ਫਿਰੋਜ਼ਪੁਰ ਜੇਲ੍ਹ 'ਚ ਹਵਾਲਾਤੀ ਦੀ ਪਿੱਠ 'ਤੇ 'ਗੈਂਗਸਟਰ' ਲਿਖੇ ਜਾਣ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ

Thursday, Aug 18, 2022 - 04:55 PM (IST)

ਫਿਰੋਜ਼ਪੁਰ ਜੇਲ੍ਹ 'ਚ ਹਵਾਲਾਤੀ ਦੀ ਪਿੱਠ 'ਤੇ 'ਗੈਂਗਸਟਰ' ਲਿਖੇ ਜਾਣ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ

ਫਿਰੋਜ਼ਪੁਰ (ਕੁਮਾਰ) : ਬੀਤੇ ਦਿਨੀਂ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ 'ਚ ਬੰਦ ਹਵਾਲਾਤੀ ਦੀ ਪਿੱਠ 'ਤੇ ਲਿਖੇ ਗਏ 'ਗੈਂਗਸਟਰ' ਸ਼ਬਦ ਨੇ ਪ੍ਰਸਾਸ਼ਨ ਨੂੰ ਭਾਜੜਾਂ 'ਚ ਪਾਇਆ ਹੋਇਆ ਹੈ ਪਰ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਹੁਣ ਜੇਲ੍ਹ ਸੁਪਰਡੈਂਟ ਵੱਲੋਂ ਭੇਜੇ ਲਿਖਤੀ ਪੱਤਰ ਦੇ ਆਧਾਰ ’ਤੇ ਉਕਤ ਹਵਾਲਾਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਸੁਖਦੇਵ ਰਾਜ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਵੱਲੋਂ ਪੁਲਸ ਨੂੰ ਭੇਜੇ ਪੱਤਰ ਵਿੱਚ ਦੱਸਿਆ ਗਿਆ ਕਿ ਤਰਸੇਮ ਸਿੰਘ 23/2017 ਆਈ.ਪੀ.ਸੀ ਦੀ ਧਾਰਾ 399,402,307,148,149 ਆਈ.ਪੀ.ਸੀ., ਅਸਲਾ ਐਕਟ ਅਤੇ ਹੋਰ 15 ਕੇਸਾਂ ਵਿੱਚ ਕੇਂਦਰੀ ਜੇਲ੍ਹ ਵਿੱਚ ਬੰਦ ਹੈ ਅਤੇ ਉਸਨੇ ਆਪਣੇ ਹੀ ਸਾਥੀ ਤੋਂ ਆਪਣੀ ਪਿੱਠ ’ਤੇ 'ਗੈਂਗਸਟਰ' ਸ਼ਬਦ ਲਿਖਵਾ ਕੇ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਸਾਜ਼ਿਸ਼ ਤਹਿਤ ਇਹ ਝੂਠਾ ਇਲਜ਼ਾਮ ਲਗਾ ਕੇ ਉਨ੍ਹਾਂ ਦੀ ਡਿਊਟੀ ਵਿੱਚ ਵਿਘਨ ਪਾਇਆ ਹੈ।

ਇਹ ਵੀ ਪੜ੍ਹੋ- ਬਰਨਾਲਾ 'ਚ ਰੂਹ ਕੰਬਾਊ ਘਟਨਾ, ਤੇਸ਼ 'ਚ ਆਏ ਭਾਣਜੇ ਨੇ ਗੰਡਾਸੇ ਮਾਰ ਕੀਤਾ ਮਾਮੇ ਦਾ ਕਤਲ

ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ’ਚ ਬੰਦ ਹਵਾਲਾਤੀ ਤਰਸੇਮ ਸਿੰਘ ਜੋਧਾ ਪੁੱਤਰ ਸਤਨਾਮ ਸਿੰਘ ਵਾਸੀ ਮਿਰਜਾਪੁਰ ਥਾਣਾ ਢਿੱਲਵਾਂ,  ਕਪੂਰਥਲਾ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਜਦੋਂ ਉਸਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਜਾ ਰਿਹਾ ਸੀ। ਜਿਸ ਦੌਰਾਨ ਜਦੋਂ ਡਾਕਟਰਾਂ ਅਤੇ ਸਟਾਫ਼ ਉਸਦਾ ਮੈਡੀਕਲ ਕਰ ਰਹੇ ਸੀ ਤਾਂ ਉਨ੍ਹਾਂ ਨੇ ਉਸਦੀ ਪਿੱਠ ’ਤੇ ਪੰਜਾਬੀ ਭਾਸ਼ਾ ਵਿੱਚ  'ਗੈਂਗਸਟਰ' ਸ਼ਬਦ ਲਿਖਿਆ ਦੇਖਿਆ। ਇਹ ਦੇਖ ਕੇ ਉਹ ਸਭ ਹੈਰਾਨ ਹੋ ਗਏ। ਇਸ ਬਾਰੇ ਪੁੱਛ-ਗਿਛ ਕਰਨ 'ਤੇ ਹਵਾਲਾਤੀ ਤਰਸੇਮ ਜੋਧਾ ਨੇ ਦੋਸ਼ ਲਗਾਇਆ ਕਿ ਫਿਰੋਜ਼ਪੁਰ ਜੇਲ੍ਹ ਵਿੱਚ ਪੁਲਸ ਪ੍ਰਸ਼ਾਸ਼ਨ ਵੱਲੋਂ ਗਰਮ ਸਲਾਖਾ ਨਾਲ ਉਸਦੀ ਪਿੱਠ ’ਤੇ ਇਹ ਸ਼ਬਦ ਲਿਖਿਆ ਗਿਆ ਹੈ।

ਇਹ ਵੀ ਪੜ੍ਹੋ- ਫਰੀਦਕੋਟ 'ਚ ਵੱਡੀ ਵਾਰਦਾਤ, ਪੁਰਾਣੀ ਰੰਜਿਸ਼ ਕਾਰਨ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ

ਜਿਸ ਸਬੰਧੀ ਡੀ.ਆਈ.ਜੀ ਜੇਲ੍ਹ ਫਿਰੋਜ਼ਪੁਰ ਨੇ ਇਨ੍ਹਾਂ ਦੋਸ਼ਾ ਨੂੰ ਪੂਰੀ ਤਰ੍ਹਾਂ ਗ਼ਲਤ ਦੱਸਦੇ ਹੋਏ ਪੱਖ ਦਿੰਦਿਆਂ ਕਿਹਾ ਕਿ ਜੇਲ੍ਹ ਅੰਦਰ ਦੋ ਗਰੁੱਪਾ ਦੀ ਆਪਸ ਵਿੱਚ ਹੋਈ ਲੜਾਈ ਦੇ ਬਾਅਦ ਜਦ ਉਨ੍ਹਾਂ ਨੂੰ ਵੱਖ-ਵੱਖ ਬੈਰਕਾਂ ਵਿਚ ਬੰਦ ਕਰ ਦਿੱਤਾ ਗਿਆ ਤਾਂ ਤਰਸੇਮ ਜੋਧਾ ਨੇ ਕਥਿਤ ਰੂਪ ਵਿੱਚ ਜੇਲ੍ਹ ਪ੍ਰਸ਼ਾਸਨ ਨੂੰ ਬਦਨਾਮ ਕਰਨ ਲਈ ਆਪਣੇ ਸਾਥੀ ਤੋਂ ਆਪਣੀ ਪਿੱਠ ’ਤੇ 'ਗੈਂਗਸਟਰ' ਸ਼ਬਦ ਲਿਖਵਾਇਆ ਸੀ। ਹੁਣ ਇਹ ਜਾਂਚ ਦਾ ਵਿਸ਼ਾ ਹੈ ਕਿ ਹਵਾਲਾਤੀ ਜੋਧਾ ਦੇ ਕੋਲ ਆਪਣੇ ਸਾਥੀ ਤੋਂ ਪਿੱਠ ’ਤੇ ਲਿਖਣ ਲਈ ਉਹ ਲੋਹੇ ਦੀਆਂ ਸਲਾਖਾਂ ਕਿਥੋਂ ਆਈਆਂ? 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਪ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News