ਪੀੜਤ ਗ੍ਰੰਥੀ ਨੇ ਸਰਕਾਰ ਤੋਂ ਲਾਈ ਇਨਸਾਫ਼ ਦੀ ਗੁਹਾਰ, ਬਦਸਲੂਕੀ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ
Thursday, Aug 18, 2022 - 06:12 PM (IST)
ਸੰਦੌੜ (ਰਿਖੀ) : ਬੀਤੇ ਦਿਨੀਂ ਪਿੰਡ ਅਬਦੁੱਲਾਪੁਰ ਚੁਹਾਣੇ ਵਿਖੇ ਕੁਝ ਵਿਅਕਤੀਆਂ ਵੱਲੋਂ ਗ੍ਰੰਥੀ ਦੀ ਕੀਤੀ ਕੁੱਟਮਾਰ, ਉਸਦਾ ਮੂੰਹ ਕਾਲਾ ਕਰਨ ਅਤੇ ਪਿਸ਼ਾਬ ਪਿਲਾਉਣ ਦੇ ਮਾਮਲੇ ਵਿੱਚ ਥਾਣਾ ਸੰਦੌੜ ਦੀ ਪੁਲਸ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸਮੇਤ 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਦੱਸਣਯੋਗ ਇਹ ਕਿ ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਰਹੀ ਸੀ। ਵੀਡੀਓ ਰਾਹੀਂ ਹੀ ਦੋਸ਼ੀਆਂ ਖ਼ਿਲਾਫ਼ ਵੱਡੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ। ਥਾਣਾ ਸੰਦੌੜ ਤੋਂ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਮੁਕੱਦਮਾ ਨੰਬਰ 83 ਅਧੀਨ ਧਾਰਾ 365.355-382-323-506 ਆਈ.ਪੀ.ਸੀ. ਅਧੀਨ ਮਾਮਲਾ ਦਰਜ ਕਰਕੇ ਕਥਿਤ ਦੋਸ਼ੀਆਂ ਨੂੰ ਲੱਭਣ ਲਈ ਟੀਮ ਗਠਿਤ ਕਰ ਦਿੱਤੀ ਗਈ ਹੈ । ਪੁਲਸ ਵੱਲੋਂ ਦਰਜ ਕੀਤੀ ਐੱਫ.ਆਈ.ਆਰ. ਵਿੱਚ ਜਸਪ੍ਰੀਤ ਸਿੰਘ, ਕਾਕਾ ਸਿੰਘ, ਕਮੇਟੀ ਪ੍ਰਧਾਨ ਦਰਸ਼ਨ ਸਿੰਘ, ਖਜ਼ਾਨਚੀ ਜਗਜੀਤ ਸਿੰਘ ਤੋਂ ਇਲਾਵਾ ਜਸਪ੍ਰੀਤ ਸਿੰਘ ਦਾ ਮਾਮਾ ਅਤੇ ਦੋ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ।
ਇਹ ਵੀ ਪੜ੍ਹੋ- ਮਾਲੇਰਕੋਟਲਾ 'ਚ ਸ਼ਰਮਸਾਰ ਹੋਈ ਇਨਸਾਨੀਅਤ, ਗ੍ਰੰਥੀ ਦਾ ਮੂੰਹ ਕਾਲਾ ਕਰਕੇ ਕੀਤੀ ਕੁੱਟਮਾਰ (ਵੀਡੀਓ)
ਪੁਲਸ ਨੂੰ ਪੀੜਤ ਵਿਅਕਤੀ ਵੱਲੋਂ ਲਿਖਾਈ ਸ਼ਿਕਾਇਤ ਮੁਤਾਬਕ ਪਿੰਡ ਅਬਦੁੱਲਾਪੁਰ ਚਾਹਣਾ ਵਿਖੇ ਗ੍ਰੰਥੀ ਹਰਦੇਵ ਸਿੰਘ ਪੁੱਤਰ ਅਮਰ ਸਿੰਘ ਵਾਸੀ ਲੋਹਟਬੱਦੀ ਜ਼ਿਲ੍ਹਾ ਲੁਧਿਆਣਾ ਦੀ ਕੁੱਟਮਾਰ ਕਰਨ ਉਪਰੰਤ ਮੂੰਹ ਕਾਲਾ ਕੀਤਾ ਗਿਆ ਅਤੇ ਪਿਸ਼ਾਬ ਧੱਕੇ ਨਾਲ ਪਿਲਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ । ਇਹ ਵੀ ਦੱਸਣਯੋਗ ਹੈ ਕਿ ਕਥਿਤ ਤੌਰ 'ਤੇ ਗ੍ਰੰਥੀ ਨੂੰ ਕੁੱਟਣ ਵਾਲੇ ਨੌਜਵਾਨਾਂ ਨੇ ਆਪਣੇ ਮੋਬਾਇਲ ਵਿਚ ਹੀ ਵੀਡੀਓ ਬਣਾਈ ਸੀ ਜੋ ਕਿ ਫੇਸਬੁੱਕ 'ਤੇ ਅਪਲੋਡ ਕੀਤੀ ਗਈ ਸੀ ।ਜਿਸ ਤੋਂ ਬਾਅਦ ਪੀੜਤ ਨੇ ਸੈਂਟਰਲ ਵਾਲਮੀਕ ਸਭਾ ਦੇ ਕੌਮੀ ਪ੍ਰਧਾਨ ਗੇਜਾ ਰਾਮ ਬਾਲਮੀਕ ਨੂੰ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ ,ਜਿਨ੍ਹਾਂ ਇਹ ਲਿਖਤੀ ਸ਼ਿਕਾਇਤ ਵਿਜੈ ਸਾਂਪਲਾ ਚੇਅਰਮੈਨ ਐੱਸ.ਸੀ.ਐੱਸ.ਟੀ. ਕਮਿਸ਼ਨ ਭਾਰਤ ਸਰਕਾਰ ਆਈ.ਜੀ ਪਟਿਆਲਾ ਰੇਂਜ, ਮੁੱਖ ਮੰਤਰੀ ਪੰਜਾਬ ਅਤੇ ਗ੍ਰਹਿ ਵਿਭਾਗ ਨੂੰ ਭੇਜੀ ਸੀ। ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਸੰਦੌੜ ਦੀ ਪੁਲਸ ਨੇ ਉਕਤ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਸਖ਼ਤੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।
ਇਹ ਵੀ ਪੜ੍ਹੋ- ਬਰਨਾਲਾ 'ਚ ਰੂਹ ਕੰਬਾਊ ਘਟਨਾ, ਤੇਸ਼ 'ਚ ਆਏ ਭਾਣਜੇ ਨੇ ਗੰਡਾਸੇ ਮਾਰ ਕੀਤਾ ਮਾਮੇ ਦਾ ਕਤਲ
ਜ਼ਿਕਰਯੋਗ ਹੈ ਕਿ ਹਰਦੇਵ ਸਿੰਘ ਜੋ ਕਿ ਪਿੰਡ ਲੋਹਟਬੱਦੀ ਦਾ ਨਿਵਾਸੀ ਹੈ ਅਤੇ ਅਬਦੁੱਲਾਪੁਰ ਚੁਹਾਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕੁਝ ਸਮਾਂ ਪਹਿਲਾਂ ਤੋਂ ਗ੍ਰੰਥੀ ਸਿੰਘ ਦੀ ਡਿਊਟੀ ਨਿਭਾਅ ਰਿਹਾ ਸੀ ਪਰ ਹੁਣ ਉਹ ਪਿੰਡ ਸਿਰਥਲਾ ਵਿਖੇ ਗ੍ਰੰਥੀ ਸਿੰਘ ਦੀ ਸੇਵਾ ਨਿਭਾਅ ਰਿਹਾ ਸੀ, ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਸ ਨੂੰ ਖਾਣਾ ਖਵਾਉਣ ਲਈ ਜਸਪ੍ਰੀਤ ਸਿੰਘ, ਕਾਕਾ ਸਿੰਘ ਦੀ ਮਾਤਾ ਆਪਣੇ ਘਰ ਬੁਲਾ ਲੈਂਦੀ ਸੀ ਪਰ ਜਸਪ੍ਰੀਤ ਸਿੰਘ ਅਤੇ ਕਾਕਾ ਸਿੰਘ ਨੇ ਆਪਣੀ ਮਾਤਾ ਨਾਲ ਕਥਿਤ ਤੌਰ 'ਤੇ ਨਾਜਾਇਜ਼ ਸੰਬੰਧਾਂ ਦੇ ਸ਼ੱਕ ਕਰਦਿਆਂ ਇਸ ਘਟਨਾ ਨੂੰ ਅੰਜਾਮ ਦਿੱਤਾ। ਪੀੜਤ ਅਨੁਸਾਰ ਘਟਨਾ ਵਾਲੇ ਦਿਨ ਜਸਪ੍ਰੂੀਤ ਅਤੇ ਕਾਕਾ ਸਿੰਘ ਨੇ ਉਸਨੂੰ ਫੋਨ ਕਰਕੇ ਬਾਹਰ ਬੁਲਾਇਆ ਗਿਆ ਅਤੇ ਧੱਕੇ ਨਾਲ ਘਰ ਲੈ ਗਏ। ਜਿਸ ਤੋਂ ਬਾਅਦ ਉੁਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਜਾਤੀਸੂਚਕ ਸ਼ਬਦ ਬੋਲੇ । ਜਾਣਕਾਰੀ ਦਿੰਦਿਆਂ ਥਾਣਾ ਸੰਦੌੜ ਦੇ ਥਾਣਾ ਮੁਖੀ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁਕੱਦਮਾ ਨੰਬਰ 83 ਵਿੱਚ ਸਾਰੇ ਕਥਿਤ ਦੋਸ਼ੀਆਂ ਨੂੰ ਬਹੁਤ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।