ਪੁਲਸ ਮੁਲਾਜ਼ਮਾਂ 'ਤੇ ਹਮਲਾ ਕਰਨ ਵਾਲੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Wednesday, May 13, 2020 - 02:43 PM (IST)
ਜਲਾਲਾਬਾਦ (ਨਿਖੰਜ, ਜਤਿੰਦਰ) : ਬੀਤੇ ਦਿਨੀਂ ਸਥਾਨਕ ਮੰਨੇ ਵਾਲਾ ਰੋਡ ਨੇੜੇ ਰੇਲਵੇ ਫਾਟਕ ਵਿਖੇ ਡਿਊਟੀ 'ਤੇ ਤੈਨਾਤ ਪੰਜਾਬ ਪੁਲਸ ਦੇ ਮੁਲਾਜ਼ਮ ਅਤੇ ਪੰਜਾਬ ਹੋਮਗਾਰਡ ਦੇ ਜਵਾਨਾਂ 'ਤੇ ਹਮਲਾ ਕਰਨ ਵਾਲੇ 3 ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਿਟੀ ਜਲਾਲਾਬਾਦ ਦੇ ਏ. ਐੱਸ. ਆਈ. ਸਰਬਜੀਤ ਸਿੰਘ ਨੂੰ ਦਿੱਤੇ ਬਿਆਨਾਂ 'ਚ ਜ਼ਖਮੀ ਪੰਜਾਬ ਹੋਮਗਾਰਡ ਦੇ ਜਵਾਨ ਬਲਵਿੰਦਰ ਸਿੰਘ ਨੰਬਰ 7406 ਨੇ ਦੱਸਿਆ ਕਿ 11 ਮਈ ਦੀ ਰਾਤ ਨੂੰ ਉਹ ਸਾਥੀਆਂ ਸਮੇਤ ਡਿਊਟੀ 'ਤੇ ਤਾਇਨਾਤ ਸਨ। ਰਾਤ ਨੂੰ ਕਰੀਬ 8.30 ਵਜੇ ਦੇ ਕਰੀਬ ਰੇਲਵੇ ਸਾਈਡ ਵਲੋਂ ਆਏ ਵਿਅਕਤੀਆਂ ਨੇ ਪੁਲਸ ਪਾਰਟੀ 'ਤੇ ਹਮਲਾ ਕਰ ਦਿੱਤਾ।
ਜਿਸ ਦੇ ਆਧਾਰ 'ਤੇ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਵਿਅਕਤੀ ਮਲਕੀਤ ਸਿੰਘ ਪੁੱਤਰ ਮੁਖ਼ਤਿਆਰ ਸਿੰਘ , ਨਿਰਮਲ ਸਿੰਘ ਪੁੱਤਰ ਮਨਜੀਤ ਸਿੰਘ ਵਾਸੀਆਂ ਪੀਰ ਕੇ ਉਤਾੜ ਅਤੇ ਗੁਰਪਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਚੱਕ ਰੁੰਮ ਵਾਲਾ ਦੇ ਖ਼ਿਲਾਫ਼ ਧਾਰਾ 307/353, 332, 186, 34 ਆਈ. ਪੀ. ਸੀ ਦੇ ਅਧੀਨ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਸ਼ਹਿਰ ਦੇ ਮੰਨੇ ਵਾਲਾ ਰੋਡ ਫਾਟਕ 'ਤੇ ਦੇਰ ਰਾਤ ਕੁੱਝ ਅਣਪਛਾਤਿਆਂ ਵਲੋਂ ਪੁਲਸ ਮੁਲਾਜ਼ਮਾਂ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਇਸ ਦੌਰਾਨ 2 ਹੋਮ ਗਾਰਡ ਮੁਲਾਜ਼ਮ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਮਾਮਲੇ ਦੀ ਜਾਂਚ ਲਈ ਡੀ. ਐਸ. ਪੀ. ਜਸਪਾਲ ਸਿੰਘ ਢਿੱਲੋ ਤੇ ਐਸ. ਐਚ. ਓ. ਅਮਰਿੰਦਰ ਸਿੰਘ ਭੰਡਾਰੀ ਮੌਕੇ 'ਤੇ ਪੁੱਜੇ ਸਨ, ਜਿਨ੍ਹਾਂ ਵਲੋਂ ਇਲਾਕਾ ਸੀਲ ਕਰਵਾ ਦਿੱਤਾ ਗਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।