ਮਹਿੰਗੇ ਮੁੱਲ ਦੇ ਮਾਸਕ ਤੇ ਸੈਨੇਟਾਈਜ਼ਰ ਵੇਚਣ ਵਾਲਿਆਂ ਖਿਲਾਫ FIR ਦਰਜ
Monday, Mar 23, 2020 - 12:46 AM (IST)
ਲੁਧਿਆਣਾ, (ਰਿਸ਼ੀ)— ਐਤਵਾਰ ਨੂੰ ਜਨਤਾ ਕਰਫਿਊ ਦੀ ਉਲੰਘਣਾ ਕਰਨ ਤੇ ਮਹਿੰਗੇ ਮੁੱਲ 'ਤੇ ਮਾਸਕ, ਸੈਨੇਟਾਈਜ਼ਰ ਵੇਚਣ 'ਤੇ ਕਮਿਸ਼ਨਰੇਟ ਪੁਲਸ ਵੱਲੋਂ 4 ਵੱਖ-ਵੱਖ ਪੁਲਸ ਸਟੇਸ਼ਨਾਂ 'ਚ ਕੇਸ ਦਰਜ ਕੀਤੇ ਗਏ। ਉਪਰੋਕਤ ਜਾਣਕਾਰੀ ਡੀ. ਸੀ. ਪੀ. ਅਖਿਲ ਚੌਧਰੀ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਪੁਲਸ ਪ੍ਰਸ਼ਾਸਨ ਵੱਲੋਂ ਜ਼ਰੂਰਤ ਦੇ ਹਿਸਾਬ ਨਾਲ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਐਤਵਾਰ ਨੂੰ 2 ਡੀ. ਸੀ. ਪੀ., 9 ਏ. ਡੀ. ਸੀ. ਪੀ, 17 ਏ. ਸੀ. ਪੀ., 40 ਇੰਸਪੈਕਟਰ, 700 ਐੱਨ. ਜੀ. ਓ. ਅਤੇ 1500 ਏ. ਪੀ. ਓ. ਡਿਊਟੀ 'ਤੇ ਮੌਜੂਦ ਰਹੇ। ਲੁਧਿਆਣਵੀਆਂ ਵਲੋਂ ਮਿਲੇ ਪੂਰੇ ਸਹਿਯੋਗ ਅਤੇ ਸ਼ਾਮ 5 ਵਜੇ ਤਾੜੀ ਅਤੇ ਘੰਟੀ ਵਜਾ ਕੇ ਕੀਤੀ ਗਈ ਹੌਸਲਾ ਅਫਜ਼ਾਈ ਦਾ ਵੀ ਪੁਲਸ ਵਲੋਂ ਧੰਨਵਾਦ ਕੀਤਾ ਗਿਆ। ਚੌਧਰੀ ਨੇ ਕਿਹਾ ਕਿ ਪੁਲਸ ਨੂੰ ਉਮੀਦ ਹੈ ਕਿ ਅੱਗੇ ਵੀ ਲੋਕਾਂ ਵਲੋਂ ਇਸ ਤਰ੍ਹਾਂ ਹੀ ਸਹਿਯੋਗ ਮਿਲਦਾ ਰਹੇਗਾ।