ਨਸ਼ੀਲੀ ਚਾਹ ਪਿਆ ਕੇ ਲੁੱਟੇ ਨਕਦੀ ਤੇ ਗਹਿਣੇ
Monday, Oct 23, 2017 - 04:10 AM (IST)
ਅੰਮ੍ਰਿਤਸਰ, (ਜ. ਬ.)- ਮੁਸੀਬਤ 'ਚ ਫਸੇ ਕਿਸੇ ਪਰਿਵਾਰ ਦੀ ਮਦਦ ਕਰਨਾ ਕਿਸੇ ਵੇਲੇ ਇਸ ਕਦਰ ਮਹਿੰਗਾ ਪੈ ਸਕਦਾ ਹੈ ਕਿ ਬਾਅਦ ਵਿਚ ਆਪਣੀ ਰਹਿਮਦਿਲੀ ਉਪਰ ਵੀ ਪਛਤਾਉਣਾ ਪੈ ਸਕਦਾ ਹੈ। ਅਜਿਹਾ ਹੀ ਇਕ ਮਾਮਲਾ ਥਾਣਾ ਕੋਤਵਾਲੀ ਵਿਖੇ ਦੇਖਣ ਨੂੰ ਮਿਲਿਆ ਹੈ। ਪੁਲਸ ਨੂੰ ਕੀਤੀ ਸ਼ਿਕਾਇਤ 'ਚ ਕੈਲਾਸ਼ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਬੀਤੀ 13 ਅਕਤੂਬਰ ਨੂੰ ਡੇਰਾ ਬਿਆਸ ਵਿਖੇ ਉਸ ਨੂੰ ਪਤੀ-ਪਤਨੀ ਤੇ ਉਨ੍ਹਾਂ ਦੇ ਨਾਲ ਦੋ ਬੱਚੇ ਮਿਲੇ, ਜਿਨ੍ਹਾਂ ਵੱਲੋਂ ਆਪਣਾ ਸਾਮਾਨ ਗੁੰਮ ਹੋ ਜਾਣ ਦਾ ਦੱਸਦਿਆਂ ਮਦਦ ਕਰਨ ਨੂੰ ਕਿਹਾ ਗਿਆ। ਉਸ ਵੱਲੋਂ ਉਸ ਟਾਈਮ ਉਕਤ ਪਰਿਵਾਰ ਨੂੰ 1 ਹਜ਼ਾਰ ਰੁਪਏ ਦੇ ਦਿੱਤੇ ਗਏ ਤੇ ਇਸ ਪਰਿਵਾਰ ਵੱਲੋਂ ਉਸ ਦੇ ਪਰਿਵਾਰ ਨਾਲ ਭਾਈਚਾਰਾ ਵਧਾਉਣਾ ਸ਼ੁਰੂ ਕਰ ਦਿੱਤਾ ਗਿਆ। 19 ਅਕਤੂਬਰ ਦੀ ਸ਼ਾਮ ਉਹ ਪਤੀ-ਪਤਨੀ ਮੁੜ ਆਏ ਤੇ ਸ੍ਰੀ ਹਰਿਮੰਦਰ ਸਾਹਿਬ ਉਹ ਲੋਕ ਇਕੱਠੇ ਮੱਥਾ ਟੇਕਣ ਗਏ। ਲੰਗਰ ਹਾਲ 'ਚ ਜਾ ਕੇ ਉਨ੍ਹਾਂ ਵੱਲੋਂ ਲਿਆਂਦੀ ਗਈ ਚਾਹ ਪੀਣ ਮਗਰੋਂ ਉਹ ਦੋਵੇਂ ਪਤੀ-ਪਤਨੀ ਬੇਹੋਸ਼ ਹੋ ਗਏ ਤੇ ਹੋਸ਼ ਆਉਣ 'ਤੇ ਉਹ ਗੁਰੂ ਨਾਨਕ ਦੇਵ ਹਸਪਤਾਲ 'ਚ ਪਏ ਮਿਲੇ ਤੇ ਉਕਤ ਮੁਲਜ਼ਮ ਇਕ ਸੋਨੇ ਦੀ ਚੇਨ, ਮੁੰਦਰੀ, ਮੰਗਲਸੂਤਰ, ਕੰਨਾਂ ਦੀਆਂ ਵਾਲੀਆਂ ਅਤੇ 7 ਹਜ਼ਾਰ ਰੁਪਏ ਨਕਦੀ ਵਾਲਾ ਪਰਸ ਚੋਰੀ ਕਰ ਕੇ ਫਰਾਰ ਹੋ ਗਏ। ਮਾਮਲਾ ਦਰਜ ਕਰ ਕੇ ਪੁਲਸ ਅਣਪਛਾਤੇ ਨੌਸਰਬਾਜ਼ਾਂ ਦੀ ਭਾਲ ਕਰ ਰਹੀ ਹੈ।
ਰੰਜਿਸ਼ ਕਾਰਨ ਘਰ 'ਚ ਦਾਖਲ ਹੋ ਕੇ ਹਮਲਾ -ਪੁਰਾਣੀ ਰੰਜਿਸ਼ ਕਾਰਨ ਘਰ 'ਚ ਦਾਖਲ ਹੋ ਕੇ ਇਕ ਵਿਅਕਤੀ ਨੂੰ ਸੱਟਾਂ ਮਾਰ ਕੇ ਦੌੜੇ ਦੋ ਭਰਾਵਾਂ ਸਮੇਤ 5 ਮੁਲਜ਼ਮਾਂ ਖਿਲਾਫ ਥਾਣਾ ਅਜਨਾਲਾ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ। ਹਰੜ ਕਲਾਂ ਵਾਸੀ ਲਵਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਘਰ 'ਚ ਦਾਖਲ ਹੋ ਕੇ ਉਸ ਨੂੰ ਸੱਟਾਂ ਮਾਰ ਕੇ ਦੌੜੇ ਹਰਪਾਲ ਸਿੰਘ, ਪ੍ਰਗਟ ਸਿੰਘ ਪੁੱਤਰ ਸਵਿੰਦਰ ਸਿੰਘ, ਗੁਰਭੇਜ ਸਿੰਘ ਪੁੱਤਰ ਨੱਥਾ ਸਿੰਘ, ਬਗੀਚਾ ਸਿੰਘ, ਅਮਰੀਕ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਹਰੜ ਕਲਾਂ ਦੀ ਗ੍ਰਿਫਤਾਰੀ ਲਈ ਪੁਲਸ ਛਾਪਾਮਾਰੀ ਕਰ ਰਹੀ ਹੈ।
ਇਕ ਹੋਰ ਮਾਮਲੇ 'ਚ ਪਿੰਡ ਭੁਲਰ ਵਾਸੀ ਤਜਿੰਦਰ ਸਿੰਘ ਦੀ ਸ਼ਿਕਾਇਤ 'ਤੇ ਹਥਿਆਰਾਂ ਨਾਲ ਸੱਟਾਂ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਕੇ ਦੌੜੇ ਗੁਰਦਿੱਤ ਸਿੰਘ ਪੁੱਤਰ ਜਗੀਰ ਸਿੰਘ, ਪਰਮਜੀਤ ਸਿੰਘ ਪੁੱਤਰ ਦਲਬੀਰ ਸਿੰਘ, ਸੁਖਮਨ ਸਿੰਘ ਪੁੱਤਰ ਲਖਵਿੰਦਰ ਸਿੰਘ, ਬਲਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ, ਰਾਜਵਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ ਅਤੇ ਚਾਰ ਹੋਰ ਅਣਪਛਾਤੇ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਪੁਲਸ ਛਾਪਾਮਾਰੀ ਕਰ ਰਹੀ ਹੈ।
ਬਾਈਕ ਸਵਾਰ ਝਪਟਮਾਰਾਂ ਖੋਹੇ ਤਿੰਨ ਔਰਤਾਂ ਦੇ ਪਰਸ -ਸ਼ਹਿਰ ਦੇ ਤਿੰਨ ਵੱਖ-ਵੱਖ ਖੇਤਰਾਂ ਵਿਚ ਜਾ ਰਹੀਆਂ ਤਿੰਨ ਔਰਤਾਂ, ਜਿਨ੍ਹਾਂ ਵਿਚ ਇਕ ਮਹਿਲਾ ਪੁਲਸ ਮੁਲਾਜ਼ਮ ਵੀ ਸ਼ਾਮਲ ਸੀ, ਦੇ ਕੋਲੋਂ ਬਾਈਕ ਸਵਾਰ ਝਪਟਮਾਰਾਂ ਵੱਲੋਂ ਪਰਸ ਖੋਹ ਲਏ ਗਏ। ਮਹਿਲਾ ਪੁਲਸ ਮੁਲਾਜ਼ਮ ਹਰਜਿੰਦਰ ਕੌਰ ਦੀ ਸ਼ਿਕਾਇਤ 'ਤੇ ਉਸ ਦਾ ਪਰਸ, ਜਿਸ 'ਚ ਉਸ ਦਾ ਮੋਬਾਇਲ, 6200 ਰੁਪਏ ਨਕਦ ਤੇ ਉਸ ਦਾ ਸ਼ਨਾਖਤੀ ਕਾਰਡ ਸੀ, ਖੋਹ ਕੇ ਦੌੜੇ ਦੋ ਅਣਪਛਾਤੇ ਬਾਈਕ ਸਵਾਰਾਂ ਖਿਲਾਫ ਥਾਣਾ ਬੀ-ਡਵੀਜ਼ਨ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ। ਭੱਦਰਕਾਲੀ ਮੰਦਰ ਨੇੜੇ ਰਿਕਸ਼ੇ 'ਤੇ ਸਵਾਰ ਹੋ ਕੇ ਜਾ ਰਹੀ ਰਿਚਾ ਸ਼ਰਮਾ ਦਾ ਪਰਸ, ਜਿਸ 'ਚ ਉਸ ਦਾ ਮੋਬਾਇਲ, 2 ਹਜ਼ਾਰ ਰੁਪਏ ਨਕਦ ਤੇ ਘਰ ਦੀਆਂ ਚਾਬੀਆਂ ਸਨ, ਖੋਹ ਕੇ ਦੌੜੇ ਅਣਪਛਾਤੇ ਬਾਈਕ ਸਵਾਰਾਂ ਖਿਲਾਫ ਥਾਣਾ ਗੇਟ ਹਕੀਮਾਂ ਦੀ ਪੁਲਸ ਵੱਲੋਂ ਤੇ ਇਕ ਹੋਰ ਮਾਮਲੇ 'ਚ ਗੁਰਚਰਨ ਕੌਰ ਦੀ ਸ਼ਿਕਾਇਤ 'ਤੇ ਉਸ ਦਾ ਪਰਸ, ਜਿਸ 'ਚ 800 ਰੁਪਏ ਨਕਦ ਅਤੇ ਦੋ ਮੋਬਾਇਲ ਸਨ, ਖੋਹ ਕੇ ਦੌੜੇ ਅਣਪਛਾਤੇ ਦੋ ਮੋਟਰਸਾਈਕਲ ਸਵਾਰਾਂ ਖਿਲਾਫ ਮਾਮਲਾ ਦਰਜ ਕਰ ਕੇ ਪੁਲਸ ਵੱਲੋਂ ਛਾਣਬੀਣ ਕੀਤੀ ਜਾ ਰਹੀ।
