ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਕਾਂਗਰਸੀ ਵਿਧਾਇਕ ਧਾਲੀਵਾਲ ਖਿਲਾਫ਼ ਕੇਸ ਦਰਜ

Friday, Oct 25, 2019 - 11:45 PM (IST)

ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਕਾਂਗਰਸੀ ਵਿਧਾਇਕ ਧਾਲੀਵਾਲ ਖਿਲਾਫ਼ ਕੇਸ ਦਰਜ

ਫਗਵਾੜਾ(ਹਰਜੋਤ)-ਫਗਵਾੜਾ 'ਚ ਹੋਈ ਜ਼ਿਮਨੀ ਚੋਣ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਮਾਮਲੇ 'ਚ ਪੁਲਸ ਨੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਖਿਲਾਫ਼ ਕੇਸ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ 21 ਅਕਤੂਬਰ ਨੂੰ ਫਗਵਾੜਾ ਵਿਖੇ ਹੋਈ ਜ਼ਿਮਨੀ ਚੋਣ ਦੌਰਾਨ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਆਪਣੇ ਪਰਿਵਾਰ ਸਮੇਤ ਬੂਥ ਨੰ. 184, ਜੋ ਮਾਰਕੀਟ ਕਮੇਟੀ ਦਫ਼ਤਰ 'ਚ ਬਣਿਆ ਸੀ, ਜਦੋਂ ਉਹ ਉੱਥੇ ਵੋਟ ਪਾਉਣ ਗਏ ਤਾਂ ਉਨ੍ਹਾਂ ਨੇ ਗੱਲ 'ਚ ਕਾਂਗਰਸ ਪਾਰਟੀ ਦੇ ਨਿਸ਼ਾਨ ਦਾ ਮਫ਼ਰਲ ਗੱਲੇ 'ਚ ਪਾਇਆ ਹੋਇਆ ਸੀ। ਜਿਸ ਦੀ ਸ਼ਿਕਾਇਤ ਅਕਾਲੀ-ਭਾਜਪਾ ਉਮੀਦਵਾਰ ਰਾਜੇਸ਼ ਬਾਘਾ ਨੇ ਮੌਕੇ 'ਤੇ ਭਾਰਤ ਚੋਣ ਕਮਿਸ਼ਨ, ਪੰਜਾਬ ਚੋਣ ਕਮਿਸ਼ਨ, ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਡੀ. ਪੀ. ਐੱਸ. ਖਰਬੰਦਾ ਨੂੰ ਕੀਤੀ ਸੀ। ਜਿਸ ਉਪਰੰਤ ਚੋਣ ਕਮਿਸ਼ਨ ਵੱਲੋਂ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ।

ਇਸ ਦੌਰਾਨ ਚੋਣ ਕਮਿਸ਼ਨ ਨੇ ਰਿਟਰਨਿੰਗ ਅਫ਼ਸਰ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਉਹ ਸੀ. ਈ. ਓ. ਪੰਜਾਬ ਡਾ. ਐੱਸ. ਕਰੁਣਾ ਰਾਜੂ ਅਤੇ ਚੋਣ ਆਬਜ਼ਰਵਰ ਸੌਰਵ ਭਗਤ ਦੇ ਨਿਰਦੇਸ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਇਸ ਮਾਮਲੇ ਦੀ ਜਾਂਚ ਕਰਨ। ਜਿਸ 'ਤੇ ਐੱਸ. ਡੀ. ਐੱਮ. ਮੁਹੰਮਦ ਲਤੀਫ਼ ਵੱਲੋਂ ਇਸ ਸਬੰਧੀ ਆਪਣੀ ਰਿਪੋਰਟ ਬਣਾ ਕੇ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਗਈ ਸੀ। ਇਸ ਸਬੰਧੀ ਐੱਸ. ਪੀ. ਮਨਵਿੰਦਰ ਸਿੰਘ ਨੇ ਦੱਸਿਆ ਕਿ ਫਗਵਾੜਾ ਪੁਲਸ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਖਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਲੋਕ ਪ੍ਰਤੀਨਿਧਤਾ ਐਕਟ 1950/1951/1989 ਦੀ ਧਾਰਾ 130 ਤਹਿਤ ਕੇਸ ਦਰਜ ਕਰ ਲਿਆ ਹੈ।


author

Karan Kumar

Content Editor

Related News