ਅਣ-ਅਧਿਕਾਰਤ ਤੌਰ ’ਤੇ ਕੀਟਨਾਸ਼ਕ ਦਵਾਈਆਂ ਤੇ ਖਾਦਾਂ ਰੱਖਣ ਵਾਲੇ ਬਠਿੰਡਾ ਦੇ ਵਪਾਰੀ ਵਿਰੁੱਧ ਕੇਸ ਦਰਜ
Saturday, Apr 22, 2023 - 10:23 PM (IST)
ਚੰਡੀਗੜ੍ਹ (ਬਿਊਰੋ) : ਬਠਿੰਡਾ ਦੇ ਇਕ ਵਪਾਰੀ ਵਿਰੁੱਧ ਅਣ-ਅਧਿਕਾਰਤ ਤੌਰ ’ਤੇ ਕੀਟਨਾਸ਼ਕ ਦਵਾਈਆਂ ਤੇ ਖਾਦਾਂ ਰੱਖਣ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਗਿਆ ਹੈ। ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਮਿਆਰੀ ਕੀਟਨਾਸ਼ਕ ਦਵਾਈਆਂ ਮੁਹੱਈਆ ਕਰਵਾਉਣ ਦੇ ਨਿਰਦੇਸ਼ਾਂ ਤਹਿਤ ਬੀਤੇ ਦਿਨੀਂ ਸੰਯੁਕਤ ਡਾਇਰੈਕਟਰ ਖੇਤੀਬਾੜੀ (ਪੀ.ਪੀ.) ਵੱਲੋਂ ਬਠਿੰਡਾ ਦੇ ਸਟਾਫ਼ ਦੀਆਂ 3 ਟੀਮਾਂ ਵੱਲੋਂ ਕੀਟਨਾਸ਼ਕ ਦਵਾਈਆਂ ਦੀਆਂ ਕੰਪਨੀਆਂ ਦੇ 15 ਗੋਦਾਮਾਂ ਦੀ ਚੈਕਿੰਗ ਕੀਤੀ ਗਈ ਸੀ। ਇਸ ਦੌਰਾਨ ਇਕ ਗੋਦਾਮ 'ਚ ਅਣ-ਅਧਿਕਾਰਤ ਤੌਰ ‘ਤੇ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਰੱਖਣ ਕਰਕੇ ਪੰਕਜ ਕੁਮਾਰ ਪੁੱਤਰ ਕੇਸ਼ ਰਾਜ ਗਰਗ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਹਰਪਾਲ ਚੀਮਾ ਦੀ ਨਵਜੋਤ ਸਿੱਧੂ ਨੂੰ ਚੁਣੌਤੀ, ਕਿਹਾ- ਕਾਂਗਰਸ ਸਰਕਾਰ ਦੀਆਂ 10 ਪ੍ਰਾਪਤੀਆਂ ਹੀ ਗਿਣਾ ਦਿਓ
ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਕੇ.ਸੀ. ਕੰਪਲੈਕਸ ਸਿਵੀਆਂ ਰੋਡ ਬਠਿੰਡਾ ਦੇ ਗੋਦਾਮ ਨੰਬਰ 29 ’ਤੇ ਟੀ-ਸਟੈਨਜ਼ ਐਂਡ ਕੰਪਨੀ ਲਿਮਟਿਡ ਦਾ ਫਲੈਕਸ ਬੋਰਡ ਲੱਗਾ ਹੋਇਆ ਸੀ। ਗੋਦਾਮ ਦੇ ਮਾਲਕ ਪੰਕਜ ਵੱਲੋਂ ਗੋਦਾਮ ਨੂੰ ਖੋਲ੍ਹਿਆ ਗਿਆ। ਚੈਕਿੰਗ ਦੌਰਾਨ ਪਾਇਆ ਗਿਆ ਕਿ ਗੋਦਾਮ ਅੰਦਰ ਕਾਫੀ ਮਾਤਰਾ 'ਚ ਟੀ-ਸਟੈਨਜ਼ ਐਂਡ ਕੰਪਨੀ ਲਿਮਟਿਡ ਦੀਆਂ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਅਣ-ਅਧਿਕਾਰਤ ਤੌਰ ’ਤੇ ਸਟੋਰ ਕੀਤੀਆਂ ਹੋਈਆਂ ਸਨ।
ਇਹ ਵੀ ਪੜ੍ਹੋ : ਸਹੁਰਾ ਪਰਿਵਾਰ ਤੋਂ ਤੰਗ ਡੇਢ ਸਾਲ ਦੇ ਬੱਚੇ ਦੀ ਮਾਂ ਨੇ ਚੁੱਕਿਆ ਖ਼ੌਫਨਾਕ ਕਦਮ
ਇਨ੍ਹਾਂ ਕੀਟਨਾਸ਼ਕ ਦਵਾਈਆਂ ਤੇ ਖਾਦਾਂ ਦੇ ਰਿਕਾਰਡ ਸਬੰਧੀ ਪੰਕਜ ਕੁਮਾਰ ਵੱਲੋਂ ਕੋਈ ਵੀ ਦਸਤਾਵੇਜ਼ ਨਹੀਂ ਦਿਖਾਇਆ ਗਿਆ। ਇਸ ਲਈ ਉਸ ਵਿਰੁੱਧ ਇਨਸੈਕਟੀਸਾਈਡ ਐਕਟ 1968 ਦੀ ਧਾਰਾ 13, ਰੂਲਜ਼ 1971 ਦੀ ਧਾਰਾ 10, 15 ਅਤੇ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਦੀ ਧਾਰਾ 7, 8 ਅਤੇ ਜ਼ਰੂਰੀ ਵਸਤਾਂ ਐਕਟ 1955 ਦੀ ਧਾਰਾ 3, 7 ਅਤੇ ਆਈ.ਪੀ.ਸੀ. 420 ਤਹਿਤ ਥਾਣਾ ਥਰਮਲ ਬਠਿੰਡਾ ਵਿਖੇ ਐੱਫ਼.ਆਈ.ਆਰ. ਨੰਬਰ 48 ਮਿਤੀ 20-04-2023 ਨੂੰ ਦਰਜ ਕਰਵਾਈ ਗਈ ਹੈ।
ਇਹ ਵੀ ਪੜ੍ਹੋ : ਅਮਰੀਕਾ ਦੇ ਸਹਾਇਕ ਵਿਦੇਸ਼ ਮੰਤਰੀ ਨੇ ਭਾਰਤ 'ਚ ਆਜ਼ਾਦ ਪ੍ਰੈੱਸ ਦੀ ਸ਼ਲਾਘਾ ਕਰਦਿਆਂ ਕਹੀ ਇਹ ਗੱਲ
ਉਨ੍ਹਾਂ ਦੱਸਿਆ ਕਿ ਗੋਦਾਮ 'ਚੋਂ ਕੀਟਨਾਸ਼ਕ ਦਵਾਈਆਂ ਦੇ 8 ਅਤੇ ਖਾਦਾਂ ਦੇ 4 ਸੈਂਪਲ ਪਰਖ ਲਈ ਭੇਜ ਦਿੱਤੇ ਗਏ ਹਨ ਅਤੇ ਐਕਟ ਅਨੁਸਾਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਅਜਿਹੇ ਕਿਸੇ ਵੀ ਵਿਅਕਤੀ, ਵਪਾਰੀ ਜਾਂ ਕੰਪਨੀ ਨੂੰ ਬਖਸ਼ਿਆਂ ਨਹੀਂ ਜਾਵੇਗਾ, ਜੋ ਕਿਸਾਨਾਂ ਨੂੰ ਗੈਰ-ਮਿਆਰੀ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਵੇਚੇਗਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।