ਕਿਸਾਨ ਦੇ ਘਰੋਂ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ

Thursday, Jun 11, 2020 - 04:57 PM (IST)

ਕਿਸਾਨ ਦੇ ਘਰੋਂ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ

ਤਪਾ ਮੰਡੀ(ਸ਼ਾਮ,ਗਰਗ) - ਪਿੰਡ ਢਿਲਵਾਂ ਵਿਖੇ ਖੁੱਡੀ ਰੋਡ ਸਥਿਤ ਇੱਕ ਕਿਸਾਨ ਦੇ ਘਰੋਂ ਲੱਖਾਂ ਰੁਪਏ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿਸਾਨ ਕਰਮਜੀਤ ਸਿੰਘ ਪੁੱਤਰ ਵਿਸ਼ਾਖਾ ਸਿੰਘ ਦੇ ਭਰਾ ਗੁਰਇਕਬਾਲ ਸਿੰਘ ਨੇ ਦੱਸਿਆ ਕਿ 10-11 ਦੀ ਦਰਮਿਆਣੀ ਰਾਤ ਨੂੰ ਮੇਰਾ ਭਰਾ ਘਰ ਦੇ ਮੁੱਖ ਗੇਟ ਅੱਗੇ ਅਤੇ ਭਤੀਜਾ ਸੰਦੀਪ ਸਿੰਘ ਪਰਿਵਾਰ ਸਮੇਤ ਛੱਤ 'ਤੇ ਸੁੱਤੇ ਪਏ ਸਨ। ਕੁਝ ਚੋਰਾਂ ਨੇ ਘਰ ਦੀ ਬਾਹਰਲੀ ਕੰਧ ਟੱਪ ਕੇ ਘਰ ਦਾ ਮੁੱਖ ਗੇਟ ਤੋੜ ਕੇ ਅੰਦਰ ਦਾਖ਼ਲ ਹੋਕੇ ਸਭ ਤੋਂ ਪਹਿਲਾਂ ਡਰਾਇੰਗ ਰੂਮ ਦਾ ਗੇਟ ਖੋਲ੍ਹ ਕੇ ਸੋਫੇ ਨੂੰ ਪਰੇ ਧੱਕ ਕੇ ਉਸ ਅੱਗੇ ਗਮਲਾ ਰੱਖ ਦਿੱਤਾ ਤਾਂ ਕਿ ਪਰਿਵਾਰ ਦਾ ਕੋਈ ਮੈਂਬਰ ਜਾਗਣ 'ਤੇ ਭੱਜ ਸਕਣ।

PunjabKesari

ਉਸ ਤੋਂ ਬਾਅਦ ਚੋਰਾਂ ਨੇ ਕਮਰੇ 'ਚ ਪਈ ਪੇਟੀ ਦਾ ਜਿੰਦਰਾ ਲੋਹੇ ਦੀ ਰਾਡ ਨਾਲ ਤੋੜ ਕੇ ਉਸ ਵਿੱਚੋਂ ਲੱਖਾਂ ਰੁਪਏ ਦੀ ਨਗਦੀ ਜੋ ਘਰੇਲੂ ਜ਼ਰੂਰਤ ਲਈ ਘਰ 'ਚ ਰੱਖੀ ਹੋਈ ਸੀ ਅਤੇ ਸੋਨੇ ਦੇ ਗਹਿਣੇ ਅੰਦਾਜ਼ਨ 5 ਤੋਲੇ ਤੋਂ ਇਲਾਵਾ ਦੂਸਰੇ ਕਮਰਿਆਂ 'ਚ ਅਲਮਾਰੀਆਂ ਦੀ ਫਰੋਲਾ ਫਰਾਲੀ ਕਰਕੇ ਉਸ ਵਿੱਚੋਂ ਏ.ਡੀ.ਐਮਜ, ਲਾਕਰ ਦੇ ਕਾਗਜ਼, ਐਫ.ਡੀ ਅਤੇ ਹੋਰ ਸਾਰੇ ਕਾਗਜ਼ਾਤ ਚੋਰੀ ਕਰ ਲਏ ਅਤੇ ਹੋਰ ਸਮਾਨ ਖਿਲਾਰ ਕੇ ਸੁੱਟ ਕੇ ਕੰਧ ਟੱਪ ਕੇ ਫਰਾਰ ਹੋ ਗਏ। ਕਿਸਾਨ ਨੂੰ ਚੋਰੀ ਸੰਬੰਧੀ ਸਵੇਰ ਸਮੇਂ ਪਤਾ ਲੱਗਾ ਤਾਂ ਉਨ੍ਹਾਂ ਨੇ ਪਿੰਡ ਦੇ ਸਰਪੰਚ ਲਖਵਿੰਦਰ ਸਿੰਘ ਲੱਖਾ,ਨੰਬਰਦਾਰ ਗੋਬਿੰਦ ਸਿੰਘ,ਬਲਜਿੰਦਰ ਸਿੰਘ ਪੰਚ,ਦਰਸ਼ਨ ਸਿੰਘ ਸਾਬਕਾ ਸਰਪੰਚ ਛੰਨਾ,ਕੋਰ ਸਿੰਘ, ਨੈਬ ਸਿੰਘ ਆਦਿ ਪਤਵੰਤਿਆਂ ਨੂੰ ਘਟਨਾ ਬਾਰੇ ਦੱਸਿਆ ਜਿਨ੍ਹਾਂ ਤਪਾ ਪੁਲਸ ਨੂੰ ਸੂਚਨਾ ਦਿੱਤੀ ਤਾਂ ਥਾਣਾ ਮੁੱਖੀ ਨਰਾਇਣ ਸਿੰਘ ਵਿਰਕ, ਏ.ਐਸ.ਆਈ ਕਰਮਜੀਤ ਸਿੰਘ ਦੀ ਅਗਵਾਈ 'ਚ ਪੁੱਜੀ ਪੁਲਸ ਪਾਰਟੀ ਨੇ ਘਟਨਾ ਵਾਲੀ ਥਾਂ 'ਤੇ ਪਹੁੰਚਕੇ ਪਿੰਡ ਅਤੇ ਹੋਰ ਥਾਂਵਾਂ 'ਤੇ ਲੱਗੇ ਸੀ.ਸੀ ਟੀ.ਵੀ ਕੈਮਰੇ ਖੰਘਾਲ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 


author

Harinder Kaur

Content Editor

Related News