28 ਲੱਖ ਦੀ ਨਕਦੀ ਤੇ ਸਵਾ ਦੋ ਕਿੱਲੋ ਸੋਨੇ ਸਣੇ 4 ਗ੍ਰਿਫਤਾਰ

07/16/2019 6:20:03 PM

ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਸਥਿਤ ਰਾਣੀ ਕਾ ਬਾਗ ਇਲਾਕੇ ਵਿਚ ਇਕ ਘਰ 'ਚੋਂ ਕੁਝ ਦਿਨ ਪਹਿਲਾਂ ਚੋਰੀ ਹੋਈ ਨਕਦੀ ਤੇ ਵੱਡੀ ਮਾਤਰਾ ਵਿਚ ਸੋਨੇ ਦੇ ਗਹਿਣੇ ਪੁਲਸ ਨੇ ਬਰਾਮਦ ਕਰ ਹਨ। ਇਸ ਦੇ ਨਾਲ ਹੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਵੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਉਕਤ ਚੋਰਾਂ ਪਾਸੋਂ 28 ਲੱਖ ਦੀ ਨਕਦੀ ਅਤੇ ਸਵਾ ਦੋ ਕਿੱਲੋ ਸੋਨਾ ਬਰਾਮਦ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਨੇ ਦੱਸਿਆ ਕਿ ਬਰਾਮਦ ਕੀਤੇ ਸੋਨੇ ਦੇ ਗਹਿਣਿਆਂ ਦੀ ਕੀਮਤ 70 ਲੱਖ ਰੁਪਏ ਦੇ ਕਰੀਬ ਹੈ। ਇਨ੍ਹਾਂ ਵਿਚ ਦੋ ਸੋਨੇ ਦੀਆਂ ਇੱਟਾਂ ਵੀ ਸ਼ਾਮਲ ਹਨ। 

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਰਾਣੀ ਕਾ ਬਾਗ ਇਲਾਕੇ ਦੀ ਰਹਿਣ ਵਾਲੀ ਸੁਦਾ ਭੰਡਾਰੀ ਨੇ ਸਿਵਲ ਲਾਈਨ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿਛਲੇ ਹਫਤੇ ਉਹ ਆਪਣੇ ਪਰਿਵਾਰ ਸਮੇਤ ਬਾਹਰ ਗਈ ਹੋਈ ਸੀ। ਅੱਠ ਜੁਲਾਈ ਨੂੰ ਜਦੋਂ ਉਹ ਵਾਪਸ ਆਈ ਤਾਂ ਉਸ ਨੇ ਦੇਖਿਆ ਕਿ ਉਸ ਦੇ ਘਰ 'ਚੋਂ ਗਹਿਣੇ ਤੇ ਕੈਸ਼ ਗਾਇਬ ਸਨ।

ਪੁਲਸ ਨੂੰ ਦਿੱਤੀ ਜਾਣਕਾਰੀ ਮੁਤਾਬਕ ਸੁਦਾ ਭੰਡਾਰੀ ਨੇ ਦੱਸਿਆ ਕਿ ਉਸ ਦੇ ਘਰੋਂ ਡੇਢ ਕਰੋੜ ਦੇ ਕਰੀਬ ਕੈਸ਼ ਅਤੇ ਪੰਜ ਸੋਨੇ ਦੀਆਂ ਇੱਟਾਂ ਗਾਇਬ ਹਨ। ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰਕੇ ਜਦੋਂ ਜਾਂਚ ਅੱਗੇ ਕੀਤੀ ਤਾਂ ਇਸ ਦੌਰਾਨ ਪੁਲਸ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਉਕਤ ਮੁਲਜ਼ਮਾਂ ਦਾ ਪਤਾ ਲੱਗਾ, ਜੋ ਅੰਮ੍ਰਿਤਸਰ ਦੀ ਮਜੀਠਾ ਰੋਡ ਵਿਖੇ ਘੁੰਮ ਰਹੇ ਸਨ। ਪੁਲਸ ਨੇ ਛਾਪੇਮਾਰੀ ਕਰਕੇ ਅਨਮੋਲ, ਅਨੀਕੇਤ, ਹੀਰਾ ਸਿੰਘ ਤੇ ਹਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੇ ਜਦੋਂ ਗ੍ਰਿਫਤਾਰ ਕੀਤੇ ਮੁਲਜ਼ਮਾਂ ਤੋਂ ਸਖਤੀ ਨਾਲ ਪੁੱਛਗਿੱਛ ਤਾਂ ਉਨ੍ਹਾਂ ਤੋਂ ਉਕਤ ਸਾਮਾਨ ਬਰਾਮਦ ਹੋਇਆ ਹੈ। ਪੁਲਸ ਕਮਿਸ਼ਨਰ ਮੁਤਾਬਕ ਸੁਧਾ ਨੇ ਦੱਸਿਆ ਕਿ ਇਸ ਕੰਮ ਵਿਚ ਉਨ੍ਹਾਂ ਦੀ ਨੌਕਰਾਣੀ ਵੀ ਸ਼ਾਮਲ ਹੈ। ਪੁਲਸ ਮੁਤਾਬਕ ਦੋ ਮੁਲਜ਼ਮ ਅਜੇ ਵੀ ਫ਼ਰਾਰ ਹਨ।


Gurminder Singh

Content Editor

Related News