ਸਕੂਲ ਦੀ ਗ੍ਰਾਂਟ ''ਚ ਹੇਰਫੇਰ ਤੇ ਰਿਕਾਰਡ ਨਾਲ ਛੇੜਛਾੜ ''ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਸਣੇ 7 ''ਤੇ ਪਰਚਾ

Wednesday, Feb 05, 2025 - 07:54 PM (IST)

ਸਕੂਲ ਦੀ ਗ੍ਰਾਂਟ ''ਚ ਹੇਰਫੇਰ ਤੇ ਰਿਕਾਰਡ ਨਾਲ ਛੇੜਛਾੜ ''ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਸਣੇ 7 ''ਤੇ ਪਰਚਾ

ਫਰੀਦਕੋਟ (ਜਗਤਾਰ ਦੁਸਾਂਝ) : ਫਰੀਦਕੋਟ ਦੇ ਪਿੰਡ ਘੁਗਿਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਗ੍ਰਾਂਟਾਂ ਦੀ ਹੇਰ ਫੇਰ ਅਤੇ ਰਿਕਾਰਡ ਨਾਲ ਛੇੜਛਾੜ ਕਰਨ ਦੇ ਮਾਮਲੇ ਵਿੱਚ ਪੁਲਸ ਨੇ ਸਿੱਖਿਆ ਵਿਭਾਗ ਦੇ 6 ਅਧਿਕਾਰੀਆਂ ਸਮੇਤ ਕੁੱਲ ਸੱਤ ਲੋਕਾਂ ਦੇ ਖਿਲਾਫ ਥਾਣਾ ਸਦਰ ਵਿਖੇ ਧੋਖਾਧੜੀ ਅਤੇ ਜਾਲਸਾਜੀ ਦਾ ਮੁਕੱਦਮਾ ਦਰਜ ਕੀਤਾ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਪੂਰਾ ਮਾਮਲਾ ਸਾਲ 2019 ਨਾਲ ਸੰਬੰਧਿਤ ਹੈ ਅਤੇ ਇਸ ਮਾਮਲੇ ਵਿੱਚ ਸਾਦਿਕ ਦੇ ਰਹਿਣ ਵਾਲੇ ਰਾਜਵੀਰ ਸਿੰਘ ਬਰਾੜ ਨਾਮਕ ਵਿਅਕਤੀ ਵੱਲੋਂ ਸਿੱਖਿਆ ਵਿਭਾਗ ਨੂੰ ਸ਼ਿਕਾਇਤ ਦਿੱਤੀ ਗਈ ਸੀ ਤੇ ਕਈ ਵਾਰ ਪੜਤਾਲ ਹੋਣ ਤੋਂ ਬਾਅਦ ਇਸ ਮਾਮਲੇ 'ਚ ਸੈਂਟਰ ਹੈਡ ਟੀਚਰ ਜਸਕੇਵਲ ਸਿੰਘ ਤੋਂ ਇਲਾਵਾ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਧੰਨਾ ਸਿੰਘ ਦਿਓਲ, ਜ਼ਿਲ੍ਹਾ ਸਿੱਖਿਆ ਵਿਭਾਗ ਦਫਤਰ ਦੇ ਸੀਨੀਅਰ ਸਹਾਇਕ ਸੁਖਜਿੰਦਰ ਸਿੰਘ ਅਤੇ ਤਿੰਨ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਰਾਜਵਿੰਦਰ ਕੌਰ, ਵਰਿੰਦਰ ਕੁਮਾਰ, ਸੁਧਾ ਤੋਂ ਇਲਾਵਾ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਨਛੱਤਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ।

ਜਾਣਕਾਰੀ ਦੇ ਮੁਤਾਬਕ ਸਾਦਿਕ ਨਿਵਾਸੀ ਰਾਜਵੀਰ ਸਿੰਘ ਬਰਾੜ ਵੱਲੋਂ ਘੁਗਿਆਣਾ ਦੇ ਉਕਤ ਸਰਕਾਰੀ ਸਕੂਲ ਤੋਂ ਆਰਟੀਆਈ ਐਕਟ ਦੇ ਤਹਿਤ ਇਕ ਜਾਣਕਾਰੀ ਮੰਗੀ ਸੀ ਜਿਸ ਤੋਂ ਬਾਅਦ ਇਸ ਮਾਮਲੇ ਦਾ ਖੁਲਾਸਾ ਹੋਇਆ ਜਿਸ ਵਿੱਚ ਨਾ ਸਿਰਫ ਸਕੂਲ ਵਿੱਚ ਸਰਕਾਰੀ ਗ੍ਰਾਂਟ ਦੀ ਦੁਰਵਰਤੋਂ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਬਲਕਿ ਸਰਕਾਰੀ ਰਿਕਾਰਡ ਵਿੱਚ ਵੀ ਛੇੜਛਾੜ ਕੀਤੇ ਜਾਣ ਦੀ ਪੁਸ਼ਟੀ ਹੋਈ। ਇਸ ਪੂਰੇ ਮਾਮਲੇ ਵਿੱਚ ਸਿੱਖਿਆ ਵਿਭਾਗ ਦੀ ਸਿਫਾਰਿਸ਼ ਅਤੇ ਪੁਲਸ ਨੇ ਆਪਣੀ ਪੜਤਾਲ ਤੋਂ ਬਾਅਦ ਥਾਣਾ ਸਦਰ ਵਿਖੇ ਮੁਕਦਮਾ ਦਰਜ ਕੀਤਾ ਹੈ।

ਇਸ ਪੂਰੇ ਮਾਮਲੇ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਅੰਜਨਾ ਕੌਸ਼ਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਸਿੱਖਿਆ ਵਿਭਾਗ ਨੇ ਪੁਲਸ ਨੂੰ ਕਾਰਵਾਈ ਲਈ ਸਿਫਾਰਿਸ਼ ਕੀਤੀ ਸੀ ਪਰ ਹਾਲੇ ਤੱਕ ਉਹਨਾਂ ਕੋਲੇ ਇਸ ਸਬੰਧ ਵਿੱਚ ਐੱਫਆਈਆਰ ਦਰਜ ਹੋਣ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ।  ਉਧਰ ਦੂਜੇ ਪਾਸੇ ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਸ਼ਿਕਾਇਤ 'ਤੇ ਪੜਤਾਲ ਤੋਂ ਬਾਅਦ ਪੁਲਸ ਦੀ ਕੁੱਲ ਸੱਤ ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


author

Baljit Singh

Content Editor

Related News