ
Tuesday, Jan 30, 2018 - 07:28 AM (IST)

ਪਟਿਆਲਾ, (ਰਾਜੇਸ਼)- ਪੰਜਾਬ ਸਰਕਾਰ ਵੱਲੋਂ ਲੋਕਾਂ ਦਾ ਸਹਿਯੋਗ ਕਰਦੇ ਹੋਏ ਸੂਬੇ ਭਰ 'ਚ ਰਹਿਣ ਬਸੇਰੇ ਤਿਆਰ ਕੀਤੇ ਗਏ ਹਨ। ਲੋਕਾਂ ਵੱਲੋਂ ਸਮਾਗਮ ਕਰਾਉਣ ਲਈ ਵੀ ਕਈ ਥਾਈਂ ਸਰਕਾਰੀ ਧਰਮਸ਼ਾਲਾਵਾਂ ਬਣਾਈਆਂ ਗਈਆਂ ਹਨ। ਇਨ੍ਹਾਂ ਦੀ ਵਰਤੋਂ ਲੋਕਾਂ ਵੱਲੋਂ ਨਹੀਂ, ਸਗੋਂ ਕੁਝ ਰਾਜ ਨੇਤਾਵਾਂ ਵੱਲੋਂ ਕੈਟਰਿੰਗ ਵਾਲੇ ਨੂੰ ਕਿਰਾਏ 'ਤੇ ਦਿੱਤੀ ਗਈ ਹੈ। ਇਸ ਸਬੰਧੀ ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂਆਂ ਵੱਲੋਂ ਜ਼ਿਲਾ ਕਾਰਜਕਾਰੀ ਪ੍ਰਧਾਨ ਵਿਨੀਤ ਸਹਿਗਲ ਦੀ ਅਗਵਾਈ ਹੇਠਾਂ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ। ਉਨ੍ਹਾਂ ਵੱਲੋਂ ਰਾਈ ਮਾਜਰਾ ਪਟਿਆਲਾ ਸਥਿਤ ਇਸ ਵਿਸ਼ਾਲ ਧਰਮਸ਼ਾਲਾ ਨੂੰ ਖ਼ਾਲੀ ਕਰਵਾ ਕੇ ਆਮ ਲੋਕਾਂ ਨੂੰ ਵਰਤੋਂ ਲਈ ਦੇਣ ਦਾ ਜ਼ਿਕਰ ਕੀਤਾ ਗਿਆ ਹੈ।
ਇਸ ਸਬੰਧੀ ਜ਼ਿਲਾ ਕਾਰਜਕਾਰੀ ਪ੍ਰਧਾਨ ਵਿਨੀਤ ਸਹਿਗਲ ਨੇ ਦੱਸਿਆ ਕਿ ਸਾਲ 2006 ਵਿਚ ਪਟਿਆਲਾ ਦੇ ਮੇਅਰ ਵਿਸ਼ਨੂੰ ਸ਼ਰਮਾ ਨੇ ਲੋਕਾਂ ਦੀ ਸੁਵਿਧਾ ਨੂੰ ਵੇਖਦੇ ਹੋਏ ਇਹ ਧਰਮਸ਼ਾਲਾ ਲੋਕਾਂ ਦੇ ਹਵਾਲੇ ਕੀਤੀ ਗਈ ਸੀ। ਇਸ ਦੀ ਕੁਝ ਸਮਾਂ ਤਾਂ ਸਹੀ ਢੰਗ ਨਾਲ ਵਰਤੋਂ ਕੀਤੀ ਗਈ ਪਰ ਵਰਤਮਾਨ ਸਮੇਂ ਵਿਚ ਇਸ ਧਰਮਸ਼ਾਲਾ ਨੂੰ ਨਿੱਜੀ ਕੈਟਰਿੰਗ ਵਾਲੇ ਨੂੰ ਕਿਰਾਏ 'ਤੇ ਦਿੱਤਾ ਗਿਆ ਹੈ। ਸਹਿਗਲ ਨੇ ਮੰਗ ਕਰਦਿਆਂ ਕਿਹਾ ਕਿ ਨਿਗਮ ਇਸ ਧਰਮਸ਼ਾਲਾ ਨੂੰ ਖ਼ਾਲੀ ਕਰਵਾ ਕੇ ਆਮ ਲੋਕਾਂ ਦੇ ਹਵਾਲੇ ਕਰੇ ਤਾਂ ਜੋ ਇਸ ਦੀ ਸਹੀ ਢੰਗ ਨਾਲ ਵਰਤੋਂ ਕੀਤੀ ਜਾ ਸਕੇ।
ਇਸ ਦੌਰਾਨ ਨਿਗਮ ਕਮਿਸ਼ਨਰ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਾਂਚ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸਮੇਂ ਜ਼ਿਲਾ ਮੀਤ ਪ੍ਰਧਾਨ ਰਾਜਿੰਦਰ ਯਾਦਵ, ਆਈ. ਟੀ. ਸੈੱਲ ਦੇ ਪ੍ਰਧਾਨ ਪਵਨ ਸਡਾਨਾ, ਜ਼ਿਲਾ ਚੇਅਰਮੈਨ ਕੇ. ਕੇ. ਗਾਬਾ ਤੇ ਮਜ਼ਦੂਰ ਸੈਨਾ ਦੇ ਜ਼ਿਲਾ ਪ੍ਰਧਾਨ ਰਾਜ ਕੁਮਾਰ ਲਾਡੀ ਸਮੇਤ ਹੋਰ ਸ਼ਿਵ ਸੈਨਿਕ ਵੀ ਹਾਜ਼ਰ ਸਨ।