ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਮਾਂ-ਪੁੱਤਰ ਖਿਲਾਫ਼ ਮਾਮਲਾ ਦਰਜ, ਹੈਰੋਇਨ ਅਤੇ ਨਸ਼ੀਲਾ ਪਾਊਡਰ ਬਰਾਮਦ
Monday, May 18, 2020 - 12:10 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ ਕੁਲਦੀਸ਼ ) - ਟਾਂਡਾ ਪੁਲਸ ਦੀ ਟੀਮ ਨੇ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਚੌਟਾਲਾ ਨਿਵਾਸੀ ਮਾਂ-ਪੁੱਤਰ ਖਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਪੁੱਤਰ ਨੂੰ ਪਿੰਡ ਢੱਟਾ ਨਜ਼ਦੀਕ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕਰ ਲਈ ਹੈ | ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਟਾਂਡਾ ਪੁਲਸ ਦੀ ਟੀਮ ਥਾਣੇਦਾਰ ਅਮਰਜੀਤ ਸਿੰਘ, ਮਹੇਸ਼ ਕੁਮਾਰ, ਜੀਵਨ ਲਾਲ, ਜਸਪਾਲ ਸਿੰਘ ਅਤੇ ਸੁਰਿੰਦਰ ਪਾਲ ਸਿੰਘ ਵੱਲੋਂ ਕੀਤੇ ਗਏ ਇਸ ਆਪ੍ਰੇਸ਼ਨ ਦੌਰਾਨ ਮਾਮਲੇ 'ਚ ਨਾਮਜ਼ਦ ਹੋਏ ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਹੈਪੀ ਪੁੱਤਰ ਮਨਜੀਤ ਸਿੰਘ ਅਤੇ ਉਸ ਦੀ ਮਾਂ ਸੁਰਿੰਦਰ ਕੌਰ ਨਿਵਾਸੀ ਚੌਟਾਲਾ ਦੇ ਰੂਪ 'ਚ ਹੋਈ ਹੈ |
ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਦੀ ਉਕਤ ਟੀਮ ਨੂੰ ਗਸ਼ਤ ਦੌਰਾਨ ਕਿਸੇ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਉਕਤ ਮਾਂ-ਪੁੱਤਰ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਦੇ ਹਨ ਅਤੇ ਉਨ੍ਹਾਂ ਨੇ ਇਸ ਧੰਦੇ ਤੋਂ ਕਾਫੀ ਚੱਲ ਅਚੱਲ-ਜਾਇਦਾਦ ਬਣਾਉਣ ਦੇ ਨਾਲ-ਨਾਲ ਕਈ ਕਾਰਾਂ ਵੀ ਲਈਆਂ ਹੋਈਆਂ ਹਨ। ਇਸ ਦੇ ਨਾਲ ਹੀ ਦੱਸਿਆ ਕਿ ਅੱਜ ਵੀ ਉਹ ਪਿੰਡ ਢੱਟਾ ਤੋਂ ਹੁਸ਼ਿਆਰਪੁਰ ਰੋਡ ਵੱਲ ਨਸ਼ੇ ਦੀ ਸਪਲਾਈ ਕਰਨ ਜਾ ਰਿਹਾ ਹੈ | ਪੁਲਸ ਟੀਮ ਨੇ ਪਿੰਡ ਢੱਟ ਨਜ਼ਦੀਕ ਮੇਨ ਰੋਡ 'ਤੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਪੁਲਸ ਟੀਮ ਨੂੰ ਦੇਖ ਕੇ ਜਦੋਂ ਉਕਤ ਮੁਲਜ਼ਮ ਹੈਪੀ ਖਿਸਕਣ ਲੱਗਾ ਤਾਂ ਪੁਲਸ ਨੇ ਉਸ ਨੂੰ ਕਾਬੂ ਕਰਕੇ ਜਦੋਂ ਤਲਾਸ਼ੀ ਲਈ ਤਾਂ ਉਸਦੇ ਕਬਜ਼ੇ ਵਿਚੋਂ 20 ਗ੍ਰਾਮ ਹੈਰੋਇਨ 367 ਗ੍ਰਾਮ ਨਸ਼ੀਲਾ ਪਦਾਰਥ, 15 ਸਰਿੰਜਾਂ, 15 ਪੇਪਰ ਰੋਲ, ਕੰਡਾ ਆਦਿ ਬਰਾਮਦ ਕੀਤਾ | ਪੁਲਸ ਨੇ ਦੋਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਨਸ਼ੇ ਨਾਲ ਜੁੜੇ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ | ਫੋਟੋ ਫਾਈਲ : 18 ਐੱਚ ਐੱਸ ਪੀ ਐੱਚ ਪੰਡਿਤ 1 ਫੋਟੋ ਕੈਪਸ਼ਨ ਕਾਬੂ ਕੀਤੇ ਗਏ ਗਏ ਮੁਲਜ਼ਮ ਬਾਰੇ ਜਾਣਕਾਰੀ ਦਿੰਦੀ ਹੋਈ ਪੁਲਿਸ ਟੀਮ (ਵਰਿੰਦਰ)