ਨਗਰ ਕੌਂਸਲ ਨਕੋਦਰ ਦੇ ਵਾਈਸ ਪ੍ਰਧਾਨ ਸਮੇਤ ਚਾਰ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ
Thursday, Nov 23, 2017 - 03:06 AM (IST)
ਨਕੋਦਰ, (ਪਾਲੀ)- ਸਿਟੀ ਪੁਲਸ ਵਲੋਂ ਆਖਿਰਕਾਰ ਨਗਰ ਕੌਂਸਲ ਨਕੋਦਰ ਦੇ ਮੌਜੂਦਾ ਵਾਈਸ ਪ੍ਰਧਾਨ, ਸਾਬਕਾ ਮਹਿਲਾ ਵਾਈਸ ਪ੍ਰਧਾਨ ਸਮੇਤ ਚਾਰ ਹੋਰਨਾਂ ਖਿਲਾਫ ਮਿਲੀਭੁਗਤ ਕਰ ਕੇ ਨਕੋਦਰ ਤਹਿਸੀਲ ਵਿਚੋਂ ਅਨੁਸੂਚਿਤ ਜਾਤੀ ਦਾ ਜਾਅਲੀ ਸਰਟੀਫਿਕੇਟ ਬਣਾਉਣ ਦੇ ਦੋਸ਼ਾਂ ਤਹਿਤ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ। ਉਕਤ ਦੋਹਾਂ ਭਾਜਪਾ ਕੌਂਸਲਰਾਂ 'ਤੇ ਦਰਜ ਹੋਏ ਮੁਕੱਦਮੇ ਨੇ ਸ਼ਹਿਰ ਦੀ ਸਿਆਸਤ ਵਿਚ ਹਲਚਲ ਮਚਾ ਦਿੱਤੀ ਹੈ।
ਕੀ ਸੀ ਮਾਮਲਾ?
ਰਾਜ ਕੁਮਾਰ ਪੁੱਤਰ ਗੁਰਨਾਮ ਸਿੰਘ ਵਾਸੀ ਮੁਹੱਲਾ ਰਹਿਮਾਨਪੁਰਾ ਨਕੋਦਰ ਨੇ ਪੁਲਸ, ਪ੍ਰਸ਼ਾਸਨ ਅਤੇ ਐੱਸ. ਸੀ. ਕਮਿਸ਼ਨ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਸੀ ਕਿ ਤਹਿਸੀਲ ਨਕੋਦਰ ਵਿਚੋਂ ਐੱਸ. ਸੀ. ਦੇ ਦੋ ਸਰਟੀਫਿਕੇਟ ਨੰਬਰ 3982 ਮਿਤੀ 10 ਦਸੰਬਰ 2015 ਤਰਲੋਚਨ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਮੁਹੱਲਾ ਬਹਾਦਰਪੁਰਾ ਨਕੋਦਰ ਨੂੰ ਜਾਰੀ ਹੋਇਆ ਸੀ, ਜਿਸ 'ਤੇ ਮੋਨਿਕਾ ਕੌਂਸਲਰ ਵਾਰਡ ਨੰ. 4 ਨੇ ਗਵਾਹੀ ਪਾਈ ਸੀ ਅਤੇ ਸਰਟੀਫਿਕੇਟ ਨੰਬਰ 4129 ਮਿਤੀ 21 ਅਪ੍ਰੈਲ 2016 ਰਾਜਵਿੰਦਰ ਕੌਰ ਪੁੱਤਰੀ ਲਖਵਿੰਦਰ ਸਿੰਘ ਵਾਸੀ ਮੁਹੱਲਾ ਆਜ਼ਾਦ ਨਗਰ ਨਕੋਦਰ, ਜਿਸ 'ਤੇ ਨਰੇਸ਼ ਕੁਮਾਰ ਖਾਨ ਕੌਂਸਲਰ ਵਾਰਡ ਨੰਬਰ 8 ਨੇ ਗਵਾਹੀ ਪਾਈ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤ ਕੌਂਸਲਰਾਂ ਅਤੇ ਵਿਅਕਤੀਆਂ ਨੇ ਆਪਸ ਵਿਚ ਮਿਲੀਭੁਗਤ ਕਰ ਕੇ ਅਸਲ ਜਾਤੀ ਨੂੰ ਲੁਕਾਉਂਦੇ ਹੋਏ ਅਨੁਸੂਚਿਤ ਜਾਤੀ ਦੇ ਸਰਟੀਫਿਕੇਟ ਤਹਿਸੀਲਦਾਰ ਨਕੋਦਰ ਕੋਲੋਂ ਜਾਰੀ ਕਰਵਾ ਲਏ। ਰਾਜ ਕੁਮਾਰ ਦੀ ਉਕਤ ਸ਼ਿਕਾਇਤ 'ਤੇ ਡੀ. ਸੀ. ਜਲੰਧਰ ਨੇ ਐੱਸ. ਡੀ. ਐੱਮ. ਨਕੋਦਰ ਨੂੰ ਸ਼ਿਕਾਇਤ ਮਾਰਕ ਕੀਤੀ ਤੇ ਐੱਸ. ਡੀ. ਐੱਮ. ਅਤੇ ਤਹਿਸੀਲਦਾਰ ਨਕੋਦਰ ਵਲੋਂ ਜਾਂਚ ਕਰ ਕੇ ਉਕਤ ਵਿਅਕਤੀਆਂ ਖਿਲਾਫ ਕਾਰਵਾਈ ਕਰਨ ਸੰਬੰਧੀ ਰਿਪੋਰਟ ਉਪ ਪੁਲਸ ਕਪਤਾਨ ਨਕੋਦਰ ਨੂੰ ਭੇਜ ਦਿੱਤੀ ਸੀ ਪਰ ਉਸ ਸਮੇਂ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਉਕਤ ਮਾਮਲੇ ਸੰਬੰਧੀ ਰਾਜ ਕੁਮਾਰ ਤੋਂ ਪਹਿਲਾਂ ਵੀ ਰਵੀ ਕੁਮਾਰ ਸਕੱਤਰ ਜਨ ਚੇਤਨਾ ਮੰਡਲ ਨਕੋਦਰ ਨੇ ਵੀ ਵੱਖ-ਵੱਖ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਿੱਤੀਆਂ ਸਨ ਪਰ ਰਵੀ ਕੁਮਾਰ ਵਲੋਂ ਦਿੱਤੀਆਂ ਸ਼ਿਕਾਇਤਾਂ 'ਤੇ ਵੀ ਕੋਈ ਕਾਰਵਾਈ ਨਹੀਂ ਹੋਈ ਸੀ।
ਮਾਣਯੋਗ ਹਾਈ ਕੋਰਟ ਦੇ ਹੁਕਮਾਂ 'ਤੇ ਹੋਈ ਕਾਰਵਾਈ
ਸ਼ਿਕਾਇਤਕਰਤਾ ਰਾਜ ਕੁਮਾਰ ਨੇ ਉਕਤ ਮਾਮਲੇ ਸਬੰਧੀ ਦਿੱਤੀਆਂ ਸ਼ਿਕਾਇਤਾਂ 'ਤੇ ਕੋਈ ਵੀ ਕਾਰਵਾਈ ਨਾ ਹੋਣ ਕਰ ਕੇ ਇਨਸਾਫ ਲੈਣ ਲਈ ਮਜਬੂਰਨ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਉਕਤ ਵਿਅਕਤੀਆਂ ਖਿਲਾਫ ਕਾਰਵਾਈ ਕਰਨ ਸਬੰਧੀ ਪਟੀਸ਼ਨ ਦਾਇਰ ਕੀਤੀ। ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਕਤ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਸ਼ਿਕਾਇਤ 'ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਦਾ ਹੁਕਮ ਦਿੱਤਾ ਜਿਸ 'ਤੇ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨੇ ਉਕਤ ਮਾਮਲੇ ਦੀ ਜਾਂਚ ਡੀ. ਐੱਸ. ਪੀ. (ਡੀ) ਜਲੰਧਰ ਦਿਹਾਤੀ ਨੂੰ ਸੌਂਪੀ, ਜਿਸ 'ਤੇ ਡੀ. ਐੱਸ. ਪੀ. (ਡੀ.) ਨੇ ਤਹਿਸੀਲਦਾਰ, ਐੱਸ. ਡੀ. ਐੱਮ. ਅਤੇ ਡੀ. ਐੱਸ. ਪੀ. ਨਕੋਦਰ ਵਲੋਂ ਉਕਤ ਸ਼ਿਕਾਇਤ ਵਿਚ ਪਹਿਲਾਂ ਕੀਤੀਆਂ ਜਾਂਚ ਰਿਪੋਰਟਾਂ ਦੀ ਡੂੰਘਾਈ ਨਾਲ ਕੀਤੀ ਜਾਂਚ ਵਿਚ ਉਕਤ ਰਾਜਵਿੰਦਰ ਕੌਰ ਅਤੇ ਤਰਲੋਚਨ ਸਿੰਘ ਵਲੋਂ ਅਨੁਸੂਚਿਤ ਜਾਤੀਆਂ ਦੇ ਸਰਟੀਫਿਕੇਟ ਮੋਨਿਕਾ ਕੌਂਸਲਰ ਅਤੇ ਨਰੇਸ਼ ਕੁਮਾਰ ਕੌਂਸਲਰ ਦੀ ਮਿਲੀਭੁਗਤ ਨਾਲ ਉਨ੍ਹਾਂ ਕੋਲੋਂ ਸ਼ਨਾਖਤ ਕਰਵਾ ਕੇ ਆਪਣੀ ਅਸਲ ਜਾਤੀ ਨੂੰ ਲੁਕਾ ਕੇ ਜਾਰੀ ਕਰਵਾ ਲਏ ਸਨ। ਸ਼ਿਕਾਇਤਕਰਤਾ ਵਲੋਂ ਲਾਏ ਗਏ ਦੋਸ਼ਾਂ ਦੀ ਪੜਤਾਲ ਤਹਿਸੀਲਦਾਰ ਨਕੋਦਰ ਅਤੇ ਐੱਸ. ਡੀ. ਐੱਮ. ਨਕੋਦਰ ਦੀਆਂ ਰਿਪੋਰਟਾਂ ਨਾਲ ਸਹਿਮਤ ਹੁੰਦੇ ਹੋਏ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਨ ਦੀ ਸਿਫਾਰਸ਼ ਕਰ ਕੇ ਐੱਸ. ਐੱਸ. ਪੀ. ਜਲੰਧਰ ਕੋਲ ਰਿਪੋਰਟ ਭੇਜੀ। ਐੱਸ. ਐੱਸ. ਪੀ. ਜਲੰਧਰ ਨੇ ਡੀ. ਐੱਸ. ਪੀ. (ਡੀ.) ਦੀ ਸਿਫਾਰਸ਼ ਅਤੇ ਡੀ. ਏ. ਲੀਗਲ ਦੀ ਰਾਏ 'ਤੇ ਸਿਟੀ ਪੁਲਸ ਨਕੋਦਰ ਨੂੰ ਅਨੁਸੂਚਿਤ ਜਾਤੀ ਦਾ ਜਾਅਲੀ ਸਰਟੀਫਿਕੇਟ ਬਣਾਉਣ ਦੇ ਦੋਸ਼ਾਂ ਅਧੀਨ ਨਰੇਸ਼ ਖਾਨ ਕੌਂਸਲਰ, ਮੋਨਿਕਾ ਕੌਂਸਲਰ, ਤਰਲੋਚਨ ਸਿੰਘ ਪੁੱਤਰ ਹਰਬੰਸ ਵਾਸੀ ਮੁਹੱਲਾ ਬਹਾਦਪੁਰਾ ਨਕੋਦਰ ਅਤੇ ਰਾਜਵਿੰਦਰ ਕੌਰ ਪੁੱਤਰੀ ਲਖਵਿੰਦਰ ਸਿੰਘ ਵਾਸੀ ਮੁਹੱਲਾ ਆਜ਼ਾਦ ਨਗਰ ਨਕੋਦਰ ਖਿਲਾਫ ਧਾਰਾ 420, 465, 468, 120 ਬੀ. ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਕੇ ਜਾਂਚ ਕਰਨ ਦੇ ਹੁਕਮਾਂ 'ਤੇ ਅੱਜ ਸਿਟੀ ਪੁਲਸ ਵਲੋਂ ਮਾਮਲਾ ਦਰਜ ਕਰ ਦਿੱਤਾ ਗਿਆ।
ਸਿਆਸੀ ਕਾਰਨਾਂ ਕਰ ਕੇ ਮਾਮਲਾ ਦਰਜ ਹੋਇਆ : ਨਰੇਸ਼, ਮੋਨਿਕਾ
ਇਸ ਸਬੰਧੀ ਨਗਰ ਕੌਂਸਲ ਨਕੋਦਰ ਦੇ ਵਾਈਸ ਪ੍ਰਧਾਨ ਨਰੇਸ਼ ਖਾਨ ਅਤੇ ਸਾਬਕਾ ਮਹਿਲਾ ਵਾਈਸ ਪ੍ਰਧਾਨ ਕੌਂਸਲਰ ਮੋਨਿਕਾ ਨੇ ਕਿਹਾ ਕਿ ਉਨ੍ਹਾਂ 'ਤੇ ਐੱਸ. ਸੀ. ਜਾਤੀ ਦਾ ਸਰਟੀਫਿਕੇਟ ਬਣਾਉਣ ਦੀ ਦਿੱਤੀ ਗਵਾਹੀ ਤਹਿਤ ਜੋ ਮਾਮਲਾ ਦਰਜ ਹੋਇਆ ਹੈ, ਉਹ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਸਿਆਸੀ ਕਾਰਨਾਂ ਕਰ ਕੇ ਹੀ ਉਨ੍ਹਾਂ ਖਿਲਾਫ ਉਕਤ ਮਾਮਲਾ ਦਰਜ ਕੀਤਾ ਗਿਆ ਹੈ।
