ਕਈ ਸੌ ਕਰੋੜ ਰੁਪਏ ਦੀ ਬੋਗਸ ਬਿਲਿੰਗ ਕਰਨ ਦੇ ਦੋਸ਼ ’ਚ 6 ਖ਼ਿਲਾਫ ਮਾਮਲਾ ਦਰਜ

11/20/2021 9:09:39 PM

ਲੁਧਿਆਣਾ (ਗੌਤਮ, ਰਾਜ) : ਕਈ ਸੌ ਕਰੋੜ ਰੁਪਏ ਦੀ ਬੋਗਸ ਬਿਲਿੰਗ ਕਰ ਸੀ. ਜੀ. ਐੱਸ. ਟੀ. ਵਿਭਾਗ ਤੋਂ 14 ਕਰੋੜ ਰੁਪਏ ਦੇ ਜਾਅਲੀ ਇਨਪੁੱਟ ਕ੍ਰੈਡਿਟ ਆਈ. ਟੀ. ਸੀ. ਲੈਣ ਦੇ ਦੋਸ਼ ’ਚ ਪੁਲਸ ਨੇ 6 ਵਿਅਕਤੀਆਂ ਖ਼ਿਲਾਫ ਸਾਜ਼ਿਸ਼ ਦੇ ਤਹਿਤ ਫਰਜ਼ੀ ਦਸਤਾਵੇਜ਼ ਤਿਆਰ ਕਰਨ ਧੋਖਾਧੜੀ ਕਰਨ ਤੇ ਸੀ. ਜੀ. ਐੱਸ. ਟੀ. ਵਿਭਾਗ 132 ਐਕਟ 2017 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਕਤ ਮਾਮਲਾ ਥਾਣਾ ਪੀ. ਏ. ਯੂ. ’ਚ ਸੀ.ਜੀ.ਐੱਸ.ਟੀ. ਵਿਭਾਗ ’ਚ ਤਾਇਨਾਤ ਸੁਪਰਡੈਂਟ ਰੋਹਿਤ ਮੀਣਾ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ। ਸਾਰੇ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਪੁਲਸ ਨੇ ਮੁਲਜ਼ਮਾਂ ਦੀ ਪਛਾਣ ਮੁੱਖ ਮੁਲਜ਼ਮ ਨਰਿੰਦਰ ਚੁੱਘ, ਉਸ ਦੇ ਅਕਾਊਂਟੈਂਟ ਸਤੀਸ਼ ਸ਼ਰਮਾ, ਉਸ ਦੇ ਸਾਲੇ ਅਮਨ ਸੱਗੜ, ਰੋਹਿਤ ਕੁਮਾਰ, ਚਾਰਟਰਡ ਅਕਾਊਂਟੈਂਟ ਅੰਕੁਰ ਗਰਗ ਅਤੇ ਨੌਕਰ ਰਾਮ ਬਿਲਾਸ ਯਾਦਵ ਵਜੋਂ ਕੀਤੀ ਹੈ। ਇਸ ਸਬੰਧੀ ਵਿਭਾਗ ਵੱਲੋਂ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ ਸੀ ਅਤੇ ਪੁਲਸ ਨੇ ਮਾਮਲੇ ਦੀ ਜਾਂਚ ਕਰਨ ਉਪਰੰਤ ਡੀ. ਏ. ਲੀਗਲ ਦੀ ਸਿਫ਼ਾਰਿਸ਼ ’ਤੇ ਹੀ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ । ਦੋਸ਼ੀਆਂ ਨੂੰ ਫੜਨ ਲਈ ਪੁਲਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਗਈ ਹੈ। ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਉਨ੍ਹਾਂ ਲੋਕਾਂ ਦੇ ਨਾਂ ਵੀ ਸਾਹਮਣੇ ਆਉਣ ਦੀ ਉਮੀਦ ਹੈ, ਜਿਨ੍ਹਾਂ ਨਾਲ ਉਹ ਇਨ੍ਹਾਂ ਫਰਜ਼ੀ ਫਰਮਾਂ ਦੀ ਆੜ ’ਚ ਕਾਰੋਬਾਰ ਕਰ ਰਿਹਾ ਸੀ।

ਟੀਮ ਬਣਾ ਕੇ ਚੁੱਘ ਨੈੱਟਵਰਕ ਚਲਾ ਰਿਹਾ ਸੀ
ਪੁਲਸ ਕਮਿਸ਼ਨਰ ਨੂੰ ਦਿੱਤੀ ਗਈ ਸ਼ਿਕਾਇਤ ’ਚ ਸੀ.ਜੀ.ਐੱਸ.ਟੀ. ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਵਿਭਾਗ ਨੂੰ ਪਤਾ ਲੱਗਾ ਸੀ ਕਿ ਨਰਿੰਦਰ ਚੁੱਘ ਨੇ ਫਰਜ਼ੀ ਫਰਮਾਂ ਚਲਾ ਕੇ ਸਰਕਾਰ ਦੇ ਮਾਲੀਏ ’ਚ ਸੰਨ੍ਹ ਲਾਈ ਹੈ। ਜਿਸ ਨੇ ਅਸਲ ’ਚ ਬਿਨਾਂ ਕਿਸੇ ਖਰੀਦੋ-ਫਰੋਖਤ, ਮਸ਼ੀਨਰੀ ਦੀ ਹੀ ਬੋਗਸ ਬਿਲਿੰਗ ਕੀਤੀ ਹੈ। ਇਸ ਤੋਂ ਇਲਾਵਾ ਉਸ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਬਰਾਮਦਕਾਰਾਂ ਨੂੰ ਮਿਲਣ ਵਾਲੇ  ਲਾਭ ਵੀ ਲਏ ਹਨ। ਪਤਾ ਲੱਗਣ ’ਤੇ ਵਿਭਾਗ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਇਸ ਰੈਕੇਟ ਦਾ ਪਰਦਾਫਾਸ਼ ਹੋਇਆ। ਜਾਂਚ ਦੌਰਾਨ ਪਤਾ ਲੱਗਾ ਕਿ ਨਰਿੰਦਰ ਚੁੱਘ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ 18 ਫਰਜ਼ੀ ਫਰਮਾਂ ਖੋਲ੍ਹੀਆਂ ਸਨ, ਜਿਨ੍ਹਾਂ ’ਚ ਉਹ ਪੰਜਾਬ ਤੋਂ 12 ਅਤੇ ਹਰਿਆਣਾ ਤੇ ਨਵੀਂ ਦਿੱਲੀ ਤੋਂ 6 ਫਰਮਾਂ ਚਲਾ ਰਿਹਾ ਸੀ। ਇਨ੍ਹਾਂ ਫਰਮਾਂ ’ਚ ਹੋਰ ਦੋਸ਼ੀਆਂ ਦੀਆਂ ਉਸ ਨੇ ਵੱਖ-ਵੱਖ ਕੰਮਾਂ ਲਈ ਡਿਊਟੀਆਂ ’ਤੇ ਲਾਈਆਂ ਹੋਈਆਂ ਸਨ, ਜਿਸ ’ਚ ਫਰਮਾਂ ਦਾ ਹਿਸਾਬ ਕਿਤਾਬ ਉਸ ਦਾ ਅਕਾਊਂਟੈਂਟ ਸਤੀਸ਼ ਸ਼ਰਮਾ ਦੇਖਦਾ ਸੀ, ਵਿਭਾਗ ਨਾਲ ਕੰਮ ਕਰਨ ਵਾਲਾ ਉਸ ਦਾ ਚਾਰਟਰਡ ਅਕਾਊਂਟੈਂਟ ਅੰਕੁਰ ਗਰਗ, ਬੈਂਕਾਂ ’ਚ ਖਾਤਿਆਂ ਨੂੰ ਆਪ੍ਰੇਟ ਕਰਨ ਦਾ ਕੰਮ ਉਸ ਦਾ ਸਾਲਾ ਅਮਨ ਸੱਗੜ ਅਤੇ ਰੋਹਿਤ ਵਰਮਾ ਅਤੇ ਹੋਰ ਕੰਮ ਉਸ ਦਾ ਨੌਕਰ ਰਾਮ ਬਿਲਾਸ ਯਾਦਵ ਕਰਦਾ ਸੀ। ਇਨ੍ਹਾਂ ਸਾਰੀਆਂ ਫਰਮਾਂ ਦਾ ਕੰਮ ਨਰਿੰਦਰ ਚੁੱਘ ਖ਼ੁਦ ਕਰਦਾ ਸੀ ਅਤੇ ਬਾਕੀ ਸਾਰੇ ਲੋਕ ਉਨ੍ਹਾਂ ਦੇ ਨਿਰਦੇਸ਼ਾਂ 'ਤੇ ਕੰਮ ਕਰਦੇ ਸਨ।

ਖੁਦ ਚਲਾ ਰਿਹਾ ਸੀ ਨੈੱਟਵਰਕ, ਨਿਰਦੇਸ਼ ’ਤੇ ਕਰਵਾਉਂਦਾ ਸੀ ਕੰਮ
ਵਿਭਾਗੀ ਸੂਤਰਾਂ ਮੁਤਾਬਕ ਚੁੱਘ ਵਿਰੁੱਧ ਪਹਿਲਾਂ ਵੀ ਮਾਮਲੇ ਦਰਜ ਹਨ ਅਤੇ ਪਿਛਲੇ ਕਾਫੀ ਸਮੇਂ ਤੋਂ ਵਿਭਾਗ ਉਸ ਦੀ ਭਾਲ ਕਰ ਰਿਹਾ ਹੈ। ਉਸ ਦੇ ਵਿਰੁੱਧ ਪਹਿਲਾਂ ਵੀ ਕੇਂਦਰੀ ਏਜੰਸੀਆਂ ਵੱਲੋਂ ਮਾਮਲੇ ਦਰਜ ਕੀਤੇ ਗਏ ਸਨ, ਜੋ ਦਿੱਲੀ ਤੋਂ ਆ ਕੇ ਲੁਧਿਆਣਾ ’ਚ ਆਪਣਾ ਨੈੱਟਵਰਕ ਚਲਾ ਕੇ ਵਿਭਾਗ ਦੇ ਰੈਵੇਨਿਊ ’ਚ ਸੰਨ੍ਹ ਲਾ ਰਿਹਾ ਸੀ। ਵਿਭਾਗ ਨੂੰ ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਦੋਸ਼ੀਆਂ ’ਚੋਂ ਚੁੱਘ ਨੇ ਕਈਆਂ ਦੇ ਨਾਂ ’ਤੇ ਫਰਮਾਂ ਖੋਲ੍ਹੀਆਂ ਹੋਈਆਂ ਸਨ, ਕੁਝ ’ਚ ਇਨ੍ਹਾਂ ਲੋਕਾਂ ਨੂੰ ਪਾਰਟਨਰ, ਡਾਇਰੈਕਟਰ ਅਤੇ ਹੋਰ ਅਹੁਦੇ ਦਿੱਤੇ ਗਏ ਸਨ। ਇਨ੍ਹਾਂ ਫਰਜ਼ੀ ਫਰਮਾਂ ਨੂੰ ਚਲਾਉਣ ਲਈ ਉਸ ਨੇ ਕਈ ਪ੍ਰਾਈਵੇਟ ਬੈਂਕਾਂ ’ਚ ਇਨ੍ਹਾਂ 18 ਫਰਮਾਂ ਦੇ ਫਰਜ਼ੀ ਖਾਤੇ ਖੋਲ੍ਹੇ ਹੋਏ ਸਨ, ਜਿਨ੍ਹਾਂ ’ਚ ਦਿਨ ’ਚ ਲੱਖਾਂ ਰੁਪਏ ਦਾ ਲੈਣ-ਦੇਣ ਕੀਤਾ ਜਾ ਰਿਹਾ ਸੀ। ਵਿਭਾਗ ਤੋਂ ਜੀ. ਐੱਸ. ਟੀ. ਤੇ ਸੀ. ਜੀ. ਐੱਸ. ਟੀ. ਨੰਬਰ ਲੈਣ ਲਈ ਉਸ ਨੇ ਲੁਧਿਆਣਾ ’ਚ ਚਲਾਈਆਂ ਜਾ ਰਹੀਆਂ ਫਰਮਾਂ ਦੇ ਦਫ਼ਤਰ ਵੀ ਵੱਖ-ਵੱਖ ਇਲਾਕਿਆਂ 'ਚ ਖੋਲ੍ਹੇ ਹੋਏ ਸਨ, ਜਿਸ ਦੇ ਲਈ ਉਸ ਨੇ ਹੋਰ ਲੋਕਾਂ ਤੋਂ ਚੈੱਕਾਂ ’ਤੇ ਦਸਤਖਤ ਕਰਵਾ ਕੇ ਆਪਣੇ ਕੋਲ ਰੱਖੇ ਹੋਏ ਸਨ ਅਤੇ ਉਨ੍ਹਾਂ ਨੂੰ ਸਿਰਫ ਨਿਰਦੇਸ਼ ਦੇ ਕੇ ਉਨ੍ਹਾਂ ਤੋਂ ਕੰਮ ਕਰਵਾਉਂਦਾ ਸੀ।

ਸਬੂਤਾਂ ਨੂੰ ਨਸ਼ਟ ਕਰਨ ਦੀ ਕੀਤੀ ਗਈ ਕੋਸ਼ਿਸ਼
ਮਾਮਲੇ ਦੀ ਜਾਂਚ ਕਰਦੇ ਹੋਏ ਵਿਭਾਗ ਨੇ ਇਸੇ ਸਾਲ 24 ਫਰਵਰੀ ਨੂੰ ਨਵੀਂ ਦਿੱਲੀ ’ਚ ਚੁੱਘ ਦੇ ਘਰ 'ਤੇ ਛਾਪਾ ਮਾਰਿਆ ਸੀ ਪਰ ਉੱਥੇ ਨਾ ਤਾਂ ਨਰਿੰਦਰ ਚੁੱਘ ਅਤੇ ਨਾ ਹੀ ਉਨ੍ਹਾਂ ਦੇ ਘਰ ਦਾ ਕੋਈ ਮੈਂਬਰ ਮਿਲਿਆ ਸੀ। ਉਨ੍ਹਾਂ ਦੇ ਘਰ ਸੁਰੱਖਿਆ ਗਾਰਡ ਅਮਿਤ ਕੁਮਾਰ ਤਾਇਨਾਤ ਸੀ। ਛਾਪੇਮਾਰੀ ਦੌਰਾਨ ਅਮਿਤ ਦੇ ਮੋਬਾਈਲ ਅਤੇ ਵ੍ਹਟਸਐਪ ਦੀ ਕਾਲ ਡਿਟੇਲ ਚੈੱਕ ਕੀਤੀ ਗਈ ਤਾਂ ਉਸ ਨੂੰ ਚੁੱਘ ਦੇ ਪਰਿਵਾਰ ਵਾਲਿਆਂ ਦੀਆਂ ਕਾਲਾਂ ਬਾਰੇ ਪਤਾ ਲੱਗਾ ਅਤੇ ਉਸ ਦੇ ਵ੍ਹਟਸਐਪ ਤੋਂ ਚੁੱਘ ਦੀ ਨੂੰਹ ਦੇ ਆਡੀਓ ਸੰਦੇਸ਼ ਵੀ ਮਿਲੇ। ਇਸ ਦੀ ਜਾਂਚ ’ਚ ਇਹ ਪਾਇਆ ਗਿਆ ਕਿ ਉਸ ਨੂੰ ਸਾਰੀਆਂ ਮੋਬਾਈਲ ਕਾਲਾਂ ਅਤੇ ਵ੍ਹਟਸਐਪ ਮੈਸੇਜ ਡਿਲੀਟ ਕਰਨ ਲਈ ਕਿਹਾ ਗਿਆ ਸੀ ਅਤੇ ਕਿਸੇ ਨੂੰ ਵੀ ਕੁਝ ਵੀ ਦੱਸਣ ਤੋਂ ਮਨ੍ਹਾ ਕੀਤਾ ਗਿਆ ਸੀ। ਵਿਭਾਗ ਮੁਤਾਬਕ ਚੁੱਘ ਵੱਲੋਂ ਉਸ ਦੇ ਖਿਲਾਫ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਨ੍ਹਾਂ ਦੇ ਆਧਾਰ 'ਤੇ ਚੁੱਘ ਦੇ ਵੱਖ-ਵੱਖ ਕਾਰੋਬਾਰੀ ਟਿਕਾਣਿਆਂ 'ਤੇ ਛਾਪੇਮਾਰੀ ਵੀ ਕੀਤੀ ਗਈ ਪਰ ਉਥੇ ਵੀ ਚੁੱਘ ਨਹੀਂ ਮਿਲਿਆ।   

 

 

 

 


Manoj

Content Editor

Related News